ਟਰੰਪ ਦਾ ਅਸਰ, ਪ੍ਰਵਾਸੀਆਂ ਦਾਖਲਾ ਬੰਦ ਕਰੇਗਾ ਕੈਨੇਡਾ

ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ੇ ਨੇ ਰੰਗ ਫੜ ਲਿਆ ਹੈ ਅਤੇ ਹੁਣ ਕੈਨੇਡਾ ਵਿਚ ਵੀ ਪ੍ਰਵਾਸੀਆਂ ਦੇ ਦਾਖਲੇ ’ਤੇ ਰੋਕ ਲਾਈ ਜਾ ਰਹੀ ਹੈ।;

Update: 2025-02-25 13:29 GMT

ਔਟਵਾ : ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ੇ ਨੇ ਰੰਗ ਫੜ ਲਿਆ ਹੈ ਅਤੇ ਹੁਣ ਕੈਨੇਡਾ ਵਿਚ ਵੀ ਪ੍ਰਵਾਸੀਆਂ ਦੇ ਦਾਖਲੇ ’ਤੇ ਰੋਕ ਲਾਈ ਜਾ ਰਹੀ ਹੈ। ਜੀ ਹਾਂ, ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਮਾਰਕ ਕਾਰਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਬਣਨ ਦੀ ਸੂਰਤ ਵਿਚ ਉਹ ਕੈਨੇਡਾ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਸੀਮਤ ਕਰ ਦੇਣਗੇ। ਮਾਰਕ ਕਾਰਨੀ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਵਿਚ ਮੌਜੂਦ ਲੱਖਾਂ ਪ੍ਰਵਾਸੀਆਂ ਬਾਰੇ ਫ਼ਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ। ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਦਾ ਕਹਿਣਾ ਸੀ ਕਿ ਇੰਮੀਗ੍ਰੇਸ਼ਨ ਉਤੇ ਰੋਕ ਉਸ ਵੇਲੇ ਤੱਕ ਬਰਕਰਾਰ ਰਹੇਗੀ ਜਦੋਂ ਤੱਕ ਹਾਲਾਤ ਸੁਖਾਵੇਂ ਨਹੀਂ ਹੋ ਜਾਂਦੇ ਅਤੇ ਕੋਰੋਨਾ ਤੋਂ ਪਹਿਲਾਂ ਵਰਗਾ ਮਾਹੌਲ ਨਹੀਂ ਬਣ ਜਾਂਦਾ। 31 ਜਨਵਰੀ 2025 ਤੱਕ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਕੋਲ 20 ਲੱਖ 76 ਹਜ਼ਾਰ ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿਚੋਂ 11 ਲੱਖ 84 ਹਜ਼ਾਰ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ-ਅੰਦਰ ਨਿਪਟਾਏ ਜਾਣ ਦੇ ਆਸਾਰ ਹਨ ਪਰ 8 ਲੱਖ 92 ਹਜ਼ਾਰ ਤੋਂ ਵੱਧ ਬੈਕਲਾਗ ਵਿਚ ਮੰਨੀਆਂ ਜਾ ਰਹੀਆਂ ਹਨ।

20 ਲੱਖ 76 ਹਜ਼ਾਰ ਇੰਮੀਗ੍ਰੇਸ਼ਨ ਅਰਜ਼ੀਆਂ ਬਕਾਇਆ

ਇੰਮੀਗ੍ਰੇਸ਼ਨ ਮੰਤਰਾਲੇ ਮੁਤਾਬਕ ਜਨਵਰੀ 2025 ਦੌਰਾਨ 66,600 ਸਟੱਡੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਿਨ੍ਹਾਂ ਵਿਚ ਵੀਜ਼ਾ ਐਕਸਟੈਨਸ਼ਨ ਵਾਲੀਆਂ ਅਰਜ਼ੀਆਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 1 ਲੱਖ 37 ਹਜ਼ਾਰ ਤੋਂ ਵੱਧ ਵਰਕ ਪਰਮਿਟ ਅਰਜ਼ੀਆਂ ਦਾ ਨਿਪਟਾਰਾ ਵੀ ਸਾਲ ਦੇ ਪਹਿਲੇ ਮਹੀਨੇ ਦੌਰਾਨ ਕੀਤਾ ਗਿਆ। ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੀਆਂ 9 ਲੱਖ 98 ਹਜ਼ਾਰ ਅਰਜ਼ੀਆਂ ਇੰਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਹਨ ਜਿਨ੍ਹਾਂ ਵਿਚੋਂ 5 ਲੱਖ 4 ਹਜ਼ਾਰ ਅਰਜ਼ੀਆਂ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਪ੍ਰੋਸੈਸ ਕੀਤੇ ਜਾਣ ਦੇ ਆਸਾਰ ਹਨ। ਇਸੇ ਤਰ੍ਹਾਂ ਪਰਮਾਨੈਂਟ ਰੈਜ਼ੀਡੈਂਸੀ ਦੀਆਂ 8 ਲੱਖ 40 ਹਜ਼ਾਰ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਚੱਲ ਰਹੀਆਂ ਹਨ ਅਤੇ ਇਨ੍ਹਾਂ ਵਿਚੋਂ 4 ਲੱਖ 83 ਹਜ਼ਾਰ ਦਾ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ 3,300 ਮੁਲਾਜ਼ਮਾਂ ਦੀ ਛਾਂਟੀ ਕਰ ਦਿਤੀ ਗਈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇੰਮੀਗ੍ਰੇਸ਼ਨ ਦੇ ਪੱਧਰ ਵਿਚ ਆਈ ਕਮੀ ਅਤੇ ਫੰਡਾਂ ਦੀ ਘਾਟ ਦੇ ਮੱਦੇਨਜ਼ਰ ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾ ਰਹੀ ਹੈ ਅਤੇ ਇਸ ਖੱਪੇ ਨੂੰ ਆਰਜ਼ੀ ਕਾਮਿਆਂ ਰਾਹੀਂ ਪੂਰਨ ਦੇ ਯਤਨ ਕੀਤੇ ਜਾਣਗੇ। ਆਈ.ਆਰ.ਸੀ.ਸੀ. ਵੱਲੋਂ ਜਾਰੀ ਬਿਆਨ ਮੁਤਾਬਕ ਮੁਲਾਜ਼ਮਾਂ ਦੀ ਛਾਂਟੀ ਨਾਲ ਘਰੇਲੂ ਅਤੇ ਕੌਮਾਤਰੀ ਪੱਧਰ ’ਤੇ ਕੰਮਕਾਜ ਪ੍ਰਭਾਵਤ ਹੋਵੇਗਾ ਪਰ ਕਟੌਤੀਆਂ ਰਾਹੀਆਂ ਪ੍ਰਭਾਵਤ ਹੋਣ ਵਾਲੇ 80 ਫ਼ੀ ਸਦੀ ਕੰਮਕਾਜ ਨੂੰ ਮੌਜੂਦਾ ਸਟਾਫ਼ ਦੀ ਵਚਨਬੱਧਤਾ ਅਤੇ ਆਰਜ਼ੀ ਕਾਮਿਆਂ ਰਾਹੀਂ ਨੇਪਰੇ ਚਾੜ੍ਹਿਆ ਜਾਵੇਗਾ ਜਦਕਿ 20 ਫੀ ਸਦੀ ਕੰਮਕਾਜ ਕਾਮਿਆਂ ਦੀ ਐਡਜਸਟਮੈਂਟ ਰਾਹੀਂ ਨਿਪਟਾਉਣ ਦੇ ਯਤਨ ਕੀਤੇ ਜਾਣਗੇ।

ਗੈਰਕਾਨੂੰਨੀ ਪ੍ਰਵਾਸੀਆਂ ਬਾਰੇ ਮਾਰਕ ਕਾਰਨੀ ਵੱਲੋਂ ਕੋਈ ਜ਼ਿਕਰ ਨਹੀਂ

ਕੈਨੇਡਾ ਦੇ ਖ਼ਜ਼ਾਨਾ ਬੋਰਡ ਦੇ ਸਕੱਤਰੇਤ ਮੁਤਾਬਕ 2024 ਵਿਚ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਮੁਲਾਜ਼ਮਾਂ ਦੀ ਗਿਣਤੀ 13,092 ਦਰਜ ਕੀਤੀ ਗਈ ਜੋ 2022 ਦੇ 10,248 ਦੇ ਅੰਕੜੇ ਅਤੇ 2019 ਦੇ 7,800 ਦੇ ਅੰਕੜੇ ਤੋਂ ਕਿਤੇ ਵੱਧ ਬਣਦੀ ਹੈ। ਸਰਕਾਰ ਦੇ ਸਾਲਾਨਾ ਬਜਟ ਮੁਤਾਬਕ ਆਉਂਦੇ ਚਾਰ ਸਾਲ ਦੌਰਾਨ ਸਰਕਾਰੀ ਦਫ਼ਤਰਾਂ ਵਿਚੋਂ ਪੰਜ ਹਜ਼ਾਰ ਮੁਲਾਜ਼ਮ ਘਟਾਏ ਜਾਣਗੇ। ਐਨ.ਡੀ.ਪੀ. ਦੀ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਆਲੋਚਕ ਜੈਨੀ ਕਵੈਨ ਨੇ ਦੋਸ਼ ਲਾਇਆ ਕਿ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਪਹਿਲਾਂ ਹੀ ਸਿਰ ਚੜ੍ਹ ਬੋਲ ਰਿਹਾ ਹੈ ਅਤੇ ਹੁਣ ਮੁਲਾਜ਼ਮਾਂ ਦੀ ਕਟੌਤੀ ਹਾਲਾਤ ਹੋਰ ਬਦਤਰ ਬਣਾ ਦੇਵੇਗੀ। ਉਨ੍ਹਾਂ ਮਿਸਾਲ ਪੇਸ਼ ਕੀਤੀ ਕਿ ਸਪਾਊਜ਼ਲ ਸਪੌਂਸਰਸ਼ਿਪ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 24 ਮਹੀਨੇ ਤੱਕ ਪੁੱਜ ਚੁੱਕਾ ਹੈ।

Tags:    

Similar News