ਟਰੰਪ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਨੇ ਫੜੇ 55 ਕੈਨੇਡੀਅਨ

ਇੰਮੀਗ੍ਰੇਸ਼ਨ ਵਕੀਲਾਂ ਦੀ ਚਿਤਾਵਨੀ ਬਿਲਕੁਲ ਸੱਚ ਸਾਬਤ ਹੋ ਰਹੀ ਹੈ ਅਤੇ ਇਸ ਵੇਲੇ ਘੱਟੋ ਘੱਟ 55 ਕੈਨੇਡੀਅਨ ਟਰੰਪ ਸਰਕਾਰ ਦੀ ਹਿਰਾਸਤ ਵਿਚ ਹਨ।

Update: 2025-07-08 11:39 GMT

ਮੌਂਟਰੀਅਲ : ਇੰਮੀਗ੍ਰੇਸ਼ਨ ਵਕੀਲਾਂ ਦੀ ਚਿਤਾਵਨੀ ਬਿਲਕੁਲ ਸੱਚ ਸਾਬਤ ਹੋ ਰਹੀ ਹੈ ਅਤੇ ਇਸ ਵੇਲੇ ਘੱਟੋ ਘੱਟ 55 ਕੈਨੇਡੀਅਨ ਟਰੰਪ ਸਰਕਾਰ ਦੀ ਹਿਰਾਸਤ ਵਿਚ ਹਨ। ਮਾਰਚ ਵਿਚ ਗ੍ਰਿਫ਼ਤਾਰ ਹੋਈ ਜੈਸਮਿਨ ਮੂਨੀ ਭਾਵੇਂ ਦੋ ਹਫ਼ਤੇ ਬਾਅਦ ਰਿਹਾਅ ਹੋ ਗਈ ਪਰ ਪਾਓਲਾ ਕਾਇਹਾਸ ਐਨੀ ਖੁਸ਼ਕਿਸਮਤ ਨਹੀਂ ਜੋ ਅਪ੍ਰੈਲ ਤੋਂ ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਦੀ ਹਿਰਾਸਤ ਵਿਚ ਹੈ ਅਤੇ ਮੌਂਟਰੀਅਲ ਵਿਖੇ ਰਹਿੰਦੇ ਉਸ ਦੇ ਪਰਵਾਰ ਵੱਲੋਂ ਹਜ਼ਾਰਾਂ ਡਾਲਰ ਖਰਚ ਕਰਨ ਦੇ ਬਾਵਜੂਦ ਰਿਹਾਈ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਪਾਓਲਾ ਦੀ ਮਾਤਾ ਮਾਰੀਆ ਐਸਟੈਲਾ ਨੇ ਕਿਹਾ ਕਿ ਟਰੰਪ ਸਰਕਾਰ ਬਗੈਰ ਕਿਸੇ ਕਸੂਰ ਤੋਂ ਲੋਕਾਂ ਨੂੰ ਸਜ਼ਾ ਦੇ ਰਹੀ ਹੈ।

ਅਪ੍ਰੈਲ ’ਚ ਗ੍ਰਿਫ਼ਤਾਰ ਕੈਨੇਡੀਅਨ ਔਰਤ ਕਰ ਰਹੀ ਰਿਹਾਈ ਦੀ ਫਰਿਆਦ

ਪਾਓਲਾ ਪਿਛਲੇ ਕਈ ਵਰਿ੍ਹਆਂ ਤੋਂ ਅਮਰੀਕਾ ਦੇ ਗੇੜੇ ਲਾ ਰਹੀ ਹੈ ਅਤੇ ਉਸ ਨੇ ਫਲੋਰੀਡਾ ਵਿਖੇ ਪ੍ਰੌਪਰਟੀ ਵੀ ਖਰੀਦੀ। ਗ੍ਰਿਫ਼ਤਾਰ ਵੇਲੇ ਪਾਓਲਾ ਦੀ ਵੀਜ਼ਾ ਅਰਜ਼ੀ ਪ੍ਰੌਸੈਸਿੰਗ ਵਿਚੋਂ ਲੰਘ ਰਹੀ ਸੀ ਪਰ ਇਸੇ ਦੌਰਾਨ ਉਸ ਦਾ ਆਪਣੇ ਬੁਆਏ ਫਰੈਂਡ ਨਾਲ ਝਗੜਾ ਹੋ ਗਿਆ। ਪਾਓਲਾ ਦੀ ਮਾਤਾ ਮੁਤਾਬਕ ਬੁਆਏ ਫਰੈਂਡ ਨੇ ਉਨ੍ਹਾਂ ਦੀ ਬੇਟੀ ਕੁੱਟਿਆ ਅਤੇ ਜਦੋਂ ਉਸ ਨੇ ਪੁਲਿਸ ਨੂੰ ਫੋਨ ਕਰਨ ਦਾ ਯਤਨ ਕੀਤਾ ਤਾਂ ਖਿੱਚ-ਧੂਹ ਦੌਰਾਨ ਬੁਆਏ ਫਰੈਂਡ ਦੀ ਬਾਂਹ ’ਤੇ ਘਰੂਟ ਵੱਜ ਗਿਆ। ਇਸ ਮਗਰੋਂ ਬੁਆਏ ਫਰੈਂਡ ਨੇ ਪੁਲਿਸ ਸੱਦ ਲਈ ਪਾਓਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਤੱਕ ਪਾਓਲਾ ਨੂੰ ਪਤਾ ਨਹੀਂ ਕਿੰਨੇ ਡਿਟੈਨਸ਼ਨ ਸੈਂਟਰਾਂ ਵਿਚ ਲਿਜਾਇਅ ਜਾ ਚੁੱਕਾ ਹੈ। ਕਈ ਵਾਰ ਉਸ ਦੀ ਬੈਰਕ ਵਿਚ ਛੇ-ਸੱਤ ਜਣੇ ਬੰਦ ਹੁੰਦੇ ਹਨ। ਇਸ ਵੇਲੇ ਪਾਓਲਾ ਐਰੀਜ਼ੋਨਾ ਦੇ ਡਿਟੈਨਸ਼ਨ ਸੈਂਟਰ ਵਿਚ ਹੈ ਅਤੇ ਮੌਕੇ ’ਤੇ ਤੈਨਾਤ ਅਫਸਰਾਂ ਨੇ ਉਸ ਦੀ ਐਂਗਜ਼ਾਇਟੀ ਦੀ ਦਵਾਈ ਖੋਹ ਲਈ। ਪਾਓਲਾ ਦੇ ਮੌਜੂਦਾ ਹਾਲਾਤ ਬਾਰੇ ਪਰਵਾਰ ਨੂੰ ਕੋਈ ਜਾਣਕਾਰੀ ਨਹੀਂ।

ਇੰਮੀਗ੍ਰੇਸ਼ਨ ਵਕੀਲਾਂ ਦੀ ਚਿਤਾਵਨੀ ਸੱਚ ਸਾਬਤ ਹੋਈ

ਕੈਨੇਡਾ ਦੇ ਗਲੋਬਲ ਅਫੇਅਰਜ਼ ਮੰਤਰਾਲੇ ਦਾ ਕਹਿਣਾ ਹੈ ਕਿ ਨਿਜਤਾ ਦਾ ਖਿਆਲ ਰਖਦਿਆਂ ਪਾਓਲਾ ਮਾਮਲੇ ਬਾਰੇ ਮੀਡੀਆ ਨੂੰ ਜਾਣਕਾਰੀ ਨਹੀਂ ਦਿਤੀ ਜਾ ਸਕਦੀ। ਮੰਤਰਾਲੇ ਨੇ ਅੱਗੇ ਕਿਹਾ ਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੀ ਹਿਰਾਸਤ ਵਿਚ 55 ਕੈਨੇਡੀਅਨ ਹੋ ਸਕਦੇ ਹਨ ਪਰ ਇਹ ਅੰਕੜਾ ਉਪਰ ਹੇਠਾਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ 49 ਸਾਲ ਦੇ ਕੈਨੇਡੀਅਨ ਨਾਗਰਿਕ ਨੇ ਇੰਮੀਗ੍ਰੇਸ਼ਨ ਹਿਰਾਸਤ ਵਿਚ ਦਮ ਤੋੜ ਦਿਤਾ ਜਿਸ ਨੂੰ ਮਈ ਵਿਚ ਕਾਬੂ ਕੀਤਾ ਗਿਆ ਸੀ। ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਇੰਮੀਗ੍ਰੇਸ਼ਨ ਵਕੀਲਾਂ ਵੱਲੋਂ ਆਪਣੇ ਕਲਾਈਂਟਸ ਨੂੰ ਪਹਿਲਾਂ ਹੀ ਸੁਚੇਤ ਕਰ ਦਿਤਾ ਗਿਆ ਸੀ ਕਿ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਪੁੱਛ-ਪੜਤਾਲ ਵਾਸਤੇ ਤਿਆਰ ਰਹਿਣ। ਇਥੋਂ ਤੱਕ ਕਿ ਮੋਬਾਈਲ ਫੋਨ ਵਿਚ ਕਿਸੇ ਪਾਰਟੀ ਵਿਸ਼ੇਸ਼ ਦੀ ਹਮਾਇਤ ਵਾਲੀ ਕੋਈ ਤਸਵੀਰ ਜਾਂ ਵੀਡੀਓ ਵੀ ਨਹੀਂ ਹੋਣੀ ਚਾਹੀਦੀ ਅਤੇ ਕਿਸੇ ਪਾਰਟੀ ਦੀ ਰੈਲੀ ਵਿਚ ਸ਼ਾਮਲ ਹੋਣ ਦੇ ਯਤਨ ਨਾ ਕੀਤੇ ਜਾਣ। ਇੰਮੀਗ੍ਰੇਸ਼ਨ ਵਿਭਾਗ ਦੀ ਮੁਹਿੰਮ ਤਹਿਤ ਮੁਢਲੇ ਤੌਰ ’ਤੇ ਸਿਰਫ਼ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਹੀ ਕਾਰਵਾਈ ਕੀਤੀ ਗਈ ਪਰ ਹੁਣ ਅਮਰੀਕਾ ਦੇ ਗਰੀਨ ਕਾਰਡ ਹੋਲਡਰਾਂ ਤੋਂ ਲੈ ਕੇ ਨਾਗਰਿਕਾਂ ਤੱਕ ਹਰ ਇਨਸਾਨ ਨਿਸ਼ਾਨੇ ’ਤੇ ਹੈ। ਟਰੰਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ 8 ਲੱਖ ਤੋਂ ਵੱਧ ਕੈਨੇਡੀਅਨ ਅਮਰੀਕਾ ਵਿਚ ਕੰਮ ਕਰ ਰਹੇ ਸਨ ਅਤੇ ਕੌਮਾਂਤਰੀ ਸਰਹੱਦ ਰਾਹੀਂ ਰੋਜ਼ਾਨਾ 4 ਲੱਖ ਲੋਕਾਂ ਦੀ ਆਵਾਜਾਈ ਹੁੰਦੀ ਸੀ ਪਰ ਫਰਵਰੀ ਮਹੀਨੇ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਵਿਚ 5 ਲੱਖ ਦੀ ਵੱਡੀ ਕਮੀ ਦਰਜ ਕੀਤੀ ਗਈ।

Tags:    

Similar News