ਟਰੰਪ ਦਾ ਕੈਨੇਡਾ ਦੇ ਪ੍ਰੀਮੀਅਰ ਨਾਲ ਪਿਆ ਪੇਚਾ

ਰਾਸ਼ਟਰਪਤੀ ਡੌਨਲਡ ਟਰੰਪ ਆਪੇ ਤੋਂ ਬਾਹਰ ਹੋ ਗਏ ਜਦੋਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕਾ ਦੇ ਤਿੰਨ ਰਾਜਾਂ ਦੀ ਬਿਜਲੀ ਸਪਲਾਈ ਬੰਦ ਕਰਨ ਦੀ ਧਮਕੀ ਦੇ ਦਿਤੀ।;

Update: 2025-03-11 12:07 GMT

ਟੋਰਾਂਟੋ/ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਆਪੇ ਤੋਂ ਬਾਹਰ ਹੋ ਗਏ ਜਦੋਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕਾ ਦੇ ਤਿੰਨ ਰਾਜਾਂ ਦੀ ਬਿਜਲੀ ਸਪਲਾਈ ਬੰਦ ਕਰਨ ਦੀ ਧਮਕੀ ਦੇ ਦਿਤੀ। ਕੈਨੇਡੀਅਨ ਸੂਬੇ ਦੇ ਪ੍ਰੀਮੀਅਰ ਨੇ ਧਮਕੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇ ਅਮਰੀਕਾ ਕਾਰੋਬਾਰੀ ਜੰਗ ਤੋਂ ਬਾਜ਼ ਨਾ ਆਇਆ ਤਾਂ ਉਹ ਨਿਊ ਯਾਰਕ, ਮਿਸ਼ੀਗਨ ਅਤੇ ਮਿਨੇਸੋਟਾ ਨੂੰ ਜਾ ਰਹੀ ਬਿਜਲੀ ਬੰਦ ਕਰਨ ਤੋਂ ਬਿਲਕੁਲ ਨਹੀਂ ਝਿਜਕਣਗੇ। ਇਸ ਦੇ ਨਾਲ ਹੀ ਡਗ ਫ਼ੋਰਡ ਨੇ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ’ਤੇ 25 ਫੀ ਸਦੀ ਟੈਕਸ ਲਾਉਣ ਦਾ ਐਲਾਨ ਕਰ ਦਿਤਾ। ਉਧਰ ਟਰੰਪ ਨੇ ਡਗ ਫ਼ੋਰਡ ਦਾ ਮਖੌਲ ਉਡਾਉਂਦਿਆਂ ਕਿਹਾ ਕਿ 2 ਅਪ੍ਰੈਲ ਨੂੰ ਅਮਰੀਕਾ ਦੀਆਂ ਟੈਰਿਫ਼ਸ ਲਾਗੂ ਹੋਣ ਮਗਰੋਂ ਕੈਨੇਡੀਅਨ ਸੂਬੇ ਦੇ ਟੈਕਸ ਧਰੇ-ਧਰਾਏ ਰਹਿ ਜਾਣਗੇ।

ਬਿਜਲੀ ਬੰਦ ਕਰਨ ਦੀ ਧਮਕੀ ਮਗਰੋਂ ਆਪੇ ਤੋਂ ਬਾਹਰ ਹੋਏ ਟਰੰਪ

ਰਾਸ਼ਟਰਪਤੀ ਨੇ ਬੇਹੱਦ ਰੁੱਖੇ ਅੰਦਾਜ਼ ਵਿਚ ਆਖਿਆ ਕਿ ਅਮਰੀਕਾ ਹੁਣ ਕੈਨੇਡਾ ਨੂੰ ਸਬਸਿਡੀ ਨਹੀਂ ਦੇ ਸਕਦਾ ਅਤੇ ਸਾਨੂੰ ਉਨ੍ਹਾਂ ਦੀਆਂ ਕਾਰਾਂ ਦੀ ਕੋਈ ਲੋੜ ਨਹੀਂ, ਨਾ ਹੀ ਸਾਨੂੰ ਉਨ੍ਹਾਂ ਦੀ ਲੱਕੜ ਚਾਹੀਦੀ ਹੈ ਅਤੇ ਕੱਚੇ ਤੇਲ ਦੀ ਵੀ ਕੋਈ ਜ਼ਰੂਰਤ ਨਹੀਂ। ਇਹ ਕੋਰੀਆਂ ਗੱਲਾਂ ਨਹੀਂ ਕਿਉਂਕਿ ਸਭ ਕੁਝ ਜਲਦ ਹੀ ਜਗ-ਜ਼ਾਹਰ ਹੋ ਜਾਵੇਗਾ। ਦੱਸ ਦੇਈਏ ਕਿ ਟਰੰਪ ਦੀਆਂ ਟੈਰਿਫਸ ਦੇ ਜਵਾਬ ਵਿਚ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ’ਤੇ ਲਾਗੂ 25 ਫੀ ਸਦੀ ਟੈਕਸ ਨਾਲ ਸੂਬੇ ਨੂੰ ਰੋਜ਼ਾਨਾ 3 ਲੱਖ ਡਾਲਰ ਤੋਂ 4 ਲੱਖ ਡਾਲਰ ਦੀ ਵਾਧੂ ਕਮਾਈ ਹੋਵੇਗੀ ਜੋ ਕਿਰਤੀਆਂ ਅਤੇ ਕਾਰੋਬਾਰੀਆਂ ਦੀ ਸਹਾਇਤਾ ਲਈ ਵਰਤੀ ਜਾ ਸਕਦੀ ਹੈ। ਉਨਟਾਰੀਓ ਵੱਲੋਂ ਅਮਰੀਕਾ ਦੇ ਤਿੰਨ ਸਰਹੱਦੀ ਰਾਜਾਂ ਨਿਊ ਯਾਰਕ, ਮਿਸ਼ੀਗਨ ਅਤੇ ਮਿਨੇਸੋਟਾ ਦੇ 15 ਲੱਖ ਘਰਾਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਨਵਾਂ ਟੈਕਸ ਲੱਗਣ ਮਗਰੋਂ ਅਮਰੀਕਾ ਦੇ ਇਕ ਪਰਵਾਰ ਦਾ ਬਿਜਲੀ ਬਿਲ ਔਸਤਨ 100 ਡਾਲਰ ਪ੍ਰਤੀ ਮਹੀਨੇ ਵਧ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਅਮਰੀਕਾ ਜਾ ਰਹੀ ਬਿਜਲੀ ਉਤੇ ਕੋਈ ਟੈਕਸ ਲਾਉਣਾ ਨਹੀਂ ਚਾਹੁੰਦੇ ਸਨ ਅਤੇ ਅਮਰੀਕਾ ਵਾਸੀਆਂ ਉਤੇ ਪੈਣ ਵਾਲੇ ਆਰਥਿਕ ਬੋਝ ਦਾ ਉਨ੍ਹਾਂ ਨੂੰ ਅਫੋਸਸ ਵੀ ਹੈ ਪਰ ਇਸ ਕਾਰੋਬਾਰੀ ਜੰਗ ਵਾਸਤੇ ਇਕੋ ਸ਼ਖਸ ਜ਼ਿੰਮੇਵਾਰ ਹੈ ਅਤੇ ਉਸ ਦਾ ਨਾਂ ਡੌਨਲਡ ਟਰੰਪ ਹੈ। ਡਗ ਫ਼ੋਰਡ ਨੇ ਚਿਤਾਵਨੀ ਦਿਤੀ ਕਿ ਜੇ ਟਰੰਪ ਸਰਕਾਰ ਨੇ ਇਸੇ ਤਰੀਕੇ ਨਾਲ ਕਾਰੋਬਾਰੀ ਜੰਗ ਜਾਰੀ ਰੱਖੀ ਤਾਂ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ’ਤੇ ਟੈਕਸ ਹੋਰ ਵਧ ਸਕਦਾ ਹੈ। ਉਨਟਾਰੀਓ ਦੇ ਊਰਜਾ ਮੰਤਰੀ ਸਟੀਫ਼ਨ ਲੈਚੇ ਦੀ ਮੌਜੂਦਗੀ ਵਿਚ ਡਗ ਫ਼ੋਰਡ ਨੇ ਕਿਹਾ ਕਿ ਜਦੋਂ ਤੱਕ ਟਰੰਪ ਵੱਲੋਂ ਲਾਈਆਂ ਟੈਰਿਫਸ ਹਟ ਨਹੀਂ ਜਾਂਦੀਆਂ, ਸੂਬਾ ਸਰਕਾਰ ਚੁੱਪ ਕਰ ਕੇ ਨਹੀਂ ਬੈਠੇਗੀ। ਡਗ ਫੋਰਡ ਵੱਲੋਂ ਮੀਡੀਆ ਸਾਹਮਣੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੂੰ ਸੱਦਾ ਦਿਤਾ ਕਿ ਅਮਰੀਕਾ ਨੂੰ ਵੇਚੇ ਜਾ ਰਹੇ ਕੱਚੇ ਤੇਲ ਉਤੇ ਟੈਕਸ ਲਾਗੂ ਕੀਤਾ ਜਾਵੇ ਪਰ ਡੈਨੀਅਲ ਸਮਿੱਥ ਨੇ ਇਸ ਨੂੰ ਆਪਣੇ ਪੈਰ ’ਤੇ ਆਪ ਕੁਹਾੜਾ ਮਾਰਨ ਵਾਲਾ ਕਦਮ ਕਰਾਰ ਦਿਤਾ। ਐਲਬਰਟਾ ਦੇ ਊਰਜਾ ਅਤੇ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜੌਨਾਥਨ ਵਿਲਕਿਨਸਨ ਨੇ ਕਿਹਾ ਕਿ ਸੂਬਾਈ ਆਗੂਆਂ ਦੀ ਆਪੋ ਆਪਣੀ ਸੋਚ ਹੈ ਪਰ ਫੈਡਰਲ ਸਰਕਾਰ ਗੁਆਂਢੀ ਮੁਲਕ ਨਾਲ ਕਾਰੋਬਾਰੀ ਜੰਗ ਨੂੰ ਹੋਰ ਵਧਾਉਣ ਦੇ ਇੱਛਕ ਬਿਲਕੁਲ ਨਹੀਂ।

ਡਗ ਫੋਰਡ ਨੇ ਅਮਰੀਕਾ ਜਾਂਦੀ ਬਿਜਲੀ ’ਤੇ 25 ਫੀ ਸਦੀ ਟੈਕਸ ਲਾਇਆ

ਇਸ ਤੋਂ ਪਹਿਲਾਂ ਉਨਟਾਰੀਓ ਸਰਕਾਰ ਅਮਰੀਕਾ ਵਿਚ ਬਣੀ ਸ਼ਰਾਬ ਦੀ ਵਿਕਰੀ ਬੰਦ ਕਰ ਚੁੱਕੀ ਹੈ। ਪੱਤਰਕਾਰਾਂ ਨੇ ਜਦੋਂ ਊਰਜਾ ਮੰਤਰੀ ਨੂੰ ਗਰਮੀਆਂ ਦੌਰਾਨ ਪੈਦਾ ਹੋਣ ਵਾਲੀ ਬਿਜਲੀ ਦੀ ਥੁੜ੍ਹ ਬਾਰੇ ਪੁੱਛਿਆ ਤਾਂ ਸਟੀਫ਼ਨ ਲੈਚੇ ਨੇ ਕਿਹਾ ਕਿ ਇਸ ਵਾਰ ਉਨਟਾਰੀਓ ਨੂੰ ਅਮਰੀਕਾ ਤੋਂ ਬਿਜਲੀ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ। ਦੂਜੇ ਪਾਸੇ ਡੌਨਲਡ ਟਰੰਪ ਦੀ ਟੀਮ ਵੱਲੋਂ ਪੂਰੇ ਵੀਕਐਂਡ ਦੌਰਾਨ ਟੀ.ਵੀ. ਪ੍ਰੋਗਰਾਮਾਂ ਰਾਹੀਂ ਇਹ ਦਰਸਾਉਣ ਦਾ ਯਤਨ ਕੀਤਾ ਕਿ ਕੈਨੇਡਾ ਵੱਲੋਂ ਡੇਅਰੀ ਉਤਪਾਦਾਂ ਉਤੇ 250 ਫੀ ਸਦੀ ਟੈਰਿਫਸ ਲਾਗੂ ਕੀਤੀਆਂ ਗਈਆਂ ਅਤੇ ਇਸ ਦੇ ਜਵਾਬ ਵਿਚ ਰਾਸ਼ਟਰਪਤੀ ਵੱਲੋਂ ਜਲਦ ਹੀ ਮੋੜਵੀਂ ਕਾਰਵਾਈ ਕੀਤੀ ਜਾ ਸਕਦੀ ਹੈ। ਇਸੇ ਦੌਰਾਲ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੌਲੀ ਵੱਲੋਂ ਟਰੰਪ ਸਰਕਾਰ ਨਾਲ ਕੈਨੇਡੀਅਨ ਸਬੰਧਾਂ ਨੂੰ ‘ਸਾਈਕੋ ਡਰਾਮਾ’ ਕਰਾਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਤਬਾਹਕੁੰਨ ਟੈਕਸਾਂ ਰਾਹੀਂ ਕੈਨੇਡਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। 

Tags:    

Similar News