ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣਾ ਚਾਹੁੰਦੇ ਨੇ ਟਰੰਪ!
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ, ਕੈਨੇਡਾ ਨੂੰ ਆਪਣੇ ਮੁਲਕ ਦਾ 51ਵਾਂ ਸੂਬਾ ਬਣਾਉਣਾ ਚਾਹੁੰਦੇ ਹਨ ਅਤੇ ਜਸਟਿਨ ਟਰੂਡੋ ਨੂੰ ਇਸ ਦਾ ਗਵਰਨਰ ਬਣਾਉਣ ਦੀ ਪੇਸ਼ਕਸ਼ ਵੀ ਕਰ ਦਿਤੀ।;
ਫਲੋਰੀਡਾ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ, ਕੈਨੇਡਾ ਨੂੰ ਆਪਣੇ ਮੁਲਕ ਦਾ 51ਵਾਂ ਸੂਬਾ ਬਣਾਉਣਾ ਚਾਹੁੰਦੇ ਹਨ ਅਤੇ ਜਸਟਿਨ ਟਰੂਡੋ ਨੂੰ ਇਸ ਦਾ ਗਵਰਨਰ ਬਣਾਉਣ ਦੀ ਪੇਸ਼ਕਸ਼ ਵੀ ਕਰ ਦਿਤੀ। ‘ਫੌਕਸ ਨਿਊਜ਼’ ਵੱਲੋਂ ਸੋਮਵਾਰ ਰਾਤ ਪ੍ਰਸਾਰਤ ਰਿਪੋਰਟ ਵਿਚ ਟਰੰਪ ਅਤੇ ਟਰੂਡੋ ਦਰਮਿਆਨ ਬੀਤੇ ਸ਼ੁੱਕਰਵਾਰ ਨੂੰ ਹੋਈ ਮੁਲਾਕਾਤ ਦੇ ਨਵੇਂ ਵੇਰਵੇ ਪੇਸ਼ ਕੀਤੇ ਗਏ ਅਤੇ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਤਰੀਕੇ ਨਾਲ ਬੇਇੱਜ਼ਤ ਕੀਤਾ ਗਿਆ। ਮੁਲਾਕਾਤ ਦੌਰਾਨ ਟਰੂਡੋ ਨੇ ਕਿਹਾ ਕਿ 25 ਫੀ ਸਦੀ ਟੈਕਸ ਨਾਲ ਕੈਨੇਡੀਅਨ ਅਰਥਚਾਰਾ ਤਬਾਹ ਹੋ ਜਾਵੇਗਾ ਜਿਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਸ਼ਾਇਦ ਤੁਹਾਡਾ ਮੁਲਕ ਅਮਰੀਕਾ ਦੇ 100 ਅਰਬ ਡਾਲਰ ਖੋਹੇ ਬਗੈਰ ਬਚ ਨਹੀਂ ਸਕਦਾ।
ਜਸਟਿਨ ਟਰੂਡੋ ਨੂੰ ਸੂਬੇ ਦਾ ਗਵਰਨਰ ਲਾਉਣ ਦੀ ਪੇਸ਼ਕਸ਼
ਇਸੇ ਦੌਰਾਨ ਟਰੰਪ ਨੇ ਟਰੂਡੋ ਨੂੰ ਸੁਝਾਅ ਦਿਤਾ ਕਿ ਕੈਨੇਡਾ, ਅਮਰੀਕਾ ਦਾ 51ਵਾਂ ਸੂਬਾ ਕਿਉਂ ਨਹੀਂ ਬਣ ਜਾਂਦਾ। ਇਹ ਗੱਲ ਸੁਣਦਿਆਂ ਹੀ ਮੇਜ਼ ’ਤੇ ਬੈਠੇ ਲੋਕਾਂ ਦੇ ਚਿਹਰੇ ’ਤੇ ਹਾਸਾ ਤਾਂ ਨਜ਼ਰ ਆਇਆ ਪਰ ਇਹ ਡੂੰਘੀ ਚਿੰਤਾ ਵਿਚ ਡੁੱਬਿਆ ਹੋਇਆ ਸੀ। ਟਰੰਪ ਇਥੇ ਹੀ ਨਹੀਂ ਰੁਕੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਇਕ ਚੰਗਾ ਅਹੁੰਦਾ ਪਰ ਟਰੂਡੋ ਗਵਰਨਰ ਵੀ ਬਣ ਸਕਦੇ ਹਨ। ਫੌਕਸ ਨਿਊਜ਼ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਸਾਰਤ ਰਿਪੋਰਟ ਮੁਤਾਬਕ ਮੇਜ਼ ’ਤੇ ਬੈਠੇ ਇਕ ਸ਼ਖਸ ਨੇ ਸੁਝਾਅ ਦਿਤਾ ਕਿ ਕੈਨੇਡਾ ਨੂੰ ਸਹੀ ਮਾਇਨੇ ਵਿਚ ਲਿਬਰਲ ਮੁਲਕ ਬਣ ਜਾਣਾ ਚਾਹੀਦਾ ਹੈ। ਐਨੀ ਗੱਲ ਬਾਹਰ ਆਉਂਦਿਆਂ ਹੀ ਟਰੰਪ ਬੋਲੇ ਅਤੇ ਕਿਹਾ ਕਿ ਕੈਨੇਡਾ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਕ ਹਿੱਸਾ ਕੰਜ਼ਰਵੇਟਿਵ ਅਤੇ ਦੂਜਾ ਲਿਬਰਲ ਸਟੇਟ। ਇਸ ਮਗਰੋਂ ਟਰੰਪ ਗੰਭੀਰ ਹੋ ਗਏ ਅਤੇ ਸਾਫ਼ ਲਫਜ਼ਾਂ ਵਿਚ ਟਰੂਡੋ ਨੂੰ ਆਖ ਦਿਤਾ ਕਿ ਜੇ ਉਤਰੀ ਸਰਹੱਦ ਤੋਂ ਪ੍ਰਵਾਸੀਆਂ ਦੀ ਨਾਜਾਇਜ਼ ਆਮਦ ਨਾ ਰੁਕੀ ਤਾਂ ਕੈਨੇਡਾ, ਅਮਰੀਕਾ ਦਾ ਸੂਬਾ ਬਣ ਸਕਦਾ ਹੈ।
ਟਰੰਪ-ਟਰੂਡੋ ਦਰਮਿਆਨ ਹੋਈ ਮੁਲਾਕਾਤ ਦੇ ਨਵੇਂ ਵੇਰਵੇ ਆਏ ਸਾਹਮਣੇ
ਇਥੇ ਦਸਣਾ ਬਣਦਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ ਤਕਰੀਬਨ 2 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਨਾਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਜਿਨ੍ਹਾਂ ਵਿਚੋਂ 43 ਹਜ਼ਾਰ ਤੋਂ ਵੱਧ ਭਾਰਤੀ ਸਨ। 2023 ਦੌਰਾਨ 1 ਲੱਖ 89 ਹਜ਼ਾਰ ਲੋਕ ਇੰਮੀਗ੍ਰੇਸ਼ਨ ਹਿਰਾਸਤ ਵਿਚ ਲਏ ਗਏ ਜਦਕਿ 2022 ਵਿਚ 1 ਲੱਖ 9 ਹਜ਼ਾਰ ਲੋਕਾਂ ਨੂੰ ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ ਰੋਕਿਆ ਗਿਆ।