ਟਰੂਡੋ ਦੀ ਪ੍ਰੇਮਿਕਾ ਅਤੇ ਸਾਬਕਾ ਪਤਨੀ ਆਹਮੋ-ਸਾਹਮਣੇ
ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰੋਮਾਂਸ ਬਾਰੇ ਉਨ੍ਹਾਂ ਦੀ ਸਾਬਕਾ ਪਤਨੀ ਸੋਫ਼ੀ ਦੀ ਪਹਿਲੀ ਟਿੱਪਣੀ ਸਾਹਮਣੇ ਆਈ ਹੈ
ਟੋਰਾਂਟੋ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰੋਮਾਂਸ ਬਾਰੇ ਉਨ੍ਹਾਂ ਦੀ ਸਾਬਕਾ ਪਤਨੀ ਸੋਫ਼ੀ ਦੀ ਪਹਿਲੀ ਟਿੱਪਣੀ ਸਾਹਮਣੇ ਆਈ ਹੈ ਜਦਕਿ ਟਰੂਡੋ ਨਾਲ ਪਿਆਰ ਦੀਆਂ ਪੀਂਘਾਂ ਝੂਟ ਰਹੀ ਪੌਪ ਗਾਇਕਾ ਕੈਟੀ ਪੈਰੀ ਨੇ ਵੀ ਚੁੱਪ ਤੋੜਦਿਆਂ ਮੀਡੀਆ ਦਾ ਮੂੰਹ ਬੰਦ ਕਰਵਾਉਣ ਦਾ ਯਤਨ ਕੀਤਾ ਹੈ। ਟੈਲੀਵਿਜ਼ਨ ਹੋਸਟ ਬਣ ਚੁੱਕੀ ਸੋਫ਼ੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਜਿਸ ਨੂੰ ਅਸੀਂ ਪਿਆਰ ਹੀ ਨਹੀਂ ਕਰਦੇ, ਉਸ ਨੂੰ ਯਾਦ ਕਿਉਂ ਰੱਖਣਾ। ਚਾਹੇ ਉਹ ਲੋਕ ਹੋਣ, ਚਾਹੇ ਥਾਵਾਂ ਅਤੇ ਜਾਂ ਫਿਰ ਜ਼ਿੰਦਗੀ ਵਿਚ ਮਹਿਸੂਸ ਕੀਤੇ ਗਏ ਪਲ। ਸਮਾਂ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਭ ਕੁਝ ਪਿੱਛੇ ਛੱਡ ਕੇ ਅੱਗੇ ਵਧ ਜਾਉ ਪਰ ਫਿਰ ਵੀ ਅਸੀ ਅਜਿਹਾ ਨਹੀਂ ਕਰਦੇ।’’ ਸੋਫ਼ੀ ਨੇ ਅੱਗੇ ਕਿਹਾ ਕਿ ਕਿਸੇ ਨਾਲ ਪਿਆਰ ਹਰ ਵੇਲੇ ਉਸ ਨੂੰ ਆਪਣੇ ਨਾਲ ਬੰਨ੍ਹ ਕੇ ਰੱਖਣਾ ਨਹੀਂ ਹੁੰਦਾ ਸਗੋਂ ਉਸ ਦੀ ਮੌਜੂਦਗੀ ਦਾ ਅਹਿਸਾਸ ਹੋਣਾ ਲਾਜ਼ਮੀ ਹੈ। ਇਕ ਛੋਟੀ ਜਿਹੀ ਮੁਸਕਾਨ ਪੂਰੀ ਜ਼ਿੰਦਗੀ ਯਾਦ ਰਹਿੰਦੀ ਹੈ ਪਰ ਦੁੱਖ ਵੀ ਹਮੇਸ਼ਾ ਜ਼ਿੰਦਗੀ ਵਿਚ ਹੁੰਦਾ ਹੈ।
ਸਾਬਕਾ ਪਤੀ ਦੀਆਂ ਤਸਵੀਰਾਂ ਬਾਰੇ ਸੋਫ਼ੀ ਨੇ ਕੀਤੀ ਪਹਿਲੀ ਟਿੱਪਣੀ
ਮੇਰੇ ਪਿਤਾ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਅਤੇ ਉਸ ਵੇਲੇ ਅਹਿਸਾਸ ਹੋਇਆ ਕਿ ਇਹੋ ਜ਼ਿੰਦਗੀ ਹੈ। ਇਸ ਕਰ ਕੇ ਪਿਆਰ ਦਾ ਸਭ ਤੋਂ ਡੂੰਘੀ ਸਿੱਖਿਆ ਇਹ ਹੈ ਕਿ ਖੁੱਲ੍ਹੇ ਦਿਲ ਨਾਲ ਗੈਰਯਕੀਨੀ ਵਾਸਤੇ ਤਿਆਰ ਰਹੋ। ਸੋਫ਼ੀ ਦੇ ਇਸ ਸੁਨੇਹੇ ਬਾਰੇ ਵੱਖੋ ਵੱਖਰੀਆਂ ਟਿੱਪਣੀਆਂ ਆ ਰਹੀਆਂ ਹਨ। ਇਕ ਵਰਤੋਂਕਾਰ ਨੇ ਸੋਫ਼ੀ ਨੂੰ ਰਹਿਮ ਦੀ ਦੇਵੀ ਕਰਾਰ ਦਿਤਾ ਜਦਕਿ ਇਕ ਨੇ ਕਿਹਾ ਕਿ ਅੱਖਾਂ ਵਿਚੋਂ ਹੰਝੂ ਵਗਣ ਲੱਗੇ। ਚੇਤੇ ਰਹੇ ਕਿ ਟਰੂਡੋ ਅਤੇ ਸੋਫ਼ੀ 18 ਸਾਲ ਦੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ ਅਗਸਤ 2023 ਵਿਚ ਵੱਖ ਹੋਏ ਸਨ। ਉਨ੍ਹਾਂ ਦੇ ਤਿੰਨ ਬੱਚੇ ਹਨ ਅਤੇ ਟਰੂਡੋ ਤੋਂ ਪਹਿਲਾਂ ਸੋਫ਼ੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਵਿਚ ਉਹ ਆਪਣੇ ਨਵੇਂ ਹਮਸਫ਼ਰ ਨਾਲ ਨਜ਼ਰ ਆਈ।
ਕੈਟੀ ਪੈਰੀ ਨੇ ਖੁੱਲ੍ਹ ਕੇ ਪ੍ਰਵਾਨ ਕੀਤਾ ਟਰੂਡੋ ਨਾਲ ਰਿਸ਼ਤਾ
ਦੂਜੇ ਪਾਸੇ ਕੈਟੀ ਪੈਰੀ ਨੇ ਲੰਡਨ ਵਿਖੇ ਆਪਣੇ ਮਿਊਜ਼ਿਕ ਸ਼ੋਅ ਦੌਰਾਨ ਕਿਹਾ ਕਿ ਬਿਨਾਂ ਸ਼ੱਕ ਉਨ੍ਹਾਂ ਨੂੰ ਯੂ.ਕੇ. ਵਾਲੇ ਪਸੰਦ ਹਨ ਪਰ ਹਰ ਵਾਰ ਨਹੀਂ। ਹੈਰਾਨੀ ਇਸ ਗੱਲ ਦੀ ਹੈ ਕਿ ਸ਼ੋਅ ਦੌਰਾਨ ਕੈਟੀ ਪੈਰੀ ਦੇ ਇਕ ਪ੍ਰਸ਼ੰਸਕ ਨੇ ਵਿਆਹ ਦੀ ਪੇਸ਼ਕਸ਼ ਕਰ ਦਿਤੀ ਤਾਂ ਕੈਟੀ ਨੇ ਹਸਦਿਆਂ ਕਿਹਾ ਕਿ 48 ਘੰਟੇ ਪਹਿਲਾਂ ਇਹ ਪੇਸ਼ਕਸ਼ ਆਈ ਹੁੰਦੀ ਤਾਂ ਵਿਚਾਰ ਹੋ ਸਕਦਾ ਸੀ। ਦੱਸ ਦੇਈਏ ਕਿ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਟੀ ਪੈਰੀ ਦੀਆਂ ਕੁਝ ਤਸਵੀਰਾਂ ਪਿਛਲੇ ਦਿਨੀਂ ਵਾਇਰਲ ਹੋਈਆਂ ਜਿਨ੍ਹਾਂ ਬਾਰੇ ਟਿੱਪਣੀਆਂ ਦਾ ਦੌਰ ਲਗਾਤਾਰ ਜਾਰੀ ਹੈ। ਟਰੂਡੋ ਅਤੇ ਕੈਟੀ ਪੈਰੀ ਨੂੰ ਪਹਿਲੀ ਵਾਰ ਜੁਲਾਈ ਮਹੀਨੇ ਦੌਰਾਨ ਮੌਂਟਰੀਅਲ ਦੇ ਇਕ ਆਲੀਸ਼ਾਨ ਰੈਸਟੋਰੈਂਟ ਵਿਚ ਦੇਖਿਆ ਗਿਆ ਪਰ ਉਸ ਵੇਲੇ ਦੋਹਾਂ ਨੇ ਆਪਣੇ ਰਿਸ਼ਤੇ ਬਾਰੇ ਕੁਝ ਵੀ ਬੋਲਣ ਤੋਂ ਨਾਂਹ ਕਰ ਦਿਤੀ।