ਟਰੰਪ ਨਾਲ ਅਚਨਚੇਤ ਮੁਲਾਕਾਤ ਕਰਨ ਫਲੋਰੀਡਾ ਪੁੱਜੇ ਟਰੂਡੋ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਅਚਨਚੇਤ ਮੁਲਾਕਾਤ ਕਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਲੋਰੀਡਾ ਪੁੱਜ ਗਏ ਅਤੇ ਰਾਤ ਦੇ ਖਾਣੇ ’ਤੇ ਦੋਵੇਂ ਆਗੂ ਇਕੱਠੇ ਨਜ਼ਰ ਆਏ।;

Update: 2024-11-30 09:56 GMT

ਫਲੋਰੀਡਾ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਅਚਨਚੇਤ ਮੁਲਾਕਾਤ ਕਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਲੋਰੀਡਾ ਪੁੱਜ ਗਏ ਅਤੇ ਰਾਤ ਦੇ ਖਾਣੇ ’ਤੇ ਦੋਵੇਂ ਆਗੂ ਇਕੱਠੇ ਨਜ਼ਰ ਆਏ। ਸੀ.ਟੀ.ਵੀ. ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਸਾਰਤ ਰਿਪੋਰਟ ਮੁਤਾਬਕ ਹਾਂਪੱਖੀ ਮਾਹੌਲ ਵਿਚ ਹੋਈ ਗੱਲਬਾਤ ਦੌਰਾਨ ਟਰੰਪ ਅਤੇ ਟਰੂਡੋ ਵੱਲੋਂ ਕਾਰੋਬਾਰ, ਸਰਹੱਦ ਸੁਰੱਖਿਆ, ਫੈਂਟਾਨਿਲ ਅਤੇ ਨਾਟੋ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਦੋਹਾਂ ਆਗੂਆਂ ਦੀ ਨੇੜਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਡਿਨਰ ਟੇਬਲ ’ਤੇ ਟਰੂਡੋ, ਟਰੰਪ ਦੇ ਬਿਲਕੁਲ ਸੱਜੇ ਪਾਸੇ ਬੈਠੇ ਨਜ਼ਰ ਆ ਰਹੇ ਹਨ। ਟਰੂਡੋ ਦਾ ਹਵਾਈ ਜਹਾਜ਼ ਸ਼ੁੱਕਰਵਾਰ ਸ਼ਾਮ ਫਲੋਰੀਡਾ ਦੇ ਪਾਮ ਬੀਚ ਹਵਾਈ ਅੱਡੇ ’ਤੇ ਉਤਰਿਆ। ਕੈਨੇਡੀਅਨ ਵਫ਼ਦ ਵਿਚ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲਬਲੈਂਕ ਅਤੇ ਪ੍ਰਧਾਨ ਮੰਤਰੀ ਦੀ ਸਲਾਹਕਾਰ ਕੈਟੀ ਟੈਲਫੋਰਡ ਸ਼ਾਮਲ ਸਨ।

ਰਾਤ ਦੇ ਖਾਣੇ ’ਤੇ ਇਕੱਠੇ ਹੋਏ ਦੋਵੇਂ ਆਗੂ

ਦੂਜੇ ਪਾਸੇ ਟਰੰਪ ਦੇ ਡਿਨਰ ਵਿਚ ਸ਼ਾਮਲ ਹੋਣ ਵਾਲੀਆਂ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵਿਚ ਨੌਰਥ ਡੈਕੋਟਾ ਦੇ ਗਵਰਨਰ ਡਗ ਬਰਗਮ, ਕੌਮੀ ਸੁਰੱਖਿਆ ਸਲਾਹਕਾਰ ਵਜੋਂ ਨਾਮਜ਼ਦ ਮਾਈਕ ਵਾਲਟਜ਼ ਅਤੇ ਪੈਨਸਿਲਵੇਨੀਆ ਤੋਂ ਸੈਨੇਟ ਮੈਂਬਰ ਚੁਣੇ ਗਏ ਡੇਵਿਡ ਮਕੌਮਿਕ ਸ਼ਾਮਲ ਰਹੇ। ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਵੱਲੋਂ ਕੈਨੇਡਾ ਤੋਂ ਆਉਣ ਵਾਲੀ ਹਰ ਚੀਜ਼ ’ਤੇ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਮਗਰੋਂ ਹਾਲਾਤ ਕਾਬੂ ਹੇਠ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਅਮਰੀਕਾ ਨੇ 2022 ਵਿਚ 614 ਅਰਬ ਡਾਲਰ ਤੋਂ ਵੱਧ ਮੁੱਲ ਦੀਆਂ ਵਸਤਾਂ ਕੈਨੇਡਾ ਤੋਂ ਇੰਪੋਰਟ ਕੀਤੀਆਂ ਅਤੇ ਮੌਜੂਦਾ ਵਰ੍ਹੇ ਦੌਰਾਨ ਜਨਵਰੀ ਤੋਂ ਸਤੰਬਰ ਤੱਕ 435 ਅਰਬ ਡਾਲਰ ਦੀਆਂ ਵਸਤਾਂ ਕੈਨੇਡਾ ਤੋਂ ਅਮਰੀਕਾ ਪੁੱਜੀਆਂ। ਅਜਿਹੇ ਵਿਚ 25 ਫੀ ਸਦੀ ਟੈਕਸ ਕੈਨੇਡੀਅਨ ਅਰਥਚਾਰੇ ਨੂੰ ਤਬਾਹ ਕਰ ਸਕਦਾ ਹੈ।

ਕਾਰੋਬਾਰ, ਸਰਹੱਦੀ ਸੁਰੱਖਿਆ ਅਤੇ ਫੈਂਟਾਨਿਲ ਸਣੇ ਕਈ ਮੁੱਦਿਆ ਬਾਰੇ ਵਿਚਾਰ ਵਟਾਂਦਰਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਲੋਰੀਡਾ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਡੌਨਲਡ ਟਰੰਪ ਜਦੋਂ ਕੋਈ ਬਿਆਨ ਦਿੰਦੇ ਹਨ ਤਾਂ ਉਸ ਨੂੰ ਲਾਗੂ ਕਰਨ ਦੀ ਯੋਜਨਾ ਵੀ ਉਨ੍ਹਾਂ ਕੋਲ ਹੁੰਦੀ ਹੈ, ਇਸ ਬਾਰੇ ਕੋਈ ਦੋ ਰਾਏ ਨਹੀਂ। ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਗੱਲ ਨੂੰ ਉਭਾਰ ਕੇ ਪੇਸ਼ ਕਰੀਏ ਕਿ ਟੈਕਸ ਦਰਾਂ ਲਾਗੂ ਹੋਣ ਨਾਲ ਸਿਰਫ ਕੈਨੇਡੀਅਨ ਪ੍ਰਭਾਵਤ ਨਹੀਂ ਹੋਣਗੇ ਸਗੋਂ ਅਮਰੀਕਾ ਵਾਲਿਆਂ ’ਤੇ ਵੀ ਅਸਰ ਪਵੇਗਾ। ਇਸੇ ਦੌਰਾਨ ਆਟੋਮੋਟਿਵ ਪਾਰਟਸ ਮੈਨੁਫੈਕਚਰਰਜ਼ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋਹਾਂ ਮੁਲਕਾਂ ਦੇ ਆਗੂਆਂ ਵਿਚਾਲੇ ਆਹਮੋ ਸਾਹਮਣੀ ਗੱਲਬਾਤ ਇਕ ਚੰਗਾ ਸੰਕੇਤ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਜਸਟਿਨ ਟਰੂਡੋ ਨੂੰ ਰਾਤ ਦੇ ਖਾਣੇ ਵਾਸਤੇ ਭੇਜਿਆ ਸੱਦਾ ਵੀ ਦਰਸਾਉਂਦਾ ਹੈ ਕਿ ਹਾਲਾਤ ਕਾਬੂ ਹੇਠ ਲਿਆਂਦੇ ਜਾ ਸਕਦੇ ਹਨ।

Tags:    

Similar News