ਜੀ-20 ਸੰਮੇਲਨ ਦੌਰਾਨ ਇਕੱਠੇ ਨਜ਼ਰ ਆਏ ਟਰੂਡੋ ਅਤੇ ਮੋਦੀ
ਕੈਨੇਡਾ ਅਤੇ ਭਾਰਤ ਦਰਮਿਆਨ ਚੱਲ ਰਹੇ ਟਕਰਾਅ ਨੂੰ ਇਕ ਪਾਸੇ ਰਖਦਿਆਂ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਜੀ-20 ਸੰਮੇਲਨ ਦੌਰਾਨ ਇਕੱਠੇ ਨਜ਼ਰ ਆਏ।
ਰੀਓ ਡੀ ਜਨੇਰੋ : ਕੈਨੇਡਾ ਅਤੇ ਭਾਰਤ ਦਰਮਿਆਨ ਚੱਲ ਰਹੇ ਟਕਰਾਅ ਨੂੰ ਇਕ ਪਾਸੇ ਰਖਦਿਆਂ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਜੀ-20 ਸੰਮੇਲਨ ਦੌਰਾਨ ਇਕੱਠੇ ਨਜ਼ਰ ਆਏ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਦੋਹਾਂ ਆਗੂਆਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਬਾਇਡਨ ਸੰਭਾਵਤ ਤੌਰ ’ਤੇ ਸੁਲ੍ਹਾ ਸਫਾਈ ਕਰਵਾਉਂਦੇ ਮਹਿਸੂਸ ਹੋ ਰਹੇ ਹਨ। ਭਾਰਤ ਅਤੇ ਕੈਨੇਡਾ ਦਾ ਵਿਵਾਦ ਪਿਛਲੇ ਸਾਲ ਨਵੀਂ ਦਿੱਲੀ ਵਿਖੇ ਹੋਏ ਜੀ-20 ਸੰਮੇਲਨ ਤੋਂ ਬਾਅਦ ਸ਼ੁਰੂ ਹੋਇਆ। ਸੰਮੇਲਨ ਤੋਂ ਪਰਤਣ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੰਸਦ ਦੀ ਕਾਰਵਾਈ ਦੌਰਾਨ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਦੋਸ਼ ਭਾਰਤ ਸਰਕਾਰ ’ਤੇ ਲਾਏ।
ਅਮਰੀਕਾ ਦੇ ਰਾਸ਼ਟਰਪਤੀ ਦੋਹਾਂ ਨੂੰ ਮਿਲਵਾਉਂਦੇ ਨਜ਼ਰ ਆਏ
ਸਿਰਫ ਐਨਾ ਹੀ ਨਹੀਂ ਪਿਛਲੇ ਮਹੀਨੇ ਜਸਟਿਨ ਟਰੂਡੋ ਨੇ ਦੋਸ਼ ਲਾਇਆ ਕਿ ਕੈਨੇਡੀਅਨਜ਼ ’ਤੇ ਹਮਲੇ ਕਰਵਾਉਣ ਲਈ ਭਾਰਤ ਸਰਕਾਰ ਆਪਣੇ ਡਿਪਲੋਮੈਟਸ ਨੂੰ ਵਰਤ ਰਹੀ ਹੈ। ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿਤਾ। ਬਰਾਜ਼ੀਲ ਵਿਖੇ ਸਮਾਪਤ ਹੋਏ ਜੀ-20 ਸੰਮੇਲਨ ਦੇ ਦੂਜੇ ਦਿਨ ਵੱਖ ਵੱਖ ਮੁਲਕਾਂ ਦੇ ਆਗੂਆਂ ਨੇ ਦੁਵੱਲੀਆਂ ਮੁਲਾਕਾਤਾਂ ਕੀਤੀਆਂ। ਭੁੱਖਮਰੀ ਅਤੇ ਗਰੀਬੀ ਵਿਰੁੱਧ ਕੌਮਾਂਤਰੀ ਗਠਜੋੜ ਵੱਲੋਂ ਦੋਹਾਂ ਸਮੱਸਿਆਵਾਂ ਵਿਰੁੱਧ ਵੱਡੇ ਪੱਧਰ ’ਤੇ ਹੰਭਲਾ ਮਾਰਨ ਦਾ ਯਤਨ ਕੀਤਾ ਗਿਆ। ਇਸੇ ਦੌਰਾਨ ਜਸਟਿਨ ਟਰੂਡੋ ਨੇ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬਾਮ ਨਾਲ ਮੁਲਾਕਾਤ ਕਰਦਿਆਂ ਦੁਵੱਲੇ ਵਪਾਰ ਨੂੰ ਵਧਾਉਣ ’ਤੇ ਜ਼ੋਰ ਦਿਤਾ।