ਕੈਨੇਡਾ ’ਚ ਚਲਦੇ ਟਰੱਕਾਂ ਦੇ ਖੁੱਲ੍ਹੇ ਪਹੀਏ, ਟਰੈਕਟਰ ਦੀ ਰੇਲਗੱਡੀ ਨਾਲ ਟੱਕਰ
ਕੈਨੇਡਾ ਵਿਚ ਚਲਦੇ ਟਰੱਕਾਂ ਦੇ ਪਹੀਏ ਖੁੱਲ੍ਹਣ, ਹਿੱਟ ਐਂਡ ਰਨ ਅਤੇ ਟਰੈਕਟਰ ’ਤੇ ਖੇਤਾਂ ਵੱਲ ਜਾ ਰਹੇ ਕਿਸਾਨ ਦੀ ਰੇਲਗੱਡੀ ਨਾਲ ਟੱਕਰ ਦੇ ਮਾਮਲੇ ਸਾਹਮਣੇ ਆਏ ਹਨ।
ਬਰੈਂਪਟਨ : ਕੈਨੇਡਾ ਵਿਚ ਚਲਦੇ ਟਰੱਕਾਂ ਦੇ ਪਹੀਏ ਖੁੱਲ੍ਹਣ, ਹਿੱਟ ਐਂਡ ਰਨ ਅਤੇ ਟਰੈਕਟਰ ’ਤੇ ਖੇਤਾਂ ਵੱਲ ਜਾ ਰਹੇ ਕਿਸਾਨ ਦੀ ਰੇਲਗੱਡੀ ਨਾਲ ਟੱਕਰ ਦੇ ਮਾਮਲੇ ਸਾਹਮਣੇ ਆਏ ਹਨ। ਟਰੱਕ ਦੇ ਟਾਇਰ ਖੁੱਲ੍ਹਣ ਦਾ ਪਹਿਲਾ ਹਾਦਸਾ ਉਨਟਾਰੀਓ ਦੇ ਮੈਟਿਸ ਵੈਲ ਕੋਟ ਇਲਾਕੇ ਵਿਚ ਹਾਈਵੇਅ 11 ’ਤੇ ਵਾਪਰਿਆ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਬਰੈਂਪਟਨ ਦੇ ਡਰਾਈਵਰ ਸਣੇ ਮਿਸੀਸਾਗਾ ਦੀ ਟ੍ਰਾਂਸਪੋਰਟ ਕੰਪਨੀ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਜੇਮਜ਼ ਬੇਅ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਮੈਟਿਸ ਵੈਲ ਕੋਟ ਇਲਾਕੇ ਵਿਚ ਗਸ਼ਤ ਦੌਰਾਨ ਇਕ ਕਮਰਸ਼ੀਅਲ ਮੋਟਰ ਵ੍ਹੀਕਲ ਦੇ ਦੋ ਪਹੀਏ ਖੁੱਲ੍ਹ ਕੇ ਹਾਈਵੇਅ ਦੇ ਦੂਜੇ ਪਾਸੇ ਚਲੇ ਗਏ। ਟਰੱਕ ਦੇ ਐਕਸਲ ਵਿਚੋਂ ਅੱਗ ਵੀ ਨਿਕਲੀ ਜਿਸ ਨੂੰ ਤੁਰਤ ਬੁਝਾ ਦਿਤਾ ਗਿਆ।
ਹਿੱਟ ਐਂਡ ਰਨ ਦੇ ਇਕ ਮਾਮਲੇ ਦੀ ਵੀਡੀਓ ਆਈ ਸਾਹਮਣੇ
ਬਰੈਂਪਟਨ ਦੇ 27 ਸਾਲਾ ਡਰਾਈਵਰ ਵਿਰੁੱਧ ਵੱਡੇ ਨੁਕਸ ਵਾਲਾ ਕਮਰਸ਼ੀਅਲ ਮੋਟਰ ਵ੍ਹੀਕਲ ਚਲਾਉਣ, ਰੋਜ਼ਾਨਾ ਪੜਤਾਲ ਰਿਪੋਰਟ ਮੁਕੰਮਲ ਕਰਨ ਵਿਚ ਅਸਫ਼ਲ ਰਹਿਣ, ਟਰੱਕ ਦੇ ਟਾਇਰ ਖੁੱਲ੍ਹਣ ਅਤੇ ਟਰੱਕ ’ਤੇ ਕੋਈ ਨਾਮ ਨਾ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮਿਸੀਸਾਗਾ ਦੀ ਟ੍ਰਾਂਸਪੋਰਟੇਸ਼ਨ ਕੰਪਨੀ ਦੇ ਮਾਲਕ ਵਿਰੁੱਧ ਟਰੱਕ ਦੇ ਪਹੀਏ ਖੁਲ੍ਹਣ ਅਤੇ ਤੈਅ ਮਾਪਦੰਡਾਂ ਦੀ ਪਾਲਣਾ ਕਰਨ ਵਿਚ ਅਸਫ਼ਲ ਰਹਿਣ ਦੇ ਦੋਸ਼ ਲਾਏ ਗਏ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਟਰੱਕ ਡਰਾਈਵਰਾਂ ਨੂੰ ਚੇਤੇ ਕਰਵਾਇਆ ਗਿਆ ਹੈ ਕਿ ਡੇਲੀ ਇਨਸਪੈਕਸ਼ਨ ਰਿਪੋਰਟ ਲਾਜ਼ਮੀ ਤੌਰ ’ਤੇ ਹੋਵੇ ਅਤੇ ਕੋਈ ਵੀ ਨੁਕਸ ਨਜ਼ਰ ਆਉਣ ’ਤੇ ਇਸ ਨੂੰ ਤੁਰਤ ਠੀਕ ਕਰਵਾਇਆ ਜਾਵੇ। ਚਲਦੇ ਟਰੱਕ ਦੇ ਪਹੀਨੇ ਖੁੱਲ੍ਹਣ ਵਰਗੇ ਹਾਦਸੇ ਸੜਕ ਤੋਂ ਲੰਘਦੇ ਹੋਰਨਾਂ ਲੋਕਾਂ ਵਾਸਤੇ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਸ ਦੌਰਾਨ ਇਕ ਪੰਜਾਬੀ ਟਰੱਕ ਡਰਾਈਵਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਟਰੱਕ ਦਾ ਟਾਇਰ ਕਦੋਂ ਖੁੱਲਿ੍ਹਆ, ਉਸ ਨੂੰ ਪਤਾ ਹੀ ਨਾ ਲੱਗਾ। ਵੀਡੀਓ ਬਣਾਉਣ ਵਾਲਾ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਟਾਇਰ ਕਈ ਮੀਲ ਪਿੱਛੇ ਰਹਿ ਗਿਆ। ਦੂਜੇ ਪਾਸੇ ਸਿਮਕੋਅ ਕਾਊਂਟੀ ਦੇ ਨਿਊ ਟੈਕਮਸੇਥ ਕਸਬੇ ਵਿਚ ਸੀ.ਪੀ. ਰੇਲ ਅਤੇ ਟਰੈਕਟਰ ਦੀ ਟੱਕਰ ਮਗਰੋਂ ਇਕ ਜਣੇ ਨੂੰ ਨਾਜ਼ੁਕ ਹਾਲਤ ਵਿਚ ਏਅਰ ਐਂਬੁਲੈਂਸ ਰਾਹੀਂ ਟਰੌਮਾ ਸੈਂਟਰ ਲਿਜਾਇਆ ਗਿਆ। ਹਾਦਸੇ ਦੇ ਮੱਦੇਨਜ਼ਰ 11ਵੀਂ ਅਤੇ 12ਵੀਂ ਲਾਈਨ ’ਤੇ ਰੇਲ ਆਵਾਜਾਈ ਕਈ ਘੰਟੇ ਠੱਪ ਰਹੀ।
ਪੰਜਾਬੀ ਟਰੱਕ ਡਰਾਈਵਰ ਦੀ ਵੀਡੀਓ ਵੀ ਹੋਈ ਵਾਇਰਲ
ਇਸੇ ਦੌਰਾਨ ਟੋਰਾਂਟੋ ਦੇ ਪੂਰਬੀ ਇਲਾਕੇ ਵਿਚ ਸੜਕ ਪਾਰ ਕਰ ਰਹੇ ਇਕ ਸ਼ਖਸ ਨੂੰ ਕਾਰ ਵੱਲੋਂ ਟੱਕਰ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ। ਲੈਸਲੀਵਿਲ ਇਲਾਕੇ ਵਿਚ ਕੁਈਨ ਸਟ੍ਰੀਟ ਅਤੇ ਜੋਨਜ਼ ਐਵੇਨਿਊ ਨੇੜੇ ਹਿੱਟ ਐਂਡ ਰਨ ਵਾਲਾ ਇਹ ਹਾਦਸਾ ਸੋਮਵਾਰ ਅੱਧੀ ਰਾਤ ਵੇਲੇ ਵਾਪਰਿਆ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਚਿੱਟੇ ਰੰਗ ਦੀ ਕਾਰ ਖੱਬੇ ਹੱਥ ਮੁੜਦਿਆਂ ਇਕ ਪੈਦਲ ਰਾਹਗੀਰ ਨੂੰ ਟੱਕਰ ਮਾਰਦੀ ਹੈ ਅਤੇ ਹਾਦਸੇ ਮਗਰੋਂ ਕਾਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਪੈਦਲ ਰਾਹਗੀਰ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟੋਰਾਂਟੋ ਪੁਲਿਸ ਵੱਲੋਂ ਫ਼ਿਲਹਾਲ ਗੱਡੀ ਜਾਂ ਇਸ ਦੇ ਡਰਾਈਵਰ ਨਾਲ ਸਬੰਧਤ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਅਤੇ ਉਸ ਨੂੰ ਖੁਦ ਹੀ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।