ਕੈਨੇਡਾ ’ਚ ਟਰੱਕ ਡਰਾਈਵਰ ’ਤੇ ਗੋਲੀਬਾਰੀ, ਸਰਬਜੀਤ ਸਿੰਘ ਗ੍ਰਿਫ਼ਤਾਰ
ਕੈਨੇਡਾ ਵਿਚ ਟੋਅ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਦੂਜੇ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਬਰੈਂਪਟਨ : ਕੈਨੇਡਾ ਵਿਚ ਟੋਅ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇਕ ਪੰਜਾਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਦੂਜੇ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਵੱਲੋਂ ਗ੍ਰਿਫ਼ਤਾਰ ਸ਼ੱਕੀ ਦੀ ਪਛਾਣ 33 ਸਾਲ ਦੇ ਸਰਬਜੀਤ ਸਿੰਘ ਵਜੋਂ ਕੀਤੀ ਗਈ ਹੈ ਅਤੇ ਉਸ ਵਿਰੁੱਧ ਹਥਿਆਰ ਚਲਾਉਣ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ 25 ਸਾਲ ਦੇ ਜੋਬਨਜੀਤ ਸਿੰਘ ਵਿਰੁੱਧ ਇਰਾਦਾ ਕਤਲ ਅਤੇ ਗੈਰਕਾਨੂੰਨੀ ਤਰੀਕੇ ਨਾਲ ਹਥਿਆਰਾਂ ਰੱਖਣ ਦੇ ਦੋਸ਼ ਆਇਦ ਕਰਦਿਆਂ ਉਸ ਨੂੰ ਅਪੀਲ ਕੀਤੀ ਗਈ ਹੈ ਕਿ ਵਕੀਲ ਦੀ ਸਹਾਇਤਾ ਨਾਲ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਵੇ। ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ 15 ਅਕਤੂਬਰ ਨੂੰ ਦੋ ਟਰੱਕ ਕੰਪਨੀਆਂ ਵਿਚ ਝਗੜਾ ਹੋ ਗਿਆ ਅਤੇ ਗੋਲੀ ਚੱਲ ਗਈ।
ਪੀਲ ਰੀਜਨਲ ਪੁਲਿਸ ਵੱਲੋਂ ਜੋਬਨਜੀਤ ਸਿੰਘ ਵਿਰੁੱਧ ਵਾਰੰਟ
ਟੌਰਬ੍ਰਮ ਰੋਡ ਦੇ ਪੂਰਬ ਵੱਲ ਬੋਵੇਅਰਡ ਡਰਾਈਵ ਅਤੇ ਮਾਊਂਟਨਐਸ਼ ਰੋਡ ਨੇੜੇ ਇਕ ਪਾਰਕਿੰਗ ਲੌਟ ਵਿਚ ਪੁੱਜੇ ਪੁਲਿਸ ਅਫ਼ਸਰਾਂ ਨੂੰ ਇਕ ਸ਼ਖਸ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਜਾਂਚਕਰਤਾਵਾਂ ਨੇ ਦੋ ਸ਼ੱਕੀਆਂ ਦੀ ਸ਼ਨਾਖਤ ਕੀਤੀ ਅਤੇ ਇਨ੍ਹਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ। ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਵੱਡੀ ਗਿਣਤੀ ਵਿਚ ਭਾਰਤੀ ਟੋਅ ਟਰੱਕ ਡਰਾਈਵਿੰਗ ਦੇ ਕਿੱਤੇ ਵਿਚ ਲੱਗੇ ਹੋਏ ਹਨ ਅਤੇ ਮੌਜੂਦਾ ਵਰ੍ਹੇ ਦੌਰਾਨ ਟੋਅ ਟਰੱਕ ਡਰਾਈਵਰਾਂ ’ਤੇ ਗੋਲੀਆਂ ਚਲਾਉਣ ਦੀਆਂ 13 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਜਨਵਰੀ ਮਹੀਨੇ ਦੌਰਾਨ ਸਕਾਰਬ੍ਰੋਅ ਵਿਖੇ 24 ਘੰਟੇ ਦੇ ਅੰਦਰ ਤਿੰਨ ਟੋਅ ਟਰੱਕ ਡਰਾਈਵਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਇਕ ਪੀੜਤ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੁਲਟ ਪਰੂਫ ਜੈਕਟ ਨਾ ਪਾਈ ਹੁੰਦੀ ਤਾਂ ਉਸ ਦਾ ਭਰਾ ਅੱਜ ਜਿਊਂਦਾ ਨਾ ਹੁੰਦਾ। ਉਧਰ ਉਨਟਾਰੀਓ ਦੀ ਪ੍ਰੋਫੈਸ਼ਨਲ ਟੋਅਇੰਗ ਐਸੋਸੀਏਸ਼ਨ ਦੇ ਪ੍ਰਧਾਨ ਗੈਰੀ ਵੈਂਡਲਹਿਊਵਲ ਨੇ ਕਿਹਾ ਕਿ ਕੁਝ ਨਾ ਕੁਝ ਤਾਂ ਜ਼ਰੂਰ ਗਲਤ ਹੈ ਜੋ ਗੋਲੀਆਂ ਚੱਲਣ ਦਾ ਕਾਰਨ ਬਣ ਰਿਹਾ ਹੈ।
ਟੋਅ ਟਰੱਕ ਕੰਪਨੀਆਂ ਦੇ ਝਗੜੇ ਦਾ ਇਕ ਹੋਰ ਮਾਮਲਾ
ਹੁਣ ਟੋਅ ਟਰੱਕ ਡਰਾਈਵਰ ਬੁਲਟ ਪਰੂਫ ਜੈਕਟ ਪਾ ਕੇ ਕੰਮ ’ਤੇ ਜਾਂਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਿਰਫ਼ ਟੋਅ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ, ਸਗੋਂ ਗਾਹਕਾਂ ’ਤੇ ਵੀ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਕ ਟੋਅ ਟਰੱਕ ਡਰਾਈਵਰ 500 ਡਾਲਰ ਤੋਂ ਇਕ ਹਜ਼ਾਰ ਡਾਲਰ ਦਾ ਕਿਰਾਇਆ ਲੈਂਦਾ ਹੈ ਪਰ ਐਨੀ ਰਕਮ ਪਿੱਛੇ ਕਿਸੇ ਨੂੰ ਜਾਨੋ ਮਾਰਨ ਦਾ ਯਤਨ ਸਾਡੀ ਸਮਝ ਤੋਂ ਬਾਹਰ ਹੈ। ਟੋਰਾਂਟੋ ਦੇ ਲੋਕ ਸੁਰੱਖਿਆ ਮਾਹਰ ਕ੍ਰਿਸ ਲੂਇਸ ਨੇ ਕਿਹਾ ਕਿ ਟੋਇੰਗ ਇੰਡਸਟਰੀ ਵਿਚ ਬੰਦੂਕ ਹਿੰਸਾ ਸਿਖਰਾਂ ’ਤੇ ਪੁੱਜਦੀ ਮਹਿਸੂਸ ਹੋ ਰਿਹੀ ਹੈ ਜਿਸ ਦਾ ਮੁੱਖ ਕਾਰਨ ਇਥੇ ਹੋਣ ਵਾਲੀ ਕਮਾਈ ਹੈ ਅਤੇ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਹੋਣ ਕਾਰਨ ਟਕਰਾਅ ਵਧ ਰਹੇ ਹਨ। ਸੂਬਾ ਸਰਕਾਰ ਵੱਲੋਂ ਟੋਇੰਗ ਇੰਡਸਟਰੀ ਨੂੰ ਨੇਮਬੱਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਹਿੰਸਾ ਨੂੰ ਕੰਟਰੋਲ ਕਰਨਾ ਸੌਖਾ ਨਹੀਂ।