ਕੈਨੇਡਾ ਦੀ ਸੰਸਦ ਵਿਚ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾਂਜਲੀ

Update: 2024-06-19 11:56 GMT

ਔਟਵਾ/ਸਰੀ : ਸਰੀ ਦੇ ਗੁਰਦਵਾਰਾ ਸਾਹਿਬ ਵਿਚ ਕਤਲ ਕੀਤੇ ਹਰਦੀਪ ਸਿੰਘ ਨਿੱਜਰ ਨੂੰ ਪਹਿਲੀ ਬਰਸੀ ਮੌਕੇ ਕੈਨੇਡੀਅਨ ਸੰਸਦ ਵਿਚ ਸ਼ਰਧਾਂਜਲੀ ਦਿਤੀ ਗਈ। ਹਾਊਸ ਆਫ ਕਾਮਨਜ਼ ਦੇ ਸਪੀਕਰ ਗ੍ਰੈਗ ਫਰਗਸ ਨੇ ਸੋਗ ਸੁਨੇਹਾ ਪੜ੍ਹਿਆ ਜਿਸ ਮਗਰੋਂ ਐਮ.ਪੀਜ਼ ਨੇ ਇਕ ਮਿੰਟ ਦਾ ਮੌਨ ਧਾਰਨ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਦੂਜੇ ਪਾਸੇ ਸਰੀ ਵਿਖੇ ਹਰਦੀਪ ਸਿੰਘ ਨਿੱਜਰ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ ਅਤੇ ਵੈਨਕੂਵਰ ਵਿਖੇ ਰੋਸ ਵਿਖਾਵੇ ਦੌਰਾਨ ਸੰਕੇਤਕ ਮੁਕੱਦਮੇ ਦੀ ਸੁਣਵਾਈ ਕੀਤੀ ਗਈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਬੁਲਾਰਿਆਂ ਨੇ ਕਿਹਾ ਕਿ ਦੁਨੀਆਂ ਵਿਚ ਕਿਸੇ ਵੀ ਥਾਂ ’ਤੇ ਹੋਣ ਵਾਲੀ ਨਾਇਨਸਾਫੀ ਹਰ ਥਾਂ ’ਤੇ ਇਨਸਾਫ ਵਾਸਤੇ ਖਤਰਾ ਪੈਦਾ ਕਰਦੀ ਹੈ।

ਕੈਨੇਡੀਅਨ ਸਿਟੀਜ਼ਨ ਵਿਰੁੱਧ ਕੈਨੇਡਾ ਦੀ ਧਰਤੀ ’ਤੇ ਸਾਜ਼ਿਸ਼ ਘੜੀ ਗਈ ਜਿਸ ਦੇ ਜ਼ਿੰਮੇਵਾਰ ਲੋਕਾਂ ਨੂੰ ਇਨਸਾਫ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਵੈਨਕੂਵਰ ਵਿਖੇ ਭਾਰਤੀ ਕੌਂਸਲੇਟ ਨੇੜੇ ਰੋਸ ਵਿਖਾਵੇ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ। ਰੋਸ ਵਿਖਾਵੇ ਵਿਚ ਸ਼ਾਮਲ ਲੋਕਾਂ ਵਿਚੋਂ ਇਕ ਰਣਜੀਤ ਸਿੰਘ ਨੇ ਕਿਹਾ ਕਿ ਉਹ 37 ਸਾਲ ਤੋਂ ਕੈਨੇਡਾ ਵਿਚ ਰਹਿ ਰਹੇ ਹਨ ਅਤੇ 1978 ਵਿਚ ਲਹਿਰ ਦਾ ਹਿੱਸਾ ਬਣੇ। ਟੋਰਾਂਟੋ ਤੋਂ ਪੁੱਜੇ ਭਵਲੀਨ ਸਿੰਘ ਨੇ ਆਖਿਆ ਕਿ ਹਰਦੀਪ ਸਿੰਘ ਨਿੱਜਰ ਦੇ ਅਕਾਲ ਚਲਾਣੇ ਕਾਰਨ ਪੈਦਾ ਹੋਇਆ ਖਲਾਅ ਭਰਨਾ ਬੇਹੱਦ ਜ਼ਰੂਰੀ ਹੈ। ਸਰੀ ਦੇ ਗੁਰੂ ਨਾਨਕ ਗੁਰਦਵਾਰਾ ਸਾਹਿਬ ਵਿਚ ਯੂਥ ਆਗੂ ਗੁਰਕੀਰਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਵਾਪਰੀ ਘਟਨਾ ਮਗਰੋਂ ਹੁਣ ਵੀ ਭਾਈਚਾਰੇ ਵਿਚ ਖਤਰੇ ਦਾ ਅਹਿਸਾਸ ਮੌਜੂਦ ਹੈ। ਉਧਰ ਸਰੀ ਆਰ.ਸੀ.ਐਮ.ਪੀ. ਦੇ ਸਹਾਇਕ ਕਮਿਸ਼ਨਰ ਬਰਾਇਨ ਐਡਵਰਡਜ਼ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।

ਫੈਡਰਲ ਸਰਕਾਰ ਤੋਂ ਲੈ ਕੇ ਸਥਾਨਕ ਸਰਕਾਰ ਅਤੇ ਪੁਲਿਸ ਵੱਲੋਂ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸੇ ਦੌਰਾਨ ਕੈਨੇਡਾ ਵਾਸੀਆਂ ਦੀ ਭਾਰਤ ਬਾਰੇ ਸੋਚ ਨਾਲ ਸਬੰਧਤ ਇਕ ਸਰਵੇਖਣ ਸਾਹਮਣੇ ਆਇਆ ਹੈ ਜਿਸ ਮੁਤਾਬਕ ਭਾਰਤ ਪ੍ਰਤੀ ਹਾਂਪੱਖੀ ਸੋਚ ਰੱਖਣ ਵਾਲੇ ਕੈਨੇਡੀਅਨਜ਼ ਦੀ ਗਿਣਤੀ ਵਿਚ 11 ਫੀ ਸਦੀ ਕਮੀ ਆਈ ਹੈ। ਐਂਗਸ ਰੀਡ ਇੰਸਟੀਚਿਊਟ ਦੇ ਸਰਵੇਖਣ ਮੁਤਾਬਕ 54 ਫੀ ਸਦੀ ਕੈਨੇਡਾ ਵਾਸੀਆਂ ਦੀ ਸੋਚ ਭਾਰਤ ਪ੍ਰਤੀ ਹਾਂਪੱਖੀ ਨਹੀਂ ਜਦਕਿ 2019 ਵਿਚ 56 ਫੀ ਸਦੀ ਕੈਨੇਡੀਅਨ, ਭਾਰਤ ਪ੍ਰਤੀ ਹਾਂਪੱਖੀ ਸੋਚ ਰਖਦੇ ਸਨ। ਹਰਦੀਪ ਸਿੰਘ ਨਿੱਜਰ ਕਤਲਕਾਂਡ ਅਤੇ ਵਿਦੇਸ਼ੀ ਦਖਲ ਦੇ ਦੋਸ਼ਾਂ ਵਰਗੇ ਤੱਥ ਭਾਰਤ ਪ੍ਰਤੀ ਕੈਨੇਡਾ ਵਾਸੀਆਂ ਦੀ ਸੋਚ ਨੂੰ ਨਾਂਹਪੱਖੀ ਬਣਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਕਤਲਕਾਂਡ ਵਿਚ ਭਾਰਤ ਦਾ ਹੱਥ ਹੋਣ ਦੇ ਦੋਸ਼ ਲਾਏ ਸਨ ਜਦਕਿ ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿਤਾ। ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਪੜਤਾਲ ਕਰ ਰਹੀ ਕੈਨੇਡੀਅਨ ਪੁਲਿਸ ਵੱਲੋਂ ਚਾਰ ਭਾਰਤੀ ਨਾਗਰਿਕਾਂ ਕਰਨ ਬਰਾੜ, ਅਮਨਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਦੀ ਗ੍ਰਿਫ਼ਤਾਰ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੀ ਅਦਾਲਤ ਵਿਚ ਅਗਲੀ ਪੇਸ਼ੀ 25 ਜੂਨ ਨੂੰ ਹੋਣੀ ਹੈ।

Tags:    

Similar News