ਉਨਟਾਰੀਓ ਵਿਚ ਤਿੰਨ ਕਤਲਾਂ ਦੀ ਸ਼ੱਕੀ ਵਿਰੁੱਧ ਟਲਿਆ ਮੁਕੱਦਮਾ

ਉਨਟਾਰੀਓ ਦੇ ਤਿੰਨ ਸ਼ਹਿਰਾਂ ਵਿਚ ਤਿੰਨ ਜਣਿਆਂ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸਬਰੀਨਾ ਕੌਲਧਰ ਵਿਰੁੱਧ ਫਿਲਹਾਲ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।

Update: 2025-03-29 11:01 GMT

ਟੋਰਾਂਟੋ : ਉਨਟਾਰੀਓ ਦੇ ਤਿੰਨ ਸ਼ਹਿਰਾਂ ਵਿਚ ਤਿੰਨ ਜਣਿਆਂ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸਬਰੀਨਾ ਕੌਲਧਰ ਵਿਰੁੱਧ ਫਿਲਹਾਲ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਜੀ ਹਾਂ, ਟੋਰਾਂਟੋ ਦੀ ਅਦਾਲਤ ਨੇ ਸਬਰੀਨਾ ਨੂੰ ਮਾਨਸਿਕ ਤੌਰ ’ਤੇ ਬਿਮਾਰ ਮੰਨਦਿਆਂ ਮਨੋਰੋਗ ਮਾਹਰ ਤੋਂ ਇਲਾਜ ਕਰਵਾਉਣ ਦੀ ਹਦਾਇਤ ਦਿਤੀ ਹੈ। 30 ਸਾਲ ਦੀ ਸਬਰੀਨਾ ਕੌਲਧਰ ਨੂੰ ਪਿਛਲੇ ਸਾਲ ਅਕਤੂਬਰ ਵਿਚ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦਾ ਇਕ ਅਤੇ ਦੂਜੇ ਦਰਜੇ ਦੀ ਹੱਤਿਆ ਦੇ ਦੋ ਦੋਸ਼ ਆਇਦ ਕੀਤੇ ਗਏ ਸਨ।

ਅਦਾਲਤ ਨੇ ਮਨੋਰੋਗ ਮਾਹਰ ਤੋਂ ਇਲਾਜ ਕਰਵਾਉਣ ਦੀ ਹਦਾਇਤ ਦਿਤੀ

60 ਦਿਨ ਦੇ ਸਾਈਕੀਐਟ੍ਰਿਕ ਇਲਾਜ ਤੋਂ ਬਾਅਦ ਅਦਾਲਤ ਸਬਰੀਨਾ ਕੌਲਧਰ ਦੀ ਮਾਨਸਿਕ ਹਾਲਤ ਦਾ ਪੁਨਰ ਮੁਲਾਂਕਣ ਕਰੇਗੀ। ਇਥੇ ਦਸਣਾ ਬਣਦਾ ਹੈ ਕਿ ਪ੍ਰੌਸੀਕਿਊਸ਼ਨ ਦੀ ਅਰਜ਼ੀ ’ਤੇ ਉਨਟਾਰੀਓ ਕੋਰਟ ਆਫ਼ ਜਸਟਿਸ ਵੱਲੋਂ ਸਬਰੀਨਾ ਦੀ ਮੈਂਟਲ ਫਿਟਨੈਸ ਪਤਾ ਕਰਨ ਦੇ ਹੁਕਮ ਦਿਤੇ ਗਏ ਸਨ। ਬਚਾਅ ਪੱਖ ਦੇ ਵਕੀਲਾਂ ਵੱਲੋਂ ਵੀ ਮਾਨਸਿਕ ਸਿਹਤ ਦੇ ਮੁਲਾਂਕਣ ਦੀ ਮੰਗ ਕੀਤੀ ਗਈ ਪਰ ਬਾਅਦ ਵਿਚ ਅਰਜ਼ੀ ਵਾਪਸ ਲੈ ਲਈ। ਬਚਾਅ ਪੱਖ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਸਬਰੀਨਾ ਦੇ ਕਹਿਣ ’ਤੇ ਉਨ੍ਹਾਂ ਵੱਲੋਂ ਇਹ ਸਟੈਂਡ ਅਖਤਿਆਰ ਕੀਤਾ ਗਿਆ। ਜਾਨ ਗਵਾਉਣ ਵਾਲਿਆਂ ਵਿਚ 60 ਸਾਲ ਦੀ ਇਕ ਔਰਤ ਅਤੇ 47 ਸਾਲ ਤੇ 77 ਸਾਲ ਦੇ ਦੋ ਮਰਦ ਸਨ ਜਿਨ੍ਹਾਂ ਨੂੰ ਹੈਮਿਲਟਨ, ਟੋਰਾਂਟੋ ਅਤੇ ਨਿਆਗਰਾ ਫਾਲਜ਼ ਵਿਖੇ ਕਤਲ ਕੀਤਾ ਗਿਆ।

60 ਦਿਨ ਦੇ ਇਲਾਜ ਮਗਰੋਂ ਕੀਤਾ ਜਾਵੇਗਾ ਪੁਨਰ ਮੁਲਾਂਕਣ

ਨਿਆਗਰਾ ਰੀਜਨਲ ਪੁਲਿਸ ਦੇ ਮੁਖੀ ਬਿਲ ਫੌਰਡੀ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਸਬਰੀਨਾ ਨੂੰ ਸੀਰੀਅਲ ਕਿਲਰ ਕਰਾਰ ਦਿਤਾ ਸੀ। ਸਬਰੀਨਾ ਨੂੰ ਟੋਰਾਂਟੋ ਦੇ ਬਾਹਰੀ ਇਲਾਕੇ ਦੇ ਇਕ ਹੋਟਲ ਵਿਚੋਂ ਕਾਬੂ ਕੀਤਾ ਗਿਆ ਜਦੋਂ ਹਰ ਕਤਲ ਨਾਲ ਸਬੰਧਤ ਸ਼ੱਕੀ ਵੇਰਵੇ ਉਸ ਨਾਲ ਮੇਲ ਖਾਣ ਲੱਗੇ। 

Tags:    

Similar News