ਟੋਰਾਂਟੋ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਭਾਰਤੀ ਨੌਜਵਾਨ

ਟੋਰਾਂਟੋ ਦੇ ਡਾਊਨ ਟਾਊਨ ਦੇ ਇਕ ਹੋਟਲ ਵਿਚ ਸਾਹਮਣੇ ਆਏ ਸੈਕਸ਼ੁਅਲ ਅਸਾਲਟ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ 35 ਸਾਲ ਦੇ ਮਨੀਸ਼ ਪਾਟਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Update: 2024-06-15 11:26 GMT

ਟੋਰਾਂਟੋ : ਟੋਰਾਂਟੋ ਦੇ ਡਾਊਨ ਟਾਊਨ ਦੇ ਇਕ ਹੋਟਲ ਵਿਚ ਸਾਹਮਣੇ ਆਏ ਸੈਕਸ਼ੁਅਲ ਅਸਾਲਟ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ 35 ਸਾਲ ਦੇ ਮਨੀਸ਼ ਪਾਟਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਟਰਲੂ ਦੇ ਮਨੀਸ਼ ਪਾਟਿਲ ਦੀ ਗ੍ਰਿਫ਼ਤਾਰੀ ਮਗਰੋਂ ਟੋਰਾਂਟੋ ਪੁਲਿਸ ਨੇ ਕਿਹਾ ਕਿ ਸ਼ੱਕੀ ਸੰਭਾਵਤ ਤੌਰ ’ਤੇ ਕਈ ਹੋਟਲਾਂ ਵਿਚ ਕੰਮ ਕਰ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਪੀੜਤਾਂ ਦੀ ਗਿਣਤੀ ਵਧ ਹੋ ਸਕਦੀ ਹੈ। ਦੂਜੇ ਪਾਸੇ ਵੌਅਨ ਵਿਖੇ ਘਰ ਦੇ ਬਾਹਰ ਖੜ੍ਹੇ ਇਕ ਟੋਅ ਟਰੱਕ ਨੂੰ ਅੱਗ ਲਾ ਕੇ ਫਰਾਰ ਹੋਏ ਸ਼ੱਕੀ ਦੀ ਪੁਲਿਸ ਭਾਲ ਕਰ ਰਹੀ ਹੈ।

ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸੈਕਸ਼ੁਅਲ ਅਸਾਲਟ ਦੀ ਘਟਨਾ ਪਿਛਲੇ ਸਾਲ 14 ਅਕਤੂਬਰ ਨੂੰ ਸਾਹਮਣੇ ਆਈ। ਹੋਟਲ ਵਿਚ ਠਹਿਰੀ ਪੀੜਤ ਬਾਰ ਵਿਚ ਗਈ ਤਾਂ ਉਥੇ ਮੌਜੂਦ ਬਾਰਟੈਂਡਰ ਨੇ ਇਹ ਕਹਿੰਦਿਆਂ ਇਕ ਡ੍ਰਿੰਕ ਪੇਸ਼ ਕੀਤਾ ਕਿ ਇਹ ਮੇਰਾ ਖਾਸ ਡ੍ਰਿੰਕ ਹੈ। ਬਾਰਟੈਂਡਰ ਵੱਲੋਂ ਦਿਤਾ ਡ੍ਰਿੰਕ ਪੀਣ ਮਗਰੋਂ ਪੀੜਤ ਬੇਹੋਸ਼ੀ ਦੀ ਹਾਲਤ ਵਿਚ ਚਲੀ ਗਈ ਅਤੇ ਬਾਰਟੈਂਡਰ ਨੇ ਕਥਿਤ ਤੌਰ ’ਤੇ ਇਸ ਦਾ ਫਾਇਦਾ ਉਠਾਇਆ। ਪੁਲਿਸ ਨੇ ਮਨੀਸ਼ ਪਾਟਿਲ ਵਿਰੁੱਧ ਸੈਕਸ਼ੁਅਲ ਅਸਾਲਟ ਦਾ ਦੋਸ਼ ਆਇਦ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸੇ ਦੌਰਾਨ ਵੌਅਨ ਵਿਖੇ ਸ਼ੁੱਕਰਵਾਰ ਵੱਡੇ ਤੜਕੇ ਤਕਰੀਬਨ ਢਾਈ ਵਜੇ ਇਕ ਟੋਅ ਟਰੱਕ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਯਾਰਕ ਰੀਜਨਲ ਪੁਲਿਸ ਨੇ ਪੜਤਾਲ ਆਰੰਭੀ ਤਾਂ ਸੀ.ਸੀ.ਟੀ.ਵੀ. ਫੁਟੇਜ ਵਿਚ ਇਕ ਸ਼ੱਕੀ ਅੱਗ ਲਾ ਕੇ ਫਰਾਰ ਹੁੰਦਾ ਨਜ਼ਰ ਆਇਆ।

ਸਿਟੀਵਿਊ ਬੁਲੇਵਾਰਡ ਅਤੇ ਕੈਨੇਡਾ ਡਰਾਈਵ ਇਲਾਕੇ ਵਿਚ ਵਾਪਰੀ ਵਾਰਦਾਤ ਨਾਲ ਸਬੰਧਤ ਵੀਡੀਓ ਪੁਲਿਸ ਨੇ ਜਨਤਕ ਕਰ ਦਿਤੀ ਹੈ। ਗਰੇਅ ਐਸ.ਯੂ.ਵੀ. ਵਿਚ ਆਏ ਸ਼ੱਕੀ ਨੇ ਆਪਣੀ ਗੱਡੀ ਦੀਆਂ ਹੈਡਲਾਈਟਸ ਬੰਦ ਕੀਤੀਆਂ ਹੋਈਆਂ ਸਨ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਗੂੜੇ ਰੰਗ ਦੇ ਕੱਪੜਿਆਂ ਵਾਲਾ ਸ਼ੱਕੀ ਆਪਣੀ ਗੱਡੀ ਵਿਚੋਂ ਬਾਹਰ ਆਉਂਦਾ ਹੈ ਅਤੇ ਟੋਅ ਟਰੱਕ ’ਤੇ ਕਿਸੇ ਚੀਜ਼ ਦਾ ਛਿੜਕਾਅ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਟੋਅ ਟਰੱਕ ’ਤੇ ਛਿੜਕੀ ਚੀਜ਼ ਕੋਈ ਬਲਣਸ਼ੀਲ ਤਰਲ ਪਦਾਰਥ ਹੋਵੇਗਾ ਜਿਸ ਨੇ ਅੱਗ ਨੂੰ ਤੇਜ਼ੀ ਨਾਲ ਫੈਲਣ ਵਿਚ ਮਦਦ ਕੀਤੀ। ਐਮਰਜੰਸੀ ਕਾਮਿਆਂ ਨੇ ਅੱਗ ਬੁਝਾਉਣ ਮਗਰੋਂ ਦੱਸਿਆ ਕਿ ਟੋਅ ਟਰੱਕ ਵਿਚ ਕੋਈ ਮੌਜੂਦ ਨਹੀਂ ਸੀ ਅਤੇ ਕਿਸੇ ਪ੍ਰਾਪਰਟੀ ਨੂੰ ਅੱਗ ਨਾਲ ਕੋਈ ਨੁਕਸਾਨ ਨਹੀਂ ਪੁੱਜਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਅਗਜ਼ਨੀ ਦੀ ਇਸ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ।

Tags:    

Similar News