ਟੋਰਾਂਟੋ : 14 ਸਾਲ ਦੇ ਅੱਲ੍ਹੜ ਨੂੰ ਗੋਲੀ ਮਾਰੀ, 2 ਜਣੇ ਗ੍ਰਿਫ਼ਤਾਰ
ਸਕਾਰਬ੍ਰੋਅ ਵਿਖੇ ਦਿਨ ਦਿਹਾੜੇ ਗੋਲੀਬਾਰੀ ਦੌਰਾਨ 14 ਸਾਲ ਦੇ ਅੱਲ੍ਹੜ ਨੂੰ ਗੰਭੀਰ ਜ਼ਖਮੀ ਕਰਨ ਵਾਲੇ 2 ਨਾਬਾਲਗਾਂ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ
ਟੋਰਾਂਟੋ : ਸਕਾਰਬ੍ਰੋਅ ਵਿਖੇ ਦਿਨ ਦਿਹਾੜੇ ਗੋਲੀਬਾਰੀ ਦੌਰਾਨ 14 ਸਾਲ ਦੇ ਅੱਲ੍ਹੜ ਨੂੰ ਗੰਭੀਰ ਜ਼ਖਮੀ ਕਰਨ ਵਾਲੇ 2 ਨਾਬਾਲਗਾਂ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਲਾਰੈਂਸ ਈਸਟ ਅਤੇ ਵਾਰਡਨ ਐਵੇਨਿਊ ਇਲਾਕੇ ਵਿਚ ਬਾਅਦ ਦੁਪਹਿਰ ਤਕਰੀਬਨ 4 ਵਜੇ 14 ਸਾਲ ਦਾ ਇਕ ਅੱਲ੍ਹੜ ਟੀ.ਟੀ.ਸੀ. ਦੀ ਬੱਸ ਵਿਚ ਸਵਾਰ ਹੋਇਆ ਅਤੇ ਬੱਸ ਵਿਚ ਮੌਜੂਦ ਦੋ ਹੋਰਨਾਂ ਅੱਲ੍ਹੜਾਂ ਨਾਲ ਉਸ ਦਾ ਝਗੜਾ ਹੋ ਗਿਆ।
ਸਕਾਰਬ੍ਰੋਅ ਵਿਖੇ ਵਾਪਰੀ ਹੌਲਨਾਕ ਘਟਨਾ
ਝਗੜੇ ਮਗਰੋਂ ਤਿੰਨੋ ਜਣਿਆਂ ਨੂੰ ਬੱਸ ਵਿਚੋਂ ਉਤਾਰ ਦਿਤਾ ਗਿਆ ਪਰ ਇਸੇ ਦੌਰਾਨ ਇਕ ਸ਼ੱਕੀ ਨੇ ਪਸਤੌਲ ਕੱਢ ਲਈ ਅਤੇ 14 ਸਾਲ ਦੇ ਅੱਲ੍ਹੜ ਵੱਲ ਕਈ ਗੋਲੀਆਂ ਚਲਾ ਦਿਤੀਆਂ। ਪੁਲਿਸ ਮੁਤਾਬਕ ਅੱਲ੍ਹੜ ਦੀ ਲੱਤ ਵਿਚ ਗੋਲੀ ਅਤੇ ਜਾਨ ਬਚਾ ਕੇ ਦੌੜਨ ਦਾ ਯਤਨ ਕੀਤਾ ਪਰ ਸ਼ੱਕੀਆਂ ਨੇ ਉਸ ਦਾ ਪਿੱਛਾ ਕਰਦਿਆਂ ਫੜ ਲਿਆ ਅਤੇ ਕੁਟਮਾਰ ਕੀਤੀ। 14 ਸਾਲ ਦੇ ਅੱਲ੍ਹੜ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਇਸੇ ਦੌਰਾਨ ਟੋਰਾਂਟੋ ਦੇ ਗੰਨ ਐਂਡ ਗੈਂਗ ਟਾਸਕ ਫੋਰਸ ਨੇ ਮਾਮਲਾ ਆਪਣੇ ਹੱਥਾਂ ਵਿਚ ਲੈਂਦਿਆਂ ਪੜਤਾਲ ਆਰੰਭ ਦਿਤੀ ਅਤੇ ਸ਼ੱਕੀਆਂ ਦੀ ਸ਼ਨਾਖਤ ਕਰਦਿਆਂ ਗ੍ਰਿਫ਼ਤਾਰ ਕਰ ਲਿਆ।