Canada ਵਿਚ ਇਕੋ ਘਰ ’ਤੇ 3 ਵਾਰ ਚੱਲੀਆਂ ਗੋਲੀਆਂ

ਕੈਨੇਡਾ ਵਿਚ ਸਾਊਥ ਏਸ਼ੀਅਨ ਕਾਰੋਬਾਰੀਆਂ ਦੇ ਘਰਾਂ ਉਤੇ ਗੋਲੀਆਂ ਚਲਾਉਣ ਦੇ ਇਕ ਹੋਰ ਮਾਮਲੇ ਦੀ ਪੜਤਾਲ ਆਰੰਭੀ ਗਈ ਹੈ ਜਿਸ ਦੌਰਾਨ ਸਰੀ ਦੇ ਇਕ ਘਰ ਨੂੰ ਤਿੰਨ ਵਾਰ ਨਿਸ਼ਾਨਾ ਬਣਾਇਆ ਗਿਆ

Update: 2026-01-01 13:34 GMT

ਸਰੀ : ਕੈਨੇਡਾ ਵਿਚ ਸਾਊਥ ਏਸ਼ੀਅਨ ਕਾਰੋਬਾਰੀਆਂ ਦੇ ਘਰਾਂ ਉਤੇ ਗੋਲੀਆਂ ਚਲਾਉਣ ਦੇ ਇਕ ਹੋਰ ਮਾਮਲੇ ਦੀ ਪੜਤਾਲ ਆਰੰਭੀ ਗਈ ਹੈ ਜਿਸ ਦੌਰਾਨ ਸਰੀ ਦੇ ਇਕ ਘਰ ਨੂੰ ਤਿੰਨ ਵਾਰ ਨਿਸ਼ਾਨਾ ਬਣਾਇਆ ਗਿਆ। ਆਰ.ਸੀ.ਐਮ.ਪੀ. ਦੇ ਸਰੀ ਪ੍ਰੋਵਿਨਸ਼ੀਅਲ ਅਪ੍ਰੇਸ਼ਨ ਸਪੋਰਟ ਯੂਨਿਟ ਨੇ ਦੱਸਿਆ ਕਿ ਗਿਲਫਰਡ ਇਲਾਕੇ ਵਿਚ 140 ਏ ਸਟ੍ਰੀਟ ਦੇ 11 ਹਜ਼ਾਰ ਬਲਾਕ ਦੇ ਘਰ ਨੂੰ ਪਹਿਲੀ ਵਾਰ 7 ਦਸੰਬਰ ਨੂੰ ਸਵੇਰੇ ਤਕਰੀਬਨ ਸਾਢੇ ਅੱਠ ਵਜੇ ਨਿਸ਼ਾਨਾ ਬਣਾਇਆ ਗਿਆ ਜਦਕਿ 27 ਦਸੰਬਰ ਨੂੰ ਸਵੇਰੇ ਪੌਣੇ ਅੱਠ ਵਜੇ ਮੁੜ ਗੋਲੀਆਂ ਚੱਲੀਆਂ। ਇਸ ਮਗਰੋਂ 28 ਦਸੰਬਰ ਨੂੰ ਵੱਡੇ ਤੜਕੇ ਤਕਰੀਬਨ ਤਿੰਨ ਵਜੇ ਸ਼ੱਕੀਆਂ ਨੇ ਘਰ ’ਤੇ ਤੀਜੀ ਵਾਰ ਗੋਲੀਆਂ ਚਲਾਈਆਂ।

ਪੁਲਿਸ ਮੁਤਾਬਕ ਵਾਰਦਾਤਾਂ ਐਕਸਟੌਰਸ਼ਨ ਨਾਲ ਸਬੰਧਤ ਨਹੀਂ

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਕੋ ਘਰ ਨੂੰ ਤਿੰਨ ਵਾਰ ਨਿਸ਼ਾਨਾ ਬਣਾਏ ਜਾਣ ਦੀਆਂ ਵਾਰਦਾਤਾਂ ਐਕਸਟੌਰਸ਼ਨ ਅਤੇ ਬੀ.ਸੀ. ਦੀ ਗੈਂਗਵਾਰ ਨਾਲ ਸਬੰਧਤ ਨਹੀਂ ਪਰ ਘਰ ਦੇ ਕਿਸੇ ਵਸਨੀਕ ਨਾਲ ਦੁਸ਼ਮਣੀ ਦਾ ਨਤੀਜਾ ਹੋ ਸਕਦੀਆਂ ਹਨ। ਗੋਲੀਬਾਰੀ ਦੀ ਹਰ ਵਾਰਦਾਤ ਮਗਰੋਂ ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਪਤਾ ਲੱਗਾ ਕਿ ਸ਼ੱਕੀਆਂ ਨੇ ਗੱਡੀ ਵਿਚ ਬੈਠੇ ਬੈਠੇ ਫ਼ਾਇਰਿੰਗ ਕੀਤੀ ਪਰ ਖੁਸ਼ਕਿਸਮਤੀ ਨਾਲ ਘਰ ਦਾ ਕੋਈ ਪਰਵਾਰਕ ਮੈਂਬਰ ਜਾਂ ਆਂਢ ਗੁਆਂਢ ਦਾ ਕੋਈ ਸ਼ਖਸ ਜ਼ਖਮੀ ਨਹੀਂ ਹੋਇਆ। ਪੁਲਿਸ ਵੱਲੋਂ ਇਸ ਮਾਮਲੇ ਵਿਚ ਫ਼ਿਲਹਾਲ ਕੋਈ ਗ੍ਰਿਫ਼ਤਾਰੀ ਵੀ ਨਹੀਂ ਕੀਤੀ ਗਈ।

ਪਰਵਾਰ ਦੇ ਕਿਸੇ ਮੈਂਬਰ ਨਾਲ ਦੁਸ਼ਮਣੀ ਕੱਢੇ ਜਾਣ ਦਾ ਸ਼ੱਕ

7 ਦਸੰਬਰ ਦੀ ਵਾਰਦਾਤ ਦਾ ਜ਼ਿਕਰ ਕਰਦਿਆਂ ਜਾਂਚਕਰਤਾਵਾਂ ਨੇ ਦੱਸਿਆ ਕਿ ਸਰੀ ਫਾਇਰ ਸਰਵਿਸ ਵੱਲੋਂ 125 ਸਟ੍ਰੀਟ ਦੇ 10200 ਬਲਾਕ ਵਿਚ ਇਕ ਗੱਡੀ ਨੂੰ ਅੱਗ ਲੱਗਣ ਮਗਰੋਂ ਸਰੀ ਪੁਲਿਸ ਤੋਂ ਮਦਦ ਮੰਗੀ ਗਈ ਪਰ ਕੁਝ ਮਿੰਟ ਬਾਅਦ 140 ਏ ਸਟ੍ਰੀਟ ਦੇ 11 ਹਜ਼ਾਰ ਬਲਾਕ ਵਿਚ ਇਕ ਘਰ ਉਤੇ ਗੋਲੀਆਂ ਚੱਲਣ ਦੀ ਇਤਲਾਹ ਆ ਗਈ। ਪੁਲਿਸ ਨੇ ਉਸ ਵੇਲੇ ਕਿਹਾ ਸੀ ਕਿ ਅੱਗ ਲੱਗਣ ਅਤੇ ਗੋਲੀਆਂ ਚੱਲਣ ਦੀ ਵਾਰਦਾਤ ਆਪਸ ਵਿਚ ਸਬੰਧਤ ਹੋ ਸਕਦੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਲਾਕੇ ਵਿਚ ਕੋਈ ਵੀ ਸ਼ੱਕੀ ਸਰਗਰਮੀ ਨਜ਼ਰ ਆਵੇ ਜਾਂ ਕਿਸੇ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਗੈਰ ਐਮਰਜੰਸੀ ਨੰਬਰ 604 599 0502 ’ਤੇ ਸੰਪਰਕ ਕੀਤਾ ਜਾਵੇ।

Tags:    

Similar News