ਕੈਨੇਡਾ ਦੇ ਸਿੱਖਾਂ ਉਤੇ ਮੁੜ ਮੰਡਰਾਇਆ ਖਤਰਾ
ਕੈਨੇਡਾ ਵਿਚ ਸਿੱਖਾਂ ਉਤੇ ਮੁੜ ਖਤਰਾ ਮੰਡਰਾਅ ਰਿਹਾ ਹੈ ਅਤੇ ਜਲਦ ਹੀ ਹਰਦੀਪ ਸਿੰਘ ਨਿੱਜਰ ਕਤਲਕਾਂਡ ਵਰਗੀਆਂ ਵਾਰਦਾਤਾਂ ਵਾਪਰ ਸਕਦੀਆਂ ਹਨ
ਟੋਰਾਂਟੋ : ਕੈਨੇਡਾ ਵਿਚ ਸਿੱਖਾਂ ਉਤੇ ਮੁੜ ਖਤਰਾ ਮੰਡਰਾਅ ਰਿਹਾ ਹੈ ਅਤੇ ਜਲਦ ਹੀ ਹਰਦੀਪ ਸਿੰਘ ਨਿੱਜਰ ਕਤਲਕਾਂਡ ਵਰਗੀਆਂ ਵਾਰਦਾਤਾਂ ਵਾਪਰ ਸਕਦੀਆਂ ਹਨ। ਜੀ ਹਾਂ, ਆਉਂਦੀ 23 ਨਵੰਬਰ ਨੂੰ ਔਟਵਾ ਵਿਖੇ ਖਾਲਿਸਤਾਨ ਬਾਰੇ ਸੰਕੇਤਕ ਰਾਏਸ਼ੁਮਾਰੀ ਹੋਣੀ ਹੈ ਅਤੇ ਇਸ ਤੋਂ ਪਹਿਲਾਂ ਕਈ ਸਿੱਖ ਨਿਸ਼ਾਨੇ ’ਤੇ ਆ ਚੁੱਕੇ ਹਨ। ਮਿਸਾਲ ਵਜੋਂ ਆਰ.ਸੀ.ਐਮ.ਪੀ. ਵੱਲੋਂ ਬਰੈਂਪਟਨ ਦੇ ਇੰਦਰਜੀਤ ਸਿੰਘ ਗੋਸਲ ਨੂੰ ਸੁਚੇਤ ਕੀਤਾ ਗਿਆ ਹੈ ਕਿ ਕੁਝ ਹਫਤਿਆਂ ਵਿਚ ਹੀ ਉਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਇੰਦਰਜੀਤ ਸਿੰਘ ਗੋਸਲ ਨੂੰ ਰਸਮੀ ਤੌਰ ’ਤੇ ਖਤਰੇ ਬਾਰੇ ਜਾਣੂ ਕਰਵਾਉਂਦਿਆਂ ਆਰ.ਸੀ.ਐਮ.ਪੀ. ਨੇ ਕਿਹਾ ਹੈ ਕਿ ਹਥਿਆਰਬੰਦ ਸ਼ੱਕੀ ਪੁੱਜ ਚੁੱਕੇ ਹਨ ਅਤੇ ਮੌਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇੰਦਰਜੀਤ ਸਿੰਘ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਪਰ ਉਸ ਨੇ ਆਪਣੇ ਕੰਮਕਾਜ ਵਿਚ ਅੜਿੱਕੇ ਪੈਣ ਦਾ ਜ਼ਿਕਰ ਕਰਦਿਆਂ ਸੁਰੱਖਿਆ ਲੈਣ ਤੋਂ ਨਾਂਹ ਕਰ ਦਿਤੀ। ਦੱਸ ਦੇਈਏ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਸਾਰੀ ਜ਼ਿੰਮੇਵਾਰੀ ਇੰਦਰਜੀਤ ਸਿੰਘ ਗੋਸਲ ਵੱਲੋਂ ਨਿਭਾਈ ਜਾ ਰਹੀ ਹੈ।
ਨਿੱਜਰ ਕਤਲਕਾਂਡ ਦੁਹਰਾਏ ਜਾਣ ਦਾ ਡਰ
ਗੋਸਲ ਨੇ ਆਰ.ਸੀ.ਐਮ.ਪੀ. ਦੀ ਚਿਤਾਵਨੀ ਬਾਰੇ ਵਿਸਤਾਰਤ ਵੇਰਵੇ ਦੇਣ ਤੋਂ ਨਾਂਹ ਕਰ ਦਿਤੀ ਪਰ ਐਨਾ ਜ਼ਰੂਰ ਕਿਹਾ ਕਿ ਇਹ ਖਤਰਾ ਕਥਿਤ ਤੌਰ ’ਤੇ ਭਾਰਤ ਸਰਕਾਰ ਵੱਲੋਂ ਪੈਦਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਨਵੀਂ ਦਿੱਲੀ ਵਿਖੇ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰਦਿਆਂ ਭਾਰਤ ਨਾਲ ਸਬੰਧਾਂ ਨੂੰ ਸੁਖਾਵੇਂ ਬਣਾਉਣ ਦਾ ਯਤਨ ਕੀਤਾ ਗਿਆ ਹੈ ਪਰ ਪੁਲਿਸ ਦੀ ਤਾਜ਼ਾ ਚਿਤਾਵਨੀ ਡੂੰਘੀਆਂ ਚਿੰਤਾਵਾਂ ਪੈਦਾ ਕਰ ਰਹੀ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਸਿਰਫ਼ ਇਕ ਜਣੇ ਨੂੰ ਚਿਤਾਵਨੀ ਨਹੀਂ ਮਿਲੀ ਸਗੋਂ ਕਈ ਸਿੱਖ ਆਗੂਆਂ ਨੂੰ ਸੁਚੇਤ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਅਤੇ ਕੈਨੇਡੀਅਨ ਖੁਫੀਆ ਏਜੰਸੀ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਕਿ ਕੀ ਭਾਰਤ ਸਰਕਾਰ ਮੁੜ ਕੈਨੇਡਾ ਵਿਚ ਆਪਣੇ ਵਿਰੋਧੀਆਂ ਦੇ ਪਿੱਛੇ ਪੈ ਚੁੱਕੀ ਹੈ। ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਦੀ ਤਰਜਮਾਨ ਨੇ ਕਿਹਾ ਕਿ ਭਾਰਤ ਨਾਲ ਸਬੰਧਤ ਪੜਤਾਲ ਦੇ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ। ਪਰ ਅਤੀਤ ਵਿਚ ਖੁਫੀਆ ਏਜੰਸੀ ਸਾਫ਼ ਤੌਰ ’ਤੇ ਆਖ ਚੁੱਕੀ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡਾ ਵਿਚ ਆਪਣੇ ਲੁਕਵੇਂ ਏਜੰਟਾਂ ਰਾਹੀਂ ਵੱਡੇ ਪੱਧਰ ’ਤੇ ਸਰਗਰਮੀਆਂ ਚਲਾਉਂਦਿਆਂ ਕੈਨੇਡੀਅਨ ਸਿਆਸਤਦਾਨਾਂ ਅਤੇ ਕਮਿਊਨਿਟੀਜ਼ ਨੂੰ ਪ੍ਰਭਾਵਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਚੇਤੇ ਰਹੇ ਕਿ ਆਰ.ਸੀ.ਐਮ.ਪੀ. ਵੱਲੋਂ ਸਿੱਖਾਂ ਨੂੰ ਜਾਨ ਦੇ ਖਤਰਿਆਂ ਤੋਂ ਸੁਚੇਤ ਕਰਨ ਦਾ ਸਿਲਸਿਲਾ 2022 ਵਿਚ ਆਰੰਭਿਆ ਗਿਆ ਅਤੇ ਹਰਦੀਪ ਸਿੰਘ ਨਿੱਜਰ ਸਣੇ ਕਈ ਜਣੇ ਸੂਚੀ ਵਿਚ ਸ਼ਾਮਲ ਸਨ।
ਆਰ.ਸੀ.ਐਮ.ਪੀ. ਵੱਲੋਂ ਕਈ ਸਿੱਖਾਂ ਨੂੰ ਚਿਤਾਵਨੀ
ਸਿੱਖ ਆਗੂਆ ਨੂੰ ਇਥੋਂ ਤੱਕ ਆਖ ਦਿਤਾ ਗਿਆ ਕਿ ਉਹ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਚਲੇ ਜਾਣ। ਆਰ.ਸੀ.ਐਮ.ਪੀ. ਨੇ ਪਿਛਲੇ ਸਾਲ ਅਕਤੂਬਰ ਵਿਚ ਭਾਰਤ ਸਰਕਾਰ ਦੇ ਏਜੰਟਾਂ ਨੂੰ ਖਾਲਿਸਤਾਨ ਹਮਾਇਤੀਆਂ ਵਿਰੁੱਧ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਸੀ। ਕੈਨੇਡੀਅਨ ਪੁਲਿਸ ਨੇ ਕਿਹਾ ਸੀ ਕਿ ਭਾਰਤੀ ਡਿਪਲੋਮੈਟਸ ਅਤੇ ਕੌਂਸਲਰ ਅਧਿਕਾਰੀਆਂ ਵੱਲੋਂ ਜਾਣਕਾਰੀ ਇਕੱਤਰ ਕਰ ਕੇ ਰਿਸਰਚ ਐਂਡ ਅਨੈਲੇਸਿਸ ਵਿੰਗ ਨੂੰ ਭੇਜੀ ਜਾਂਦੀ ਹੈ ਅਤੇ ਇਸ ਮਗਰੋਂ ਰਾਅ ਵੱਲੋਂ ਭਾੜੇ ਦੇ ਕਾਤਲਾਂ ਨੂੰ ਕੰਮ ਸੌਂਪਿਆ ਜਾਂਦਾ ਹੈ। ਉਧਰ, ਸਿੱਖ ਫੈਡਰੇਸ਼ਨ ਕੈਨੇਡਾ ਦੇ ਬੁਲਾਰੇ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਛੇ ਮਹੀਨੇ ਪਹਿਲਾਂ ਆਰ.ਸੀ.ਐਮ.ਪੀ. ਵਾਲੇ ਜਾਨ ਦੇ ਖਤਰੇ ਬਾਰੇ ਸੁਚੇਤ ਕਰ ਚੁੱਕੇ ਹਨ। ਮਨਿੰਦਰ ਸਿੰਘ ਮੁਤਾਬਕ ਉਨ੍ਹਾਂ ਨੂੰ ਪਹਿਲੀ ਚਿਤਾਵਨੀ 2022 ਵਿਚ ਮਿਲੀ ਸੀ। ਇਸੇ ਦੌਰਾਨ ਬਲਪ੍ਰੀਤ ਸਿੰਘ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਜਲਦ ਤੋਂ ਜਲਦ ਅਤਿਵਾਦੀ ਜਥੇਬੰਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇ ਜਿਸ ਨੂੰ ਭਾਰਤ ਸਰਕਾਰ ਵੱਲੋਂ ਕਥਿਤ ਤੌਰ ’ਤੇ ਹਮਲੇ ਕਰਵਾਉਣ ਵਾਸਤੇ ਵਰਤਿਆ ਜਾ ਰਿਹਾ ਹੈ।