ਕੈਨੇਡਾ ਦੇ ਹਵਾਈ ਅੱਡਿਆਂ ’ਤੇ ਫਸੇ ਹਜ਼ਾਰਾਂ ਮੁਸਾਫ਼ਰ
ਕੈਨੇਡਾ ਦੇ ਹਵਾਈ ਅੱਡਿਆਂ ’ਤੇ ਹਜ਼ਾਰਾਂ ਮੁਸਾਫ਼ਰ ਫਸ ਗਏ ਜਦੋਂ ਤਕਨੀਕੀ ਖਰਾਬੀ ਕਾਰਨ ਸੈਲਫ਼ ਸਰਵਿਸ ਵਾਲੇ ਇੰਸਪੈਕਸ਼ਨ ਕਿਔਸਕਸ ਨੇ ਕੰਮ ਕਰਨਾ ਬੰਦ ਕਰ ਦਿਤਾ।
ਟੋਰਾਂਟੋ : ਕੈਨੇਡਾ ਦੇ ਹਵਾਈ ਅੱਡਿਆਂ ’ਤੇ ਹਜ਼ਾਰਾਂ ਮੁਸਾਫ਼ਰ ਫਸ ਗਏ ਜਦੋਂ ਤਕਨੀਕੀ ਖਰਾਬੀ ਕਾਰਨ ਸੈਲਫ਼ ਸਰਵਿਸ ਵਾਲੇ ਇੰਸਪੈਕਸ਼ਨ ਕਿਔਸਕਸ ਨੇ ਕੰਮ ਕਰਨਾ ਬੰਦ ਕਰ ਦਿਤਾ। ਟੋਰਾਂਟੋ ਦਾ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਮੌਂਟਰੀਅਲ ਦਾ ਟਰੂਡੋ ਇੰਟਰਨੈਸ਼ਨਲ ਏਅਰਪੋਰਟ ਅਤੇ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਸਭ ਤੋਂ ਵੱਧ ਪ੍ਰਭਾਵਤ ਹੋਏ ਜਦਕਿ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਘੱਟ ਅਸਰ ਦੇਖਣ ਨੂੰ ਮਿਲਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਐਤਵਾਰ ਬਾਅਦ ਦੁਪਹਿਰ ਸਮੱਸਿਆ ਸ਼ੁਰੂ ਹੋਈ ਅਤੇ ਫਿਲਹਾਲ ਇਸ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।
ਇੰਸਪੈਕਸ਼ਨ ਕਿਔਸਕਸ ਵਿਚ ਤਕਨੀਕੀ ਖਰਾਬੀ ਬਣੀ ਕਾਰਨ
ਮੁਸਾਫ਼ਰਾਂ ਦੀ ਭੀੜ ਨੂੰ ਵੇਖਦਿਆਂ ਮੈਨੁਅਲ ਤਰੀਕੇ ਨਾਲ ਮੁਸਾਫ਼ਰਾਂ ਦੀ ਜਾਂਚ-ਪੜਤਾਲ ਆਰੰਭੀ ਗਈ ਪਰ ਉਸ ਵੇਲੇ ਤੱਕ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਸਨ। ਸੋਮਵਾਰ ਸਵੇਰ ਤੱਕ ਸਮੱਸਿਆ ਹੱਲ ਹੋ ਗਈ ਪਰ ਮੁਸਾਫ਼ਰਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ ਏਅਰਪੋਰਟ ਵੱਲ ਰਵਾਨਾ ਹੋਣ। ਉਧਰ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਿਨਨ ਨੇ ਕਿਹਾ ਕਿ ਹਾਲਾਤ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਇਸੇ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਹਵਾਈ ਅੱਡਾ ਪ੍ਰਬੰਧਕਾਂ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ। ਸੁਰੱਖਿਆ ਮਾਪਦੰਡਾਂ ਨੂੰ ਹਰ ਹਾਲਤ ਵਿਚ ਬਹਾਲ ਰੱਖਣਾ ਲਾਜ਼ਮੀ ਹੈ ਅਤੇ ਮੁਸਾਫ਼ਰਾਂ ਨੂੰ ਹੋਈ ਖੱਜਲ ਖੁਆਰੀ ਵਾਸਤੇ ਸੀ.ਬੀ.ਐਸ.ਏ. ਨੂੰ ਅਫ਼ਸੋਸ ਹੈ। ਦੂਜੇ ਪਾਸੇ ਹਵਾਈ ਅੱਡਿਆਂ ’ਤੇ ਫਸੇ ਮੁਸਾਫ਼ਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ।
ਸੀ.ਬੀ.ਐਸ.ਏ. ਨੇ ਖੱਜਲ-ਖੁਆਰੀ ਲਈ ਮੰਗੀ ਮੁਆਫ਼ੀ
ਕੈਲਗਰੀ ਹਵਾਈ ਅੱਡੇ ਫਸੇ ਐਰਿਕ ਨੇ ਕਿਹਾ ਕਿ ਉਸ ਨੇ ਟੋਰਾਂਟੋ ਜਾਣਾ ਸੀ ਪਰ ਲੰਮੀਆਂ ਕਤਾਰਾਂ ਹੋਣ ਕਾਰਨ ਦੋ ਫਲਾਈਟਸ ਮਿਸ ਹੋ ਗਈਆਂ। ਜਿਸ ਨੂੰ ਪੁੱਛੋ, ਇਹੋ ਕਹਿੰਦਾ ਹੈ ਸਬਰ ਰੱਖੋ ਜਲਦ ਹੀ ਸਭ ਕੁਝ ਠੀਕ ਹੋ ਜਾਵੇਗਾ। ਐਰਿਕ ਨੇ ਦੱਸਿਆ ਕਿ ਮੁਢਲੇ ਤੌਰ ’ਤੇ ਉਸ ਕੋਲ ਬੋਰਡਿੰਗ ਪਾਸ ਮੌਜੂਦ ਸੀ ਪਰ ਪਹਿਲੀ ਫਲਾਈਟ ਵਿਚ ਦੇਰ ਹੋਣ ਕਾਰਨ ਇਹ ਰੱਦ ਹੋ ਗਿਆ। ਦੂਜੀ ਫਲਾਈਟ ਵਾਸਤੇ ਬੋਰਡਿੰਗ ਪਾਸ ਹੀ ਨਾ ਮਿਲ ਸਕਿਆ ਕਿਉਂਕਿ ਤਕਨੀਕੀ ਖਰਾਬੀ ਕਰ ਕੇ ਕਿਔਸਕ ਠੱਪ ਪਏ ਸਨ। ਇਹ ਪਹਿਲੀ ਵਾਰ ਨਹੀਂ ਜਦੋਂ ਕਿਔਸਕ ਸਮੱਸਿਆ ਕਰ ਕੇ ਵੱਡੀ ਗਿਣਤੀ ਵਿਚ ਮੁਸਾਫ਼ਰਾਂ ਨੂੰ ਖੱਜਲ ਖੁਆਰ ਹੋਣਾ ਪਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਅਤੇ ਜੂਨ ਮਹੀਨਿਆਂ ਦੌਰਾਨ ਵੀ ਕੈਨੇਡੀਅਨ ਹਵਾਈ ਅੱਡਿਆਂ ’ਤੇ ਇਹੋ ਜਿਹੇ ਦ੍ਰਿਸ਼ ਨਜ਼ਰ ਆਏ ਸਨ।