ਕੈਨੇਡਾ ਛੱਡ ਕੇ ਜਾ ਰਹੇ ਹਜ਼ਾਰਾਂ ਪ੍ਰਵਾਸੀ

ਕੈਨੇਡਾ ਵਿਚ ਨਵੇਂ ਆਏ ਪ੍ਰਵਾਸੀਆਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਅਤੇ ਉਹ ਰਿਕਾਰਡ ਗਿਣਤੀ ਵਿਚ ਮੁਲਕ ਛੱਡ ਕੇ ਜਾ ਰਹੇ ਹਨ

Update: 2025-11-19 13:32 GMT

ਟੋਰਾਂਟੋ : ਕੈਨੇਡਾ ਵਿਚ ਨਵੇਂ ਆਏ ਪ੍ਰਵਾਸੀਆਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਅਤੇ ਉਹ ਰਿਕਾਰਡ ਗਿਣਤੀ ਵਿਚ ਮੁਲਕ ਛੱਡ ਕੇ ਜਾ ਰਹੇ ਹਨ। ਜੀ ਹਾਂ, ਇੰਮੀਗ੍ਰੇਸ਼ਨ ਬਾਰੇ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਹਰ ਪੰਜ ਵਿਚੋਂ ਇਕ ਹੁਨਰਮੰਦ ਪ੍ਰਵਾਸੀ ਕੈਨੇਡਾ ਛੱਡ ਕੇ ਜਾ ਰਿਹਾ ਹੈ ਅਤੇ ਘੱਟ ਪੜ੍ਹੇ-ਲਿਖੇ ਜਾਂ ਗੈਰਹੁਨਰਮੰਦ ਕਾਮਿਆਂ ਦਾ ਮੁਕਾਬਲੇ ਇਹ ਅੰਕੜਾ ਦੁੱਗਣਾ ਬਣਦਾ ਹੈ। ਇੰਸਟੀਚਿਊਟ ਆਫ਼ ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਕਾਨਫਰੰਸ ਬੋਰਡ ਆਫ਼ ਕੈਨੇਡਾ ਦੀ ਸਾਲਾਨਾ ਰਿਪੋਰਟ ਮੁਤਾਬਕ ਸਿੱਖਿਆ ਦਾ ਪੱਧਰ ਵਧਣ ਦੇ ਨਾਲ-ਨਾਲ ਪ੍ਰਵਾਸੀਆਂ ਦੇ ਮੁਲਕ ਛੱਡਣ ਦੇ ਆਸਾਰ ਵੀ ਵਧ ਜਾਂਦੇ ਹਨ। ਰਿਪੋਰਟ ਦੇ ਲੇਖਕਾਂ ਵੱਲੋਂ ਲਾਈ ਗਿਣਤੀ-ਮਿਣਤੀ ਕਹਿੰਦੀ ਹੈ ਕਿ ਅਗਲੇ ਸਾਲ ਆਉਣ ਵਾਲੇ 3 ਲੱਖ 80 ਹਜ਼ਾਰ ਪਰਮਾਨੈਂਟ ਰੈਜ਼ੀਡੈਂਟਸ ਵਿਚੋਂ 20 ਹਜ਼ਾਰ ਪ੍ਰਵਾਸੀ ਪੰਜ ਸਾਲ ਦੇ ਅੰਦਰ-ਅੰਦਰ ਕੈਨੇਡਾ ਛੱਡ ਜਾਣਗੇ।

ਇੰਮੀਗ੍ਰੇਸ਼ਨ ਬਾਰੇ ਤਾਜ਼ਾ ਰਿਪੋਰਟ ਵਿਚ ਹੈਰਾਨਕੁੰਨ ਦਾਅਵਾ

ਇਸੇ ਤਰ੍ਹਾਂ ਡਾਕਟ੍ਰੇਟ ਜਾਂ ਇਸ ਦੇ ਬਰਾਬਰ ਦੀ ਯੋਗਤਾ ਵਾਲੇ ਪ੍ਰਵਾਸੀਆਂ ਦੀ ਤੁਲਨਾ ਸਾਧਾਰਨ ਬੈਚਲਰ ਡਿਗਰੀ ਵਾਲੇ ਪ੍ਰਵਾਸੀਆਂ ਨਾਲ ਕੀਤੀ ਜਾਵੇ ਤਾਂ ਰਿਵਰਸ ਮਾਇਗ੍ਰੇਸ਼ਨ ਦਾ ਰੁਝਾਨ ਕਿਤੇ ਜ਼ਿਆਦਾ ਨਜ਼ਰ ਆਉਂਦਾ ਹੈ। ਆਉਣ ਵਾਲੇ ਦਹਾਕਿਆਂ ਦੌਰਾਨ ਵੀ ਬੇਹੱਦ ਮੰਗ ਵਾਲੇ ਕਿੱਤਿਆਂ ਨਾਲ ਸਬੰਧਤ ਅਤਿ ਹੁਨਰਮੰਦ ਪ੍ਰਵਾਸੀਆਂ ਦੇ ਕੈਨੇਡਾ ਛੱਡ ਕੇ ਜਾਣ ਦੇ ਆਸਾਰ ਜ਼ਿਆਦਾ ਬਣ ਰਹੇ ਹਨ। ਫਾਇਨਾਂਸ ਮੈਨੇਜਮੈਂਟ, ਇਨਫ਼ਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ, ਇੰਜਨੀਅਰਿੰਗ ਅਤੇ ਆਰਕੀਟੈਕਚਰ ਮੈਨੇਜਮੈਂਟ ਵਿਚ ਮੁਹਾਰਤ ਰੱਖਣ ਵਾਲੇ ਪ੍ਰਵਾਸੀਆਂ ਵੱਲੋਂ ਕੈਨੇਡਾ ਛੱਡਣ ਦੇ ਆਸਾਰ ਸਭ ਤੋਂ ਜ਼ਿਆਦਾ ਨਜ਼ਰ ਆ ਰਹੇ ਹਨ। ਕੈਨੇਡਾ ਦੇ ਹੈਲਥ ਕੇਅਰ ਸੈਕਟਰ ਨੂੰ ਪਹਿਲਾਂ ਹੀ ਡਾਕਟਰਾਂ ਅਤੇ ਨਰਸਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਹੋਰਨਾਂ ਖੇਤਰਾਂ ਨਾਲ ਸਬੰਧਤ ਅਤਿ ਹੁਨਰਮੰਦ ਕਾਮਿਆਂ ਵੱਲੋਂ 25 ਸਾਲ ਦੇ ਅੰਦਰ ਮੁਲਕ ਛੱਡਣ ਦੀ ਪੇਸ਼ੀਨਗੋਈ ਨੂੰ ਗੰਭੀਰ ਚਿਤਾਵਨੀ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਕੈਨੇਡਾ ਦੀ ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਹਾਊਸ ਆਫ਼ ਕਾਮਨਜ਼ ਦੀ ਕਮੇਟੀ ਅੱਗੇ ਪੇਸ਼ੀ ਦੌਰਾਨ ਦੱਸਿਆ ਕਿ ਹੈਲਥ ਕੇਅਰ ਸੈਕਟਰ ਵਰਗੇ ਅਹਿਮ ਕਿੱਤਿਆਂ ਵਿਚਲੀ ਕਿੱਲਤ ਦੂਰ ਕਰਨ ਲਈ ਸੰਤੁਲਤ ਇੰਮੀਗ੍ਰੇਸ਼ਨ ਯੋਜਨਾ ਨੂੰ ਅਪਣਾਇਆ ਗਿਆ ਹੈ।

2031 ਤੱਕ 20 ਹਜ਼ਾਰ ਪਰਮਾਨੈਂਟ ਰੈਜ਼ੀਡੈਂਟਸ ਦੀ ਵਾਪਸੀ ਦੇ ਆਸਾਰ

ਹਾਲ ਹੀ ਵਿਚ ਪਾਸ ਹੋਏ ਫ਼ੈਡਰਲ ਬਜਟ ਵਿਚ 97 ਮਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਰਕਮ ਨੂੰ ਵਿਦੇਸ਼ਾਂ ਵਿਚ ਹਾਸਲ ਸਿੱਖਿਆ ਨੂੰ ਕੈਨੇਡੀਅਨ ਮਾਨਤਾ ਵਾਸਤੇ ਵਰਤਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ ਜਿਸ ਰਾਹੀਂ ਕੈਨੇਡਾ ਦੀਆਂ ਇੰਮੀਗ੍ਰੇਸ਼ਨ ਜ਼ਰੂਰਤਾਂ ਮੁਤਾਬਕ ਵਿਦੇਸ਼ਾਂ ਵਿਚ ਹਾਸਲ ਸਿੱਖਿਆ ਨੂੰ ਮਾਨਤਾ ਦਿਤੀ ਜਾਵੇਗੀ। ਇਸੇ ਦੌਰਾਨ ਆਈ.ਸੀ.ਸੀ. ਦੀ ਰਿਪੋਰਟ ਕਹਿੰਦੀ ਹੈ ਕਿ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਹੈਲਥ ਕੇਅਰ ਪ੍ਰੋਫੈਸ਼ਨਲਜ਼, ਸਾਇੰਟਿਸਟ ਅਤੇ ਇੰਜਨੀਅਰਜ਼ ਵੱਲੋਂ ਬੋਰੀ ਬਿਸਤਰਾ ਸਮੇਟਣ ਦਾ ਸਿਲਸਿਲਾ ਜਾਰੀ ਹੈ। ਐਟਲਾਂਟਿਕ ਕੈਨੇਡਾ ਵੱਲ ਇਹ ਰੁਝਾਨ ਕੁਝ ਜ਼ਿਆਦਾ ਹੀ ਨਜ਼ਰ ਆ ਰਿਹਾ ਹੈ ਮੁਲਕ ਦੇ ਬਾਕੀ ਰਾਜਾਂ ਦੇ ਮੁਕਾਬਲੇ ਇਥੋਂ ਰਵਾਨਾ ਹੋਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਬਣਦੀ ਹੈ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਪੁੱਠੇ ਪੈਰੀਂ ਮੁੜਨ ਵਾਲੇ ਪ੍ਰਵਾਸੀ ਕੈਨੇਡਾ ਦੇ ਉਸੇ ਸੂਬੇ ਵਿਚੋਂ ਵਾਪਸ ਚਲੇ ਗਏ ਜਿਥੇ ਉਨ੍ਹਾਂ ਨੇ ਪਹਿਲਾ ਕਦਮ ਰੱਖਿਆ। ਕੈਨੇਡਾ ਦੇ ਹੋਰਨਾਂ ਰਾਜਾਂ ਦਾ ਤਜਰਬਾ ਹਾਸਲ ਕਰਨ ਬਾਰੇ ਉਨ੍ਹਾਂ ਵੱਲੋਂ ਯਤਨ ਨਹੀਂ ਕੀਤੇ ਗਏ।

Tags:    

Similar News