ਕੈਨੇਡਾ ਵਿਚ ਕਿਸੇ ਧਾਰਮਿਕ ਸਥਾਨ ਨੂੰ ਕੋਈ ਖ਼ਤਰਾ ਨਹੀਂ

ਕੈਨੇਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਸ਼ਹਿਰਾਂ ਵਿਚ ਕਿਸੇ ਧਾਰਮਿਕ ਸਥਾਨ ਨੂੰ ਕੋਈ ਖਤਰਾ ਦਰਪੇਸ਼ ਨਹੀਂ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਕਮਿਊਨਿਟੀ ਆਗੂਆਂ, ਵੱਖ-ਵੱਖ ਜਥੇਬੰਦੀਆਂ ਅਤੇ ਸਥਾਨਕ ਲੋਕਾਂ ਨਾਲ ਸੰਪਰਕ ਕਾਇਮ ਕਰਦਿਆਂ ਮਾਹੌਲ ਸੁਖਾਵਾਂ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।;

Update: 2024-11-13 12:32 GMT

ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਸ਼ਹਿਰਾਂ ਵਿਚ ਕਿਸੇ ਧਾਰਮਿਕ ਸਥਾਨ ਨੂੰ ਕੋਈ ਖਤਰਾ ਦਰਪੇਸ਼ ਨਹੀਂ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਕਮਿਊਨਿਟੀ ਆਗੂਆਂ, ਵੱਖ-ਵੱਖ ਜਥੇਬੰਦੀਆਂ ਅਤੇ ਸਥਾਨਕ ਲੋਕਾਂ ਨਾਲ ਸੰਪਰਕ ਕਾਇਮ ਕਰਦਿਆਂ ਮਾਹੌਲ ਸੁਖਾਵਾਂ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪੀਲ ਰੀਜਨਲ ਪੁਲਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਭੈਅਮੁਕਤ ਕਰਨ ਲਈ ਧਾਰਮਿਕ ਥਾਵਾਂ ਦੇ ਆਲੇ-ਦੁਆਲੇ ਪੁਲਿਸ ਦੀ ਮੌਜੂਦਗੀ ਵਿਚ ਵਾਧਾ ਕੀਤਾ ਗਿਆ ਹੈ। ਧਾਰਮਿਕ ਥਾਵਾਂ ਨੇੜੇ ਰੋਸ ਵਿਖਾਵਿਆਂ ਜਾਂ ਹੋਰ ਸੰਭਾਵਤ ਖਤਰਿਆਂ ਬਾਰੇ ਭਾਈਚਾਰੇ ਦੀਆਂ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਪੁਲਿਸ ਨੇ ਕਿਹਾ ਕਿ ਇਲਾਕੇ ਵਿਚ ਮੌਜੂਦ ਧਾਰਮਿਕ ਸਥਾਨਾਂ ਵਾਸਤੇ ਕੋਈ ਸਿੱਧਾ ਖਤਰਾ ਪੈਦਾ ਨਹੀਂ ਹੁੰਦਾ। ਆਪਣੇ ਯਤਨਾਂ ਨੂੰ ਅੱਗੇ ਵਧਾਉਂਦਿਆਂ ਪੀਲ ਰੀਜਨਲ ਪੁਲਿਸ, ਭਾਰਤ ਦੇ ਕੌਂਸਲ ਜਨਰਲ ਦੇ ਸੰਪਰਕ ਵਿਚ ਹੈ ਅਤੇ ਭਾਈਚਾਰੇ ਨੂੰ ਦਰਪੇਸ਼ ਕਿਸੇ ਵੀ ਖਤਰੇ ਨੂੰ ਠੱਲ੍ਹ ਪਾਉਣ ਲਈ ਕਮਿਊਨਿਟੀ ਆਗੂਆਂ ਨਾਲ ਤਾਲਮੇਲ ਅਧੀਨ ਕੰਮ ਕੀਤਾ ਜਾ ਰਿਹਾ ਹੈ।

ਲੋਕਾਂ ਨੂੰ ਭੈਅਮੁਕਤ ਕਰਨ ਲਈ ਧਾਰਮਿਕ ਥਾਵਾਂ ਦੁਆਲੇ ਪੁਲਿਸ ਦੀ ਮੌਜੂਦਗੀ ਵਧਾਈ

ਪੁਲਿਸ ਨੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਖਾਤਰ ਕੀਤੇ ਜਾ ਰਹੇ ਯਤਨਾਂ ਤਹਿਤ ਪ੍ਰਬੰਧਕਾਂ ਨੇ ਕੌਂਸਲਰ ਕੈਂਪ ਮੁਲਤਵੀ ਕਰਨ ਦੀ ਸਹਿਮਤੀ ਦੇ ਦਿਤੀ। ਇਹ ਕੈਂਪ ਬਾਅਦ ਵਿਚ ਕਿਸੇ ਵੀ ਹੋਰ ਤਰੀਕ ਨੂੰ ਰੱਖੇ ਜਾ ਸਕਦੇ ਹਨ। ਆਪਣੇ ਬਿਆਨ ਦੇ ਅੰਤ ਵਿਚ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਇਲਾਕੇ ਵਿਚ ਵਸਦੇ ਹਰ ਸ਼ਖਸ ਦੀ ਸੁਰੱਖਿਆ ਯਕੀਨੀ ਬਣਾਉਣੀ ਉਨ੍ਹਾਂ ਦਾ ਫਰਜ਼ ਦਾ ਹੈ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਅਤੇ ਮਿਸੀਸਾਗਾ ਦੇ ਹਿੰਦੂ ਮੰਦਰਾਂ ਬਾਹਰ ਮੁੜ ਰੋਸ ਵਿਖਾਵੇ ਕਰਨ ਦਾ ਐਲਾਨ ਕਰਦੀ ਇਕ ਵੀਡੀਓ ਸਾਹਮਣੇ ਆਉਣ ਮਗਰੋਂ ਪੀਲ ਰੀਜਨਲ ਪੁਲਿਸ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਮਿਸੀਸਾਗਾ ਦੇ ਕਾਲੀਬਾੜੀ ਮੰਦਰ ਅਤੇ ਬਰੈਂਪਟਨ ਦੇ ਤ੍ਰਿਵੇਣੀ ਮੰਦਰ ਦੇ ਬਾਹਰ 16 ਅਤੇ 17 ਨਵੰਬਰ ਨੂੰ ਹੋਣ ਵਾਲੇ ਰੋਸ ਵਿਖਾਵਿਆਂ ਮੱਦੇਨਜ਼ਰ ਤ੍ਰਿਵੇਣੀ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ 17 ਨਵੰਬਰ ਨੂੰ ਲਾਈਫ਼ ਸਰਟੀਫਿਕੇਟ ਵਾਸਤੇ ਲੱਗਣ ਵਾਲਾ ਕੌਂਸਲਰ ਕੈਂਪ ਰੱਦ ਕਰ ਦਿਤਾ ਗਿਆ ਹੈ। ਇਸੇ ਦੌਰਾਨ ਮਿਸੀਸਾਗਾ ਦੇ ਕਾਲੀਬਾੜੀ ਮੰਦਰ ਵੱਲੋਂ ਵੀ 16 ਨਵੰਬਰ ਦਾ ਸਮਾਗਮ ਰੱਦ ਕੀਤੇ ਜਾਣ ਦੀ ਰਿਪੋਰਟ ਹੈ। ਇਸੇ ਦੌਰਾਨ ਭਾਰਤੀ ਮੀਡੀਆ ਵਿਚ ਪ੍ਰਕਾਸ਼ਤ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੀਲ ਰੀਜਨਲ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੇ ਇਵਜ਼ ਵਿਚ 50 ਹਜ਼ਾਰ ਡਾਲਰ ਤੋਂ ਇਕ ਲੱਖ ਡਾਲਰ ਤੱਕ ਦੀ ਰਕਮ ਮੰਗ ਰਹੀ ਹੈ। ਕੋਲੀਸ਼ਨ ਆਫ਼ ਹਿੰਦੂਜ਼ ਆਫ ਨੌਰਥ ਅਮੈਰਿਕਾ ਦਾ ਇਕ ਪ੍ਰੈਸ ਨੋਟ ਸਾਹਮਣੇ ਆ ਰਿਹਾ ਹੈ ਜਿਸ ਵਿਚ ਪੀਲ ਰੀਜਨਲ ਪੁਲਿਸ ’ਤੇ ਕੈਨੇਡੀਅਨ ਹਿੰਦੂਆਂ ਦੇ ਹੱਕਾਂ ਦੀ ਰਾਖੀ ਕਰਨ ਦੇ ਦੋਸ਼ ਵੀ ਲਾਏ ਗਏ ਹਨ।

Tags:    

Similar News