ਕੈਨੇਡੀਅਨ ਇੰਮੀਗ੍ਰੇਸ਼ਨ ਅਧੀਨ ਸੁਰੱਖਿਆ ਪ੍ਰਕਿਰਿਆ ਦੀ ਘੋਖ ਕਰ ਰਹੀ ਟਰੂਡੋ ਸਰਕਾਰ

ਟੋਰਾਂਟੋ ਵਿਖੇ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਘੜਦਿਆਂ ਕਾਬੂ ਕੀਤੇ ਪਿਉ-ਪੁੱਤ ਨੂੰ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਕਿਵੇਂ ਮਿਲੀ, ਇਸ ਗੱਲ ਦੀ ਘੋਖ ਫੈਡਰਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।

Update: 2024-08-08 11:52 GMT

ਔਟਵਾ : ਟੋਰਾਂਟੋ ਵਿਖੇ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਘੜਦਿਆਂ ਕਾਬੂ ਕੀਤੇ ਪਿਉ-ਪੁੱਤ ਨੂੰ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਕਿਵੇਂ ਮਿਲੀ, ਇਸ ਗੱਲ ਦੀ ਘੋਖ ਫੈਡਰਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੀਬਲੈਂਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਮੀਗ੍ਰੇਸ਼ਨ ਵਿਭਾਗ ਨਾਲ ਤਾਲਮੇਲ ਅਧੀਨ ਸੁਰੱਖਿਆ ਜਾਂਚ ਪ੍ਰਕਿਰਿਆ ਦੀ ਅੰਦਰੂਨੀ ਸਮੀਖਿਆ ਸ਼ੁਰੂ ਹੋ ਚੁੱਕੀ ਹੈ। ਫੈਡਰਲ ਮੰਤਰੀ ਦਾ ਕਹਿਣਾ ਸੀ ਕਿ ਜਨਤਕ ਤੌਰ ’ਤੇ ਦੋਸ਼ ਲੱਗ ਰਹੇ ਹਨ ਅਤੇ ਇਹ ਜਾਨਣਾ ਦਿਲਚਸਪ ਹੋਵੇਗਾ ਕਿ ਸਾਰੀ ਜਾਣਕਾਰੀ ਕਦੋਂ ਸਾਹਮਣੇ ਆਈ ਅਤੇ ਕੀ ਇਹ ਜਾਣਕਾਰੀ ਫੈਸਲਾ ਲੈਣ ਵਾਲਿਆਂ ਕੋਲ ਪੁੱਜੀ ਸੀ। ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਇਹ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਉਂਦਿਆਂ ਕੌਮੀ ਸੁਰੱਖਿਆ ਦੇ ਮਸਲੇ ’ਤੇ ਟਰੂਡੋ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਰਿਹਾ ਹੈ।

2 ਕਥਿਤ ਅਤਿਵਾਦੀਆਂ ਦੇ ਕੈਨੇਡਾ ਦਾਖਲ ਹੋਣ ’ਤੇ ਚੱਲ ਰਿਹਾ ਵਿਵਾਦ

ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਇਕ ਦਿਨ ਪਹਿਲਾਂ ਮੰਗ ਕੀਤੀ ਸੀ ਕਿ ਹਾਊਸ ਆਫ ਕਾਮਨਜ਼ ਦੀ ਲੋਕ ਸੁਰੱਖਿਆ ਬਾਰੇ ਕਮੇਟੀ ਤੋਂ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਇਸਲਾਮਿਕ ਸਟੇਟ ਨਾਲ ਸਬੰਧਤ ਹੋਣ ਦੇ ਬਾਵਜੂਦ ਇਕ ਪ੍ਰਵਾਸੀ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿਤੀ ਗਈ। ਐਂਡਰਿਊ ਸ਼ੀਅਰ ਨੇ ਅੱਗੇ ਕਿਹਾ ਕਿ ਸਰਕਾਰ ਨੇ ਇਸ ਮੁੱਦੇ ’ਤੇ ਬਿਲਕੁਲ ਚੁੱਪ ਧਾਰੀ ਹੋਈ ਹੈ ਕਿ ਅਤਿਵਾਦੀ ਜਥੇਬੰਦੀ ਨਾਲ ਸਬੰਧਾਂ ਵਾਲੇ ਦੋ ਜਣੇ ਕੈਨੇਡਾ ਵਿਚ ਦਾਖਲ ਕਿਵੇਂ ਹੋਏ। ਕੌਮੀ ਸੁਰੱਖਿਆ ਪ੍ਰਬੰਧਾਂ ਦੇ ਮੁੱਦੇ ’ਤੇ ਇਹ ਮਸਲਾ ਟਰੂਡੋ ਸਰਕਾਰ ਦੀ ਮੁਕੰਮਲ ਅਸਫ਼ਲਤਾ ਵੱਲ ਇਸ਼ਾਰਾ ਕਰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਵਿਖੇ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਪਿਉ-ਪੁੱਤ ਨੂੰ ਆਰ.ਸੀ.ਐਮ.ਪੀ. ਨੇ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਦੀ ਸ਼ਨਾਖਤ 62 ਸਾਲ ਦੇ ਅਹਿਮਦ ਫੁਆਦ ਮੁਸਤਫਾ ਅਲਦੀਦੀ ਅਤੇ 26 ਸਾਲ ਦੇ ਮੁਸਤਫਾ ਅਲਦੀਦੀ ਵਜੋਂ ਕੀਤੀ ਗਈ। ਦੋਹਾਂ ਵਿਰੁੱਧ ਇਸਲਾਮਿਕ ਸਟੇਟ ਦੀਆਂ ਹਦਾਇਤਾਂ ’ਤੇ ਕਤਲ ਕਰਨ ਦੀ ਸਾਜ਼ਿਸ਼ ਘੜਨ ਸਣੇ ਕੁਲ 9 ਦੋਸ਼ ਆਇਦ ਕੀਤੇ ਗਏ ਹਨ। ਚਾਰਜਸ਼ੀਟ ਕਹਿੰਦੀ ਹੈ ਕਿ ਅਹਿਮਦ ਫੁਆਦ ਮੁਸਤਫਾ ਅਲਦੀਦੀ ਨੇ 2015 ਵਿਚ ਕੈਨੇਡਾ ਤੋਂ ਬਾਹਰ ਇਸਲਾਮਿਕ ਸਟੇਟ ਦੇ ਇਸ਼ਾਰੇ ’ਤੇ ਗੰਭੀਰ ਅਪਰਾਧ ਕੀਤਾ। 

Tags:    

Similar News