ਟੋਰਾਂਟੋ ’ਚ ਗੇੜੇ ਲਾ ਰਹੇ ਟਰੱਕ ਨੇ ਮੁਸਲਮਾਨਾਂ ਵਿਚ ਪੈਦਾ ਕੀਤਾ ਖੌਫ

ਕਿਊਬੈਕ ਦੀ ਮਸਜਿਦ ਵਿਚ ਗੋਲੀਬਾਰੀ ਅਤੇ ਲੰਡਨ ਦੇ ਪਰਵਾਰ ਨੂੰ ਗੱਡੀ ਹੇਠ ਦਰੜਨ ਵਰਗੀਆਂ ਹੌਲਨਾਕ ਵਾਰਦਾਤਾਂ ਦਾ ਸ਼ਿਕਾਰ ਬਣ ਚੁੱਕਾ ਮੁਸਲਮਾਨ ਭਾਈਚਾਰਾ ਮੁੜ ਘਬਰਾਹਟ ਵਿਚ ਹੈ। ਜੀ ਹਾਂ, ਟੋਰਾਂਟੋ ਦੀਆਂ ਸੜਕਾਂ ’ਤੇ ਗੇੜੇ ਲਾਉਂਦੇ ਇਕ ਟਰੱਕ ਰਾਹੀਂ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਯਤਨ ਕੀਤਾ ਗਿਆ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਧਰ ਟੋਰਾਂਟੋ ਪੁਲਿਸ ਦਾ ਹੇਟ ਕ੍ਰਾਈਮ ਯੂਨਿਟ ਮਾਮਲੇ ਦੀ ਪੜਤਾਲ ਕਰ ਰਿਹਾ ਹੈ।

Update: 2024-06-20 11:51 GMT

ਟੋਰਾਂਟੋ : ਕਿਊਬੈਕ ਦੀ ਮਸਜਿਦ ਵਿਚ ਗੋਲੀਬਾਰੀ ਅਤੇ ਲੰਡਨ ਦੇ ਪਰਵਾਰ ਨੂੰ ਗੱਡੀ ਹੇਠ ਦਰੜਨ ਵਰਗੀਆਂ ਹੌਲਨਾਕ ਵਾਰਦਾਤਾਂ ਦਾ ਸ਼ਿਕਾਰ ਬਣ ਚੁੱਕਾ ਮੁਸਲਮਾਨ ਭਾਈਚਾਰਾ ਮੁੜ ਘਬਰਾਹਟ ਵਿਚ ਹੈ। ਜੀ ਹਾਂ, ਟੋਰਾਂਟੋ ਦੀਆਂ ਸੜਕਾਂ ’ਤੇ ਗੇੜੇ ਲਾਉਂਦੇ ਇਕ ਟਰੱਕ ਰਾਹੀਂ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਯਤਨ ਕੀਤਾ ਗਿਆ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਧਰ ਟੋਰਾਂਟੋ ਪੁਲਿਸ ਦਾ ਹੇਟ ਕ੍ਰਾਈਮ ਯੂਨਿਟ ਮਾਮਲੇ ਦੀ ਪੜਤਾਲ ਕਰ ਰਿਹਾ ਹੈ। ਟਰੱਕ ’ਤੇ ਨਜ਼ਰ ਆ ਰਹੀਆਂ ਤਸਵੀਰਾਂ ਵਿਚ ਸਭ ਤੋਂ ਪਹਿਲਾਂ ਟੋਰਾਂਟੋ ਦੇ ਨੇਥਨ ਫਿਲਿਪਸ ਸਕੁਏਅਰ ਵਿਖੇ ਨਮਾਜ਼ ਅਦਾ ਕਰਦੇ ਮੁਸਲਮਾਨ ਦੇਖੇ ਜਾ ਸਕਦੇ ਹਨ ਅਤੇ ਇਸ ਤੋਂ ਬਾਅਦ ਸਵਾਲੀਆ ਲਹਿਜ਼ੇ ਵਾਲੇ ਸੁਨੇਹੇ ਉਭਰ ਕੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਰਾਹੀਂ ਪੁੱਛਿਆ ਜਾਂਦਾ ਹੈ ਕਿ ਕੀ ਇਹ ਲਿਬਨਾਨ ਹੈ, ਕੀ ਇਹ ਯਮਨ ਹੈ, ਕੀ ਇਹ ਸੀਰੀਆ ਹੈ ਜਾਂ ਇਹ ਈਰਾਕ ਹੈ। ਫਿਰ ਜਵਾਬ ਵੀ ਉਭਰ ਕੇ ਆਉਂਦਾ ਹੈ ਜਿਸ ਵਿਚ ਲਿਖਿਆ ਹੁੰਦਾ ਹੈ, ‘‘ਨਹੀਂ, ਇਹ ਕੈਨੇਡਾ ਹੈ, ਜਾਗੋ ਕੈਨੇਡਾ ਜਾਗੋ, ਤੇਰੇ ਉਤੇ ਕਾਬਜ਼ ਹੋਣ ਦੇ ਯਤਨ ਹੋ ਰਹੇ ਹਨ।’’ ਟੋਰਾਂਟੋ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇ ਕਿਸੇ ਕੋਲ ਟਰੱਕ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਅੱਗੇ ਆਵੇ।

ਔਟਵਾ ’ਚ ਏਸ਼ੀਅਨ ਪਰਵਾਰ ’ਤੇ ਆਂਡਿਆਂ ਨਾਲ ਹਮਲਾ

ਦੂਜੇ ਪਾਸੇ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਕਿਹਾ ਕਿ ਟਰੱਕ ਉਤੇ ਲਿਖੀ ਸ਼ਬਦਾਵਲੀ ਦਾ ਮਕਸਦ ਮੁਸਲਮਾਨਾਂ ਵਿਚ ਡਰ ਪੈਦਾ ਕਰਨਾ ਹੈ। ਇਹ ਸਿੱਧੇ ਤੌਰ ’ਤੇ ਇਸਲਾਮੋਫੋਬੀਆ ਦਾ ਮਾਮਲਾ ਬਣਦਾ ਹੈ ਅਤੇ ਪਾਰਟੀ ਹੱਦਾਂ ਤੋਂ ਉਪਰ ਉਠ ਕੇ ਇਸ ਦੀ ਨਿਖੇਧੀ ਹੋਣੀ ਚਾਹੀਦੀ ਹੈ। ਕੌਂਸਲ ਦਾ ਕਹਿਣਾ ਸੀ ਕਿ ਕੈਨੇਡਾ ਵਿਚ ਵਸਦੇ ਮੁਸਲਮਾਨ ਪਹਿਲਾਂ ਹੀ ਖ਼ਤਰਨਾਕ ਵਾਰਦਾਤਾਂ ਦਾ ਸ਼ਿਕਾਰ ਬਣ ਚੁੱਕੇ ਹਨ ਅਤੇ ਅਜਿਹੇ ਨਫਰਤ ਫੈਲਾਉਂਦੇ ਸੁਨੇਹਿਆਂ ’ਤੇ ਰੋਕ ਲੱਗਣੀ ਚਾਹੀਦੀ ਹੈ। ਮੁਸਲਮਾਨ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਂਦੇ ਸੁਨੇਹਿਆਂ ਦਾ ਮਾਮਲਾ ਚੱਲ ਹੀ ਰਿਹਾ ਸੀ ਕਿ ਔਟਵਾ ਦੇ ਬਾਰਹੈਵਨ ਇਲਾਕੇ ਵਿਚ ਇਕ ਏਸ਼ੀਅਨ ਪਰਵਾਰ ਦੇ ਘਰ ’ਤੇ ਆਂਡਿਆਂ ਨਾਲ ਹਮਲਾ ਹੋ ਗਿਆ। ਘਰ ਦੇ ਬਾਹਰ ਲੱਗੇ ਕੈਮਰੇ ਵਿਚ ਨਸਲੀ ਹਮਲੇ ਦੀ ਪੂਰੀ ਵਾਰਦਾਤ ਰਿਕਾਰਡ ਹੋ ਗਈ ਜਿਸ ਵਿਚ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ ਕਿ ਇਕ ਜੋੜਾ ਬੇਹੱਦ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਏਸ਼ੀਅਨ ਪਰਵਾਰ ਦੇ ਘਰ ’ਤੇ ਆਂਡੇ ਸੁੱਟ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਵਿਚ ਪੀੜਤ ਪਰਵਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਇਸ ਘਟਨਾ ਮਗਰੋਂ ਸਾਰੇ ਜਣੇ ਘਬਰਾਏ ਹੋਏ ਹਨ।

ਪਰਵਾਰ ਦੀ ਇਕ ਔਰਤ ਨੇ ਦੱਸਿਆ ਕਿ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਸਬੰਧਤ ਅਧਿਕਾਰੀਆਂ ਕੋਲ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਔਟਵਾ ਪੁਲਿਸ ਅਤੇ ਸਿਟੀ ਦਾ ਬਾਇਲਾਅ ਵਿਭਾਗ ਮਾਮਲੇ ਦੀ ਪੜਤਾਲ ਕਰ ਰਹੇ ਹਨ। ਗੁਆਂਢ ਵਿਚ ਰਹਿੰਦੀ ਆਮਨਾ ਸਈਦ ਨੇ ਦੱਸਿਆ ਕਿ ਸਾਰੀ ਘਟਨਾ ਉਸ ਦੀਆਂ ਅੱਖਾਂ ਸਾਹਮਣੇ ਵਾਪਰੀ। ਆਮਨਾ ਨੇ ਅੱਗੇ ਦੱਸਿਆ ਕਿ ਪੀੜਤ ਪਰਵਾਰ ਨੂੰ ਆਪਣੇ ਮੁਲਕ ਵਾਪਸ ਜਾਣ ਦੇ ਮਿਹਣੇ ਦਿਤੇ ਜਾ ਰਹੇ ਸਨ ਅਤੇ ਇਸ ਮਗਰੋਂ ਆਂਡੇ ਸੁੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਲਾਕੇ ਦੇ ਇਕ ਹੋਰ ਵਸਨੀਕ ਨਿਸ਼ ਯੋਗਾਸਿੰਗਮ ਨੇ ਉਚੀ ਆਵਾਜ਼ ਵਿਚ ਗੀਤ ਚੱਲਣ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਸ ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਕਰਨ ਦੇ ਮੂਡ ਵਿਚ ਨਹੀਂ। ਦੱਸਿਆ ਜਾ ਰਿਹਾ ਹੈ ਕਿ ਔਟਵਾ ਦੇ ਬਾਇਲਾਅ ਵਿਭਾਗ ਨੂੰ ਜਨਵਰੀ 2023 ਮਗਰੋਂ ਉਚੀ ਆਵਾਜ਼ ਵਿਚ ਗੀਤ ਚੱਲਣ ਦੀਆਂ 90 ਸ਼ਿਕਾਇਤਾਂ ਮਿਲ ਚੁੱਕੀਆਂ ਹਨ ਪਰ ਬਾਇਲਾਅ ਅਫਸਰ ਰੌਜਰ ਚੈਪਮੈਨ ਨੇ ਦਲੀਲ ਦਿਤੀ ਕਿ ਕੁਝ ਸ਼ਿਕਾਇਤਾਂ ਝੂਠੀਆਂ ਸਨ ਜਾਂ ਉਸੇ ਦਿਨ ਆਈਆਂ।

Tags:    

Similar News