ਕੈਨੇਡਾ ਪੋਸਟ ਦੇ 55 ਹਜ਼ਾਰ ਕਾਮਿਆਂ ਦੀ ਹੜਤਾਲ ਸ਼ੁਰੂ
ਕੈਨੇਡਾ ਪੋਸਟ ਦੇ 55 ਹਜ਼ਾਰ ਕਾਮਿਆਂ ਦੀ ਹੜਤਾਲ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੌਰਾਨ ਕੋਈ ਮੇਲ ਜਾਂ ਪਾਰਸਲ ਲੋਕਾਂ ਤੱਕ ਨਹੀਂ ਪਹੁੰਚ ਸਕੇਗਾ।;
ਟੋਰਾਂਟੋ : ਕੈਨੇਡਾ ਪੋਸਟ ਦੇ 55 ਹਜ਼ਾਰ ਕਾਮਿਆਂ ਦੀ ਹੜਤਾਲ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੌਰਾਨ ਕੋਈ ਮੇਲ ਜਾਂ ਪਾਰਸਲ ਲੋਕਾਂ ਤੱਕ ਨਹੀਂ ਪਹੁੰਚ ਸਕੇਗਾ। ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਵੱਲੋਂ 72 ਘੰਟੇ ਪਹਿਲਾਂ ਹੜਤਾਲ ਦਾ ਨੋਟਿਸ ਦਿਤਾ ਗਿਆ ਪਰ ਇਸ ਦੌਰਾਨ ਕਾਮਿਆਂ ਦੀ ਮੰਗਾਂ ਬਾਰੇ ਸਹਿਮਤੀ ਨਾ ਬਣ ਸਕੀ। ਯੂਨੀਅਨ ਨੇ ਕਿਹਾ ਕਿ ਇਕ ਸਾਲ ਤੱਕ ਬਾਰਗੇਨਿੰਗ ਕਰਨ ਮਗਰੋਂ ਹੜਤਾਲ ਤੋਂ ਸਿਵਾਏ ਕੋਈ ਚਾਰਾ ਬਾਕੀ ਨਹੀਂ ਸੀ ਰਹਿ ਗਿਆ। ਕੈਨੇਡਾ ਪੋਸਟ ਕੋਲ ਹੜਤਾਲ ਰੋਕਣ ਦਾ ਮੌਕਾ ਮੌਜੂਦ ਸੀ ਪਰ ਡਾਕ ਕਾਮਿਆਂ ਨੂੰ ਰੋਜ਼ਾਨਾ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਅਤੇ ਮੰਗਾਂ ਬਾਰੇ ਗੱਲਬਾਤ ਕਰਨ ਤੋਂ ਸਿੱਧੇ ਤੌਰ ’ਤੇ ਪਾਸਾ ਵੱਟ ਲਿਆ ਗਿਆ।
ਮੇਲ ਅਤੇ ਪਾਰਸਲ ਸੇਵਾ ਪੂਰੀ ਤਰ੍ਹਾਂ ਰਹੇਗੀ ਠੱਪ
ਕੈਨੇਡਾ ਵਿਚ ਡਾਕ ਕਾਮਿਆਂ ਦੀ ਹੜਤਾਲ ਬਲੈਕ ਫਰਾਈਡੇਅ ਅਤੇ ਹੌਲੀਡੇਅ ਸੀਜ਼ਨ ਤੋਂ ਐਨ ਪਹਿਲਾਂ’ ਹੋਈ ਹੈ ਜਦੋਂ ਗਿਫ਼ਟ, ਪੈਕੇਜ ਅਤੇ ਕਾਰਡ ਭੇਜਣ ਜਾਂ ਹਾਸਲ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਡਾਕ ਸੇਵਾ ਦਾ ਸਹਾਰਾ ਲੈਂਦੇ ਹਨ। ਉਧਰ ਕੈਨੇਡਾ ਪੋਸਟ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੜਤਾਲ ਖਤਮ ਹੋਣ ਤੋਂ ਬਾਅਦ ਪਹਿਲਾਂ ਆਉ-ਪਹਿਲਾਂ ਪਾਉ ਦੇ ਆਧਾਰ ’ਤੇ ਮੇਲ ਅਤੇ ਪਾਰਸਲਾਂ ਦੀ ਡਿਲੀਵਰੀ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਕਾਮਿਆਂ ਵੱਲੋਂ 72 ਘੰਟੇ ਦਾ ਨੋਟਿਸ ਜਾਰੀ ਕਰਨ ਮਗਰੋਂ ਕੈਨੇਡਾ ਪੋਸਟ ਵੱਲੋਂ ਵੀ ਲੌਕਆਊਟ ਨੋਟਿਸ ਦੇ ਦਿਤਾ ਗਿਆ। ਕ੍ਰਾਊਨ ਕਾਰਪੋਰੇਸ਼ਨ ਵੱਲੋਂ ਕਾਮਿਆਂ ਦੀ ਚਿਤਾਵਨੀ ਦਿਤੀ ਗਈ ਹੈ ਕਿ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਦਾ ਟਾਕਰਾ ਕਰ ਰਹੇ ਮਹਿਕਮੇ ਦੀ ਹਾਲਤ ਹੜਤਾਲ ਮਗਰੋਂ ਹੋਰ ਵੀ ਬਦਤਰ ਹੋ ਸਕਦੀ ਹੈ। ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ 3 ਨਵੰਬਰ ਨੂੰ ਹੜਤਾਲ ਵਾਸਤੇ ਕਾਨੂੰਨੀ ਤੌਰ ’ਤੇ ਅਧਿਕਾਰਤ ਹੋ ਗਈ ਸੀ। ਪਿਛਲੇ ਮਹੀਨੇ ਹੋਈ ਵੋਟਿੰਗ ਦੌਰਾਨ ਸ਼ਹਿਰੀ ਅਤੇ ਪੇਂਡੂ ਕਾਮਿਆਂ ਵਿਚੋਂ 95 ਫ਼ੀ ਸਦੀ ਨੇ ਹੜਤਾਲ ਦੀ ਹਮਾਇਤ ਕੀਤੀ। ਕੈਨੇਡਾ ਪੋਸਟ ਆਪਣੇ ਕਾਮਿਆਂ ਨੂੰ ਚਾਰ ਸਾਲ ਦੌਰਾਨ ਤਨਖਾਹਾਂ ਵਿਚ 11.5 ਫੀ ਸਦੀ ਵਾਧੇ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਇਸ ਦੇ ਨਾਲ ਪੈਨਸ਼ਨ, ਰੁਜ਼ਗਾਰ ਸੁਰੱਖਿਆ ਅਤੇ ਸਿਹਤ ਲਾਭ ਵਰਗੀਆਂ ਪੇਸ਼ਕਸ਼ਾਂ ਵੀ ਕੀਤੀਆਂ ਗਈਆਂ। ਯੂਨੀਅਨ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਵਿਚਾਲੇ ਕਈ ਮੁੱਦਿਆਂ ਲਟਕ ਰਹੇ ਹਨ ਅਤੇ ਹੜਤਾਲ ਰੋਕਣ ਲਈ ਐਨਾ ਕਾਫ਼ੀ ਨਹੀਂ। ਯੂਨੀਅਨ ਮੁਤਾਬਕ ਉਨ੍ਹਾਂ ਦੀਆਂ ਮੰਗਾਂ ਬੇਹੱਦ ਵਾਜਬ ਹਨ ਜਿਨ੍ਹਾਂ ਵਿਚ ਢੁਕਵੀਂ ਤਨਖਾਹ, ਕੰਮ ਦੇ ਸੁਰੱਖਿਅਤ ਹਾਲਾਤ, ਮਾਣ-ਸਤਿਕਾਰ ਨਾਲ ਸੇਵਾ ਮੁਕਤ ਹੋਣ ਦਾ ਹੱਕ ਅਤੇ ਸਰਕਾਰੀ ਡਾਕ ਖਾਨਿਆਂ ਦੀਆਂ ਸੇਵਾਵਾਂ ਵਿਚ ਵਾਧਾ ਸ਼ਾਮਲ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੈਡਰਲ ਸਰਕਾਰ ਆਪਣੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਬੀ.ਸੀ. ਅਤੇ ਮੌਂਟਰੀਅਲ ਦੇ ਬੰਦਰਗਾਹ ਕਾਮਿਆਂ ਦੀ ਹੜਤਾਲ ਖਤਮ ਕਰਵਾ ਚੁੱਕੀ ਹੈ ਅਤੇ ਕਿਰਤ ਮੰਤਰੀ ਸਟੀਵਨ ਮੈਕਿਨਨ ਨੇ ਕਿਹਾ ਸੀ ਕਿ ਫੈਡਰਲ ਸਰਕਾਰ ਮੁਲਾਜ਼ਮ ਯੂਨੀਅਨ ਅਤੇ ਕੈਨੇਡਾ ਪੋਸਟ ਦੇ ਪ੍ਰਬੰਧਕਾਂ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਮਸਲਾ ਸੁਲਝਾਉਣ ਲਈ ਵਿਸ਼ੇਸ਼ ਵਾਰਤਾਕਾਰ ਦੀ ਨਿਯੁਕਤੀ ਵੀ ਕੀਤੀ ਗਈ ਹੈ। ਇਸੇ ਦੌਰਾਨ ਟੀਮਸਟਰਜ਼ ਕੈਨੇਡਾ ਨੇ ਹੜਤਾਲ ਦੀ ਹਮਾਇਤ ਕਰਦਿਆਂ ਕਿਹਾ ਕਿ ਕੈਨੇਡਾ ਪੋਸਟ ਤੋਂ ਆਉਣ ਵਾਲੇ ਪੈਕੇਜ ਨੂੰ ਮੰਜ਼ਿਲ ਤੱਕ ਨਹੀਂ ਪਹੁੰਚਾਇਆ ਜਾਵੇਗਾ।