ਅਮਰੀਕਾ ਤੋਂ ਕੈਨੇਡਾ ਪਰਤ ਰਹੇ ਪੰਜਾਬੀ ਪਰਵਾਰ ਨਾਲ ਵਰਤਿਆ ਭਾਣਾ
ਅਮਰੀਕਾ ਵਿਚ ਸੈਰ ਸਪਾਟੇ ਮਗਰੋਂ ਕੈਨੇਡਾ ਪਰਤ ਰਹੇ ਪੰਜਾਬੀ ਪਰਵਾਰ ਨਾਲ ਵਾਪਰੇ ਹੌਲਨਾਕ ਹਾਦਸੇ ਦੌਰਾਨ ਪਿਉ-ਪੁੱਤ ਦੀ ਮੌਤ ਹੋ ਗਈ ਜਦਕਿ ਮਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ
ਪਟਿਆਲਾ (ਬਲਜੀਤ ਸਰਨਾ) : ਅਮਰੀਕਾ ਵਿਚ ਸੈਰ ਸਪਾਟੇ ਮਗਰੋਂ ਕੈਨੇਡਾ ਪਰਤ ਰਹੇ ਪੰਜਾਬੀ ਪਰਵਾਰ ਨਾਲ ਵਾਪਰੇ ਹੌਲਨਾਕ ਹਾਦਸੇ ਦੌਰਾਨ ਪਿਉ-ਪੁੱਤ ਦੀ ਮੌਤ ਹੋ ਗਈ ਜਦਕਿ ਮਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਸ਼ਨਾਖ਼ਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਛੰਨਾ ਨਾਲ ਸਬੰਧਤ ਪ੍ਰਦੀਪ ਕੁਮਾਰ ਅਤੇ ਉਸ ਦੇ 7 ਸਾਲਾ ਬੇਟੇ ਹਿਆਂਸ਼ ਵਜੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਦੀਪ ਕੁਮਾਰ ਆਪਣੀ ਮੈਰਿਜ ਐਨੀਵਰਸਰੀ ਮਨਾਉਣ ਪਰਵਾਰ ਸਮੇਤ ਅਮਰੀਕਾ ਗਿਆ ਸੀ ਅਤੇ ਵਾਪਸੀ ਦੌਰਾਨ ਹਾਦਸਾ ਵਾਪਰ ਗਿਆ। ਪ੍ਰਦੀਪ ਕੁਮਾਰ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਤਕਰੀਬਨ 15 ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਪੱਕਾ ਹੋਣ ਮਗਰੋਂ 2018 ਵਿਚ ਵਿਆਹ ਕਰਵਾ ਲਿਆ। ਪ੍ਰਦੀਪ ਅਤੇ ਉਸ ਦੀ ਪਤਨੀ ਅੰਸ਼ੁਲਾ ਨੇ ਬਰੈਂਪਟਨ ਵਿਖੇ ਆਪਣਾ ਘਰ ਵਸਾਇਆ ਅਤੇ ਘਰ ਵਿਚ ਬੇਟੇ ਨੇ ਜਨਮ ਲਿਆ।
ਪਿਉ-ਪੁੱਤ ਦੀ ਮੌਤ, ਮਾਂ ਗੰਭੀਰ ਜ਼ਖਮੀ
ਪ੍ਰਦੀਪ ਕੁਮਾਰ ਦੀ ਚਾਚੀ ਕਰਮਜੀਤ ਕੌਰ ਮੁਤਾਬਕ ਉਹ ਇਕ ਰੋਡ ਟ੍ਰਾਂਸਪੋਰਟ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਪਰਵਾਰ ਨਾਲ ਅਕਸਰ ਹੀ ਫੋਨ ’ਤੇ ਗੱਲ ਹੁੰਦੀ ਰਹਿੰਦੀ। ਹਾਦਸੇ ਦੀ ਖਬਰ ਪਿੰਡ ਫਤਿਹਗੜ੍ਹ ਛੰਨਾ ਪੁੱਜੀ ਤਾਂ ਰਿਸ਼ਤੇਦਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਰਮਜੀਤ ਕੌਰ ਨੇ ਦੱਸਿਆ ਕਿ ਪ੍ਰਦੀਪ ਬੇਹੱਦ ਮਿਲਣਸਾਰ ਅਤੇ ਨਿਮਰ ਸੁਭਾਅ ਦਾ ਮਾਲਕ ਸੀ ਅਤੇ ਜਦੋਂ ਵੀ ਪਿੰਡ ਗੇੜਾ ਲਾਉਂਦਾ ਤਾਂ ਹਰ ਇਕ ਨੂੰ ਪੂਰੇ ਸਤਿਕਾਰ ਨਾਲ ਮਿਲਦਾ। ਇਥੇ ਦਸਣਾ ਬਣਦਾ ਹੈ ਕਿ ਪ੍ਰਦੀਪ ਕੁਮਾਰ ਦੇ ਮਾਤਾ ਅਤੇ ਭੈਣ ਇਸ ਵੇਲੇ ਕੈਨੇਡਾ ਵਿਚ ਹੀ ਹਨ ਜਿਨ੍ਹਾਂ ਵਾਸਤੇ ਐਨਾ ਵੱਡਾ ਦੁੱਖ ਬਰਦਾਸ਼ਤ ਕਰਨਾ ਮੁਸ਼ਕਲ ਹੈ। ਦੂਜੇ ਪਾਸੇ ਸਰੀ ਵਿਖੇ ਕੰਮ ਵਾਲੀ ਥਾਂ ’ਤੇ ਵਾਪਰੇ ਹਾਦਸੇ ਦੌਰਾਨ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਮਨਵਿੰਦਰ ਸਿੰਘ ਦੀ ਮੌਤ ਹੋ ਗਈ। 30 ਸਾਲ ਦਾ ਮਨਵਿੰਦਰ ਸਿੰਘ ਇਕ ਕੰਸਟ੍ਰਕਸ਼ਨ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਅਚਨਚੇਤ ਵਾਪਰੇ ਹਾਦਸੇ ਦੌਰਾਨ ਉਹ ਦਮ ਤੋੜ ਗਿਆ। ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮਨਵਿੰਦਰ ਸਿੰਘ ਦੇ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।