ਕੈਨੇਡਾ ਵਿਚ ਸਿੱਖ ਕੁੜੀ ਦੀ ਮੌਤ ਨੂੰ ਸ਼ੱਕੀ ਨਹੀਂ ਮੰਨ ਰਹੀ ਪੁਲਿਸ

ਹੈਲੀਫੈਕਸ ਪੁਲਿਸ ਨੂੰ 19 ਸਾਲਾ ਗੁਰਸਿਮਰਨ ਕੌਰ ਦੀ ਦਰਦਨਾਕ ਮੌਤ ਪਿੱਛੇ ਕੋਈ ਸਾਜ਼ਿਸ਼ ਮਹਿਸੂਸ ਨਹੀਂ ਹੋਈ ਅਤੇ ਪੜਤਾਲ ਦੇ ਸਿੱਟੇ ਬਾਰੇ ਪਰਵਾਰ ਨੂੰ ਜਾਣੂ ਕਰਵਾ ਦਿਤਾ ਗਿਆ ਹੈ।;

Update: 2024-11-19 11:49 GMT

ਹੈਲੀਫੈਕਸ : ਹੈਲੀਫੈਕਸ ਪੁਲਿਸ ਨੂੰ 19 ਸਾਲਾ ਗੁਰਸਿਮਰਨ ਕੌਰ ਦੀ ਦਰਦਨਾਕ ਮੌਤ ਪਿੱਛੇ ਕੋਈ ਸਾਜ਼ਿਸ਼ ਮਹਿਸੂਸ ਨਹੀਂ ਹੋਈ ਅਤੇ ਪੜਤਾਲ ਦੇ ਸਿੱਟੇ ਬਾਰੇ ਪਰਵਾਰ ਨੂੰ ਜਾਣੂ ਕਰਵਾ ਦਿਤਾ ਗਿਆ ਹੈ। ਪੀੜਤ ਪਰਵਾਰ ਦੀ ਪ੍ਰਾਈਵੇਸੀ ਨੂੰ ਧਿਆਨ ਵਿਚ ਰਖਦਿਆਂ ਹੈਲੀਫੈਕਸ ਰੀਜਨਲ ਪੁਲਿਸ ਨੇ ਵਿਸਤਾਰਤ ਵੇਰਵੇ ਮੁਹੱਈਆ ਨਹੀਂ ਕਰਵਾਏ ਪਰ ਐਨਾ ਜ਼ਰੂਰ ਕਿਹਾ ਕਿ ਕਈ ਸਵਾਲਾਂ ਦੇ ਜਵਾਬ ਸ਼ਾਇਦ ਕਦੇ ਨਹੀਂ ਮਿਲ ਸਕਣਗੇ। ਪੁਲਿਸ ਦੇ ਬੁਲਾਰੇ ਨੇ ਪੱਤਰਕਾਰਾਂ ਨਾਲ ਆਹਮੋ ਸਾਹਮਣੇ ਗੱਲਬਾਤ ਕਰਨ ਦੀ ਬਜਾਏ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਲੋਕ ਇਸ ਮਾਮਲੇ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ।

ਪੜਤਾਲ ਦੇ ਵਿਸਤਾਰਤ ਵੇਰਵੇ ਜਨਤਕ ਕਰਨ ਤੋਂ ਕੀਤਾ ਇਨਕਾਰ

ਪੁਲਿਸ ਦਾ ਕੰਮ ਇਸ ਮਾਮਲੇ ਵਿਚ ਕਿਸੇ ਅਪਰਾਧਕ ਸਰਗਰਮੀ ਦਾ ਪਤਾ ਕਰਨਾ ਸੀ ਪਰ ਜਾਂਚ ਦੌਰਾਨ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਅਤੇ ਗੁਰਸਿਮਰਨ ਦੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕਾਂਸਟੇਬਲ ਮਾਰਟਿਨ ਕਰੌਮਵੈਲ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਬੰਦ ਨਹੀਂ ਕੀਤੀ ਜਾ ਰਹੀ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਕੋਈ ਵੱਡਾ ਖੁਲਾਸਾ ਵੀ ਹੋ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਮਾਮਲੇ ਦੀ ਪੜਤਾਲ ਦੌਰਾਨ ਪੁਲਿਸ ਵੱਲੋਂ ਕਈ ਜਣਿਆਂ ਤੋਂ ਪੁੱਛ-ਗਿੱਛ ਕੀਤੀ ਗਈ ਅਤੇ ਵੀਡੀਓ ਫੁਟੇਜ ਨੂੰ ਵੀ ਬਾਰੀਕੀ ਨਾਲ ਘੋਖਿਆ। ਦੂਜੇ ਪਾਸੇ ਗੁਰਸਿਮਰਨ ਕੌਰ ਦੀ ਮੌਤ ਮਗਰੋਂ ਵਾਲਮਾਰਟ ਸਟੋਰ ਹੁਣ ਤੱਕ ਬੰਦ ਹੈ ਅਤੇ ਸਟਾਫ਼ ਨੂੰ ਤਿਆਰੀ ਰੱਖਣ ਲਈ ਆਖਿਆ ਗਿਆ ਹੈ। ਨੋਵਾ ਸਕੋਸ਼ੀਆ ਦੇ ਕਿਰਤ, ਹੁਨਰ ਵਿਕਾਸ ਅਤੇ ਇੰਮੀਗ੍ਰੇਸ਼ਨ ਮੰਤਰਾਲੇ ਮੁਤਾਬਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ ਜਾਣ ਦੇ ਮੱਦੇਨਜ਼ਰ ਬੇਕਰੀ ਆਪ੍ਰੇਸ਼ਨਜ਼ ’ਤੇ ਲੱਗੀ ਪਾਬੰਦੀ ਹਟਾ ਦਿਤੀ ਗਈ ਸੀ ਪਰ ਵਾਲਮਾਰਟ ਨੇ ਬੇਕਰੀ ਵਾਲਾ ਹਿੱਸਾ ਪੱਕੇ ਤੌਰ ’ਤੇ ਹਟਾਉਣ ਦਾ ਫੈਸਲਾ ਕਰ ਲਿਆ।

ਵਾਲਮਾਰਟ ਦੇ ਅਵਨ ’ਚ ਝੁਲਸਣ ਕਾਰਨ ਦਮ ਤੋੜ ਗਈ ਸੀ 19 ਸਾਲ ਦੀ ਗੁਰਸਿਮਰਨ ਕੌਰ

ਇਸੇ ਦੌਰਾਨ ਮੈਰੀਟਾਈਮ ਸਿੱਖ ਸੋਸਾਇਟੀ ਦੇ ਮੈਂਬਰ ਬਲਬੀਰ ਸਿੰਘ ਨੇ ਦੱਸਿਆ ਕਿ ਪਰਵਾਰ ਡੂੰਘੇ ਸਦਮੇ ਵਿਚ ਹੈ ਅਤੇ ਉਨ੍ਹਾਂ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ। ਬਲਬੀਰ ਸਿੰਘ ਮੁਤਾਬਕ ਗੁਰਸਿਮਰਨ ਕੌਰ ਦੇ ਪਿਤਾ ਅਤੇ ਭਰਾ ਨੋਵਾ ਸਕੋਸ਼ੀਆ ਪੁੱਜ ਚੁੱਕੇ ਹਨ ਅਤੇ ਅੰਤਮ ਸਸਕਾਰ ਤੋਂ ਪਹਿਲਾਂ ਮੈਡੀਕਲ ਐਗਜ਼ਾਮੀਨਰ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ ਦੇ ਜਲੰਧਰ ਨਾਲ ਸਬੰਧਤ ਗੁਰਸਿਮਰਨ ਕੌਰ ਆਪਣੀ ਮਾਤਾ ਨਾਲ ਤਿੰਨ ਸਾਲ ਪਹਿਲਾਂ ਕੈਨੇਡਾ ਪੁੱਜੀ ਸੀ ਅਤੇ ਤਕਰੀਬਨ ਦੋ ਸਾਲ ਪਹਿਲਾਂ ਦੋਹਾਂ ਨੇ ਵਾਲਮਾਰਟ ਵਿਚ ਕੰਮ ਸ਼ੁਰੂ ਕੀਤਾ।

Tags:    

Similar News