ਕੈਨੇਡਾ ’ਚ ਪੰਜਾਬਣ ਦੀ ਦਰਦਨਾਕ ਮੌਤ ਹਾਲੇ ਵੀ ਗੁੱਝਾ ਭੇਤ
ਹੈਲੀਫੈਕਸ ਦੇ ਵਾਲਮਾਰਟ ਸਟੋਰ ਵਿਚ ਸਭ ਕੁਝ ਆਮ ਵਾਂਗ ਹੋ ਚੁੱਕਾ ਹੈ ਪਰ 19 ਸਾਲਾ ਗੁਰਸਿਮਰਨ ਕੌਰ ਦੀ ਦਰਦਨਾਕ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆ ਸਕੀ।;
ਹੈਲੀਫੈਕਸ : ਹੈਲੀਫੈਕਸ ਦੇ ਵਾਲਮਾਰਟ ਸਟੋਰ ਵਿਚ ਸਭ ਕੁਝ ਆਮ ਵਾਂਗ ਹੋ ਚੁੱਕਾ ਹੈ ਪਰ 19 ਸਾਲਾ ਗੁਰਸਿਮਰਨ ਕੌਰ ਦੀ ਦਰਦਨਾਕ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਗੁਰਸਿਮਰਨ ਕੌਰ ਦੀ ਮੌਤ ਮਗਰੋਂ ਵਾਲਮਾਰਟ ਦੇ ਬੇਕਰੀ ਏਰੀਆ ਨੂੰ ਬੰਦ ਕਰ ਦਿਤਾ ਗਿਆ ਅਤੇ ਸੋਮਵਾਰ ਸ਼ਾਮ ਇਹ ਪਾਬੰਦੀ ਹਟਾ ਦਿਤੀ ਗਈ। ਨੋਵਾ ਸਕੋਸ਼ੀਆ ਦੇ ਕਿਰਤ, ਹੁਨਰ ਵਿਕਾਸ ਅਤੇ ਇੰਮੀਗ੍ਰੇਸ਼ਨ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ ਜਾਣ ਦੇ ਮੱਦੇਨਜ਼ਰ ਬੇਕਰੀ ਆਪ੍ਰੇਸ਼ਨਜ਼ ’ਤੇ ਲੱਗੀ ਪਾਬੰਦੀ ਹਟਾ ਦਿਤੀ ਗਈ।
ਓਵਨ ਵਿਚੋਂ ਬਾਹਰ ਕਿਉਂ ਨਾ ਨਿਕਲ ਸਕੀ ਗੁਰਸਿਮਰਨ ਕੌਰ, ਜਵਾਬ ਮਿਲਣੇ ਬਾਕੀ
ਇਸੇ ਦੌਰਾਨ ਵਾਲਮਾਰਟ ਦੇ ਇਕ ਬੁਲਾਰੇ ਨੇ ਕਿਹਾ ਕਿ ਸਟੋਰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਵਾਲਮਾਰਟ ਸਟੋਰ 19 ਅਕਤੂਬਰ ਨੂੰ ਵਾਪਰੀ ਦਰਦਨਾਕ ਘਟਨਾ ਵੇਲੇ ਤੋਂ ਹੀ ਬੰਦ ਹੈ। ਇਥੇ ਦਸਣਾ ਬਣਦਾ ਹੈ ਕਿ ਪੰਜਾਬ ਦੇ ਜਲੰਧਰ ਨਾਲ ਸਬੰਧਤ ਗੁਰਸਿਮਰਨ ਕੌਰ ਆਪਣੀ ਮਾਤਾ ਨਾਲ ਤਿੰਨ ਸਾਲ ਪਹਿਲਾਂ ਕੈਨੇਡਾ ਪੁੱਜੀ ਅਤੇ ਤਕਰੀਬਨ ਦੋ ਸਾਲ ਪਹਿਲਾਂ ਦੋਹਾਂ ਨੇ ਵਾਲਮਾਰਟ ਵਿਚ ਕੰਮ ਸ਼ੁਰੂ ਕੀਤਾ। ਮੈਰੀਟਾਈਮ ਸਿੱਖ ਸੋਸਾਇਟੀ ਵੱਲੋਂ ਗੁਰਸਿਮਰਨ ਕੌਰ ਦੇ ਪਿਤਾ ਨੂੰ ਕੈਨੇਡਾ ਸੱਦਣ ਲਈ ਐਮਰਜੰਸੀ ਵੀਜ਼ਾ ਵਾਸਤੇ ਮਦਦ ਦਿਤੀ ਗਈ ਜਦਕਿ ਵਾਲਮਾਰਟ ਵੱਲੋਂ ਵੀ ਪਰਵਾਰ ਦੀ ਮਦਦ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਹੈਲੀਫੈਕਸ ਰੀਜਨਲ ਪੁਲਿਸ ਵੱਲੋਂ ਗੁਰਸਿਮਰਨ ਕੌਰ ਦੀ ਮੌਤ ਨੂੰ ਬੇਹੱਦ ਗੁੰਝਲਦਾਰ ਕਰਾਰ ਦਿਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਹਾਲੇ ਚੱਲ ਰਹੀ ਹੈ।