ਨਵੀਂ ਹਲਕਾਬੰਦੀ ਮੁਤਾਬਕ ਨਹੀਂ ਹੋਣਗੀਆਂ ਉਨਟਾਰੀਓ ਵਿਧਾਨ ਸਭਾ ਚੋਣਾਂ

ਉਨਟਾਰੀਓ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਫੈਡਰਲ ਹਲਕਾਬੰਦੀ ਮੁਤਾਬਕ ਨਹੀਂ ਹੋਣਗੀਆਂ ਅਤੇ 124 ਸੀਟਾਂ ’ਤੇ ਹੀ ਮੁਕਾਬਲਾ ਹੋਵੇਗਾ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਉਨਟਾਰੀਓ ਇਸ ਵਾਰ ਰਵਾਇਤ ਤੋੜ ਰਿਹਾ ਹੈ

Update: 2024-08-02 11:45 GMT

ਟੋਰਾਂਟੋ : ਉਨਟਾਰੀਓ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਫੈਡਰਲ ਹਲਕਾਬੰਦੀ ਮੁਤਾਬਕ ਨਹੀਂ ਹੋਣਗੀਆਂ ਅਤੇ 124 ਸੀਟਾਂ ’ਤੇ ਹੀ ਮੁਕਾਬਲਾ ਹੋਵੇਗਾ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਉਨਟਾਰੀਓ ਇਸ ਵਾਰ ਰਵਾਇਤ ਤੋੜ ਰਿਹਾ ਹੈ ਅਤੇ ਫੈਡਰਲ ਸਰਕਾਰ ਦੀ ਨਵੀਂ ਹਲਕਾਬੰਦੀ ਮੁਤਾਬਕ ਵਧੀਆਂ ਹੋਈਆਂ ਸੀਟਾਂ ’ਤੇ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ। ਡਗ ਫੋਰਡ ਦੇ ਇਸ ਐਲਾਨ ਦਾ ਸਿੱਧਾ ਮਤਲਬ ਇਹ ਵੀ ਨਿਕਲਦਾ ਹੈ ਕਿ ਟੋਰਾਂਟੋ ਸਿਟੀ ਕੌਂਸਲ ਦੀ ਹੱਦਬੰਦੀ ਨਵੇਂ ਸਿਰੇ ਤੋਂ ਨਹੀਂ ਘੜੀ ਜਾਵੇਗੀ ਅਤੇ ਸ਼ਹਿਰ ਵਿਚ 25 ਕੌਂਸਲਰ ਹੀ ਰਹਿਣਗੇ। 2026 ਦੀਆਂ ਮਿਊਂਸਪਲ ਚੋਣਾਂ ਦੌਰਾਨ 25 ਦੀ ਬਜਾਏ 24 ਕੌਂਸਲਰ ਰਹਿ ਜਾਣਗੇ। ਡਗ ਫੋਰਡ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਸਿਰਫ ਇਸ ਕਰ ਕੇ ਤਬਦੀਲੀ ਕਿਉਂ ਕੀਤੀ ਜਾਵੇ ਕਿ ਫੈਡਰਲ ਸਰਕਾਰ ਨਵੀਂ ਹਲਕਾਬੰਦੀ ਚਾਹੁੰਦੀ ਹੈ।

ਪ੍ਰੀਮੀਅਰ ਡਗ ਫੋਰਡ ਵੱਲੋਂ ਪੁਰਾਣੀ ਰਵਾਇਤ ਤੋੜਨ ਦਾ ਐਲਾਨ

ਲੇਕਰਿੱਜ ਹੈਲਥ ਔਸ਼ਵਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਉਨਟਾਰੀਓ ਦੇ ਪ੍ਰੀਮੀਅਰ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕਾਂ ਨੇ ਕੀਤਾ, ਸਰਕਾਰਾਂ ਨੇ ਕੀਤਾ ਪਰ ਮੈਂ ਇਹ ਨਹੀਂ ਕਰਾਂਗਾ। ਬਿਹਤਰ ਇਹੀ ਹੋਵੇਗਾ ਕਿ ਘੱਟ ਤੋਂ ਘੱਟ ਸਿਆਸਤਦਾਨ ਹੋਣ। ਇਥੇ ਦਸਣਾ ਬਣਦਾ ਹੈ ਕਿ ਡਗ ਫ਼ੋਰਡ ਦੀ ਕੈਬਨਿਟ ਵਿਚ 36 ਮੰਤਰੀ ਹਨ ਅਤੇ ਉਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੰਤਰੀ ਮੰਡਲ ਬਣਾਉਣ ਵਾਲੇ ਪ੍ਰੀਮੀਅਰ ਘੱਟ ਤੋਂ ਘੱਟ ਸਿਆਸਤਦਾਨਾਂ ਦੀ ਗੱਲ ਕਰਦੇ ਸੁਣੇ ਗਏ। ਡਗ ਫ਼ੋਰਡ ਨੇ ਅੱਗੇ ਕਿਹਾ, ‘‘ਮੈਂ ਹੱਦਾਂ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਿਹਾ ਹਾਂ ਅਤੇ ਹੁਣ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਕੀ ਉਹ ਸਾਡੀ ਸਰਕਾਰ ਨਾਲ ਖੁਸ਼ਹਾਲੀ ਅਤੇ ਬਿਹਤਰ ਹੈਲਥ ਕੇਅਰ ਸਹੂਲਤਾਂ ਦੇ ਰਾਹ ’ਤੇ ਅੱਗੇ ਵਧਣਾ ਚਾਹੁਣਗੇ ਜਾਂ ਮੁੜ ਪਿੱਛੇ ਵੱਲ ਜਾਣਾ ਚਾਹੁੰਦੇ ਹਨ।’’ ਡਗ ਫੋਰਡ ਦੀ ਅਣਕਿਆਸੀ ਟਿੱਪਣੀ ‘ਟੋਰਾਂਟੋ ਸਟਾਰ’ ਦੀ ਉਸ ਰਿਪੋਰਟ ਤੋਂ ਬਾਅਦ ਆਈ ਹੈ ਜਿਸ ਵਿਚ ਇਲੈਕਸ਼ਨਜ਼ ਉਨਟਾਰੀਓ ਵੱਲੋਂ ਹੱਦਬੰਦੀ ਬਾਰੇ ਹਦਾਇਤਾਂ ਦੀ ਉਡੀਕ ਕਰ ਰਹੇ ਹੋਣ ਦਾ ਜ਼ਿਕਰ ਕੀਤਾ ਗਿਆ।

124 ਵਿਧਾਨ ਸਭਾ ਸੀਟਾਂ ’ਤੇ ਹੀ ਹੋਵੇਗਾ ਮੁਕਾਬਲਾ

ਗੈਰਯਕੀਨੀ ਵਾਲਾ ਮਾਹੌਲ ਇਸ ਕਰ ਕੇ ਵੀ ਬਣਦਾ ਮਹਿਸੂਸ ਹੋਇਆ ਕਿਉਂਕਿ ਉਨਟਾਰੀਓ ਵਿਧਾਨ ਸਭਾ ਚੋਣਾਂ ਜੂਨ 2026 ਵਿਚ ਹੋਣੀਆਂ ਹਨ ਪਰ ਪ੍ਰੀਮੀਅਰ ਡਗ ਫੋਰਡ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਇੱਛਕ ਨਜ਼ਰ ਆ ਰਹੇ ਹਨ। ਦੂਜੇ ਪਾਸੇ ਫੈਡਰਲ ਚੋਣਾਂ ਅਕਤੂਬਰ 2025 ਵਿਚ ਹੋਣੀਆਂ ਹਨ ਅਤੇ ਇਸ ਵਾਰ 338 ਪਾਰਲੀਮਾਨੀ ਸੀਟਾਂ ਦੀ ਬਜਾਏ 343 ਸੀਟਾਂ ’ਤੇ ਵੋਟਾਂ ਪੈਣਗੀਆਂ। ਦੱਸ ਦੇਈਏ ਕਿ ਉਨਟਾਰੀਓ ਵਿਚ 2017 ’ਚ ਲਾਗੂ ਰਿਪ੍ਰਜ਼ੈਂਟੇਸ਼ਨ ਐਕਟ ਮੁਤਾਬਕ ਸੂਬੇ ਦੀਆਂ 111 ਵਿਧਾਨ ਸਭਾ ਸੀਟਾਂ ਇੰਨ ਬਿੰਨ ਰੂਪ ਵਿਚ ਫੈਡਰਲ ਰਾਈਡਿੰਗਜ਼ ’ਤੇ ਆਧਾਰਤ ਹਨ। ਉਨਟਾਰੀਓ ਵਿਚ 2007, 2011 ਅਤੇ 2014 ਦੀਆਂ ਚੋਣਾਂ ਦੌਰਾਨ 107 ਵਿਧਾਨ ਸਭਾ ਸੀਟਾਂ ਸਨ ਜਦਕਿ 2018 ਅਤੇ 2022 ਵਿਚ ਸੀਟਾਂ ਵਧਾ ਕੇ 124 ਕਰ ਦਿਤੀਆਂ ਗਈਆਂ।

Tags:    

Similar News