ਓਨਟਾਰੀਓ ਦੀ ਕਬੱਡੀ ਟੀਮ ਨੇ ਜਿੱਤਿਆ 31ਵਾਂ ਕੈਨੇਡਾ ਕਬੱਡੀ ਕੱਪ

ਕੈਨੇਡਾ ਈਸਟ(ਓਨਟਾਰੀਓ) ਅਤੇ ਇੰਡੀਆ ਦੀ ਟੀਮ 'ਚ ਹੋਇਆ ਫਾਈਨਲ ਮੁਕਾਬਲਾ

Update: 2024-08-05 19:24 GMT

3 ਅਗਸਤ ਨੂੰ ਲੰਡਨ ਦੇ 99 ਡਨਡਾਸ ਸਟ੍ਰੀਟ, ਬਡਵਾਈਜ਼ਰ ਗਾਰਡਨਸ 'ਚ 31ਵਾਂ ਕੈਨੇਡਾ ਕਬੱਡੀ ਕੱਪ 2024 ਹੋਇਆ। ਕੈਨੇਡਾ ਕਬੱਡੀ ਕੱਪ ਪਹਿਲੀ ਵਾਰ ਓਨਟਾਰੀਓ ਦੇ ਸ਼ਹਿਰ ਲੰਡਨ 'ਚ ਹੋਇਆ। ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੁਆਰਾ ਹਰ ਸਾਲ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਜਿਸ 'ਚ ਵੱਖ-ਵੱਖ ਦੇਸ਼ਾਂ ਦੇ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ। ਯੰਗ ਕਬੱਡੀ ਕਲੱਬ ਐਂਡ ਕਲਚਰ ਸੈਂਟਰ ਵੱਲੋਂ ਬੜੇ ਹੀ ਮਾਣ ਨਾਲ 2024 ਦਾ 31ਵਾਂ ਕੈਨੇਡਾ ਕਬੱਡੀ ਪੇਸ਼ ਕੀਤਾ ਗਿਆ ਅਤੇ ਇਸ ਸਾਲ ਦੇ ਕਬੱਡੀ ਕੱਪ ਦੀ ਯੰਗ ਸਪੋਰਟਸ ਕਲੱਬ ਦੁਆਰਾ ਮੇਜ਼ਬਾਨੀ ਕੀਤੀ ਗਈ। ਕੈਨੇਡਾ ਕਬੱਡੀ ਕੱਪ 'ਚ ਵੱਖੋ-ਵੱਖਰੇ ਦੇਸ਼ਾਂ ਦੀਆਂ 7 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ 'ਚ ਕੈਨੇਡਾ ਈਸਟ ਕਬੱਡੀ ਟੀਮ, ਕੈਨੇਡਾ ਵੈਸਟ ਕਬੱਡੀ ਟੀਮ, ਬੀਸੀ ਕਬੱਡੀ ਟੀਮ, ਇੰਡੀਆ ਕਬੱਡੀ ਟੀਮ, ਯੂ.ਐੱਸ.ਏ. ਕਬੱਡੀ ਟੀਮ, ਇੰਗਲੈਂਡ ਅਤੇ ਪਾਕਿਸਤਾਨ ਸ਼ਾਮਲ ਸਨ। ਇਨ੍ਹਾਂ 7 ਟੀਮਾਂ ਦੇ ਕਬੱਡੀ ਖਿਡਾਰੀਆਂ ਨੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਕੈਨੇਡਾ ਕਬੱਡੀ ਕੱਪ 2024 ਦੇ ਫਾਈਨਲ ਮੁਕਾਬਲੇ 'ਚ ਕੈਨੇਡਾ ਈਸਟ ਅਤੇ ਇੰਡੀਆ ਕਬੱਡੀ ਟੀਮ ਪਹੁੰਚੀ। ਦੋਵਾਂ ਟੀਮਾਂ 'ਚ ਜ਼ਬਰਦਸਤ ਮੁਕਾਬਲਾ ਹੋਇਆ ਅਤੇ ਅਖੀਰ 'ਚ ਕੈਨੇਡਾ ਈਸਟ ਦੀ ਟੀਮ ਨੇ ਇੰਡੀਆਂ ਦੀ ਟੀਮ ਨੂੰ ਫਾਈਨਲ ਮੁਕਾਬਲੇ 'ਚ ਹਰਾ ਕੇ ਜਿੱਤ ਹਾਸਲ ਕੀਤੀ। ਮੈਚ ਤੋਂ ਬਾਅਦ ਬੈਸਟ ਸਟੋਪਰ ਅਤੇ ਬੈਸਟ ਰੇਡਰ ਵੀ ਐਲਾਨੇ ਗਏ। ਦੱਸਦਈਏ ਕਿ ਬੈਸਟ ਸਟੋਪਰ ਦਾ ਐਵਾਰਡ ਕੈਨੇਡਾ ਈਸਟ ਦੀ ਟੀਮ ਤੋਂ ਕਬੱਡੀ ਖਿਡਾਰੀ ਵਾਹਿਗੁਰੂ (ਸੀਚੇਵਾਲ) ਨੂੰ ਮਿਿਲਆ ਅਤੇ ਬੈਸਟ ਰੇਡਰ ਦੇ ਐਵਾਰਡ ਨਾਲ ਇੰਡੀਆ ਦੀ ਟੀਮ ਤੋਂ ਕਬੱਡੀ ਖਿਡਾਰੀ ਸ਼ਾਜ਼ਿਲ (ਸ਼ੱਕਰਪੁਰ) ਨੂੰ ਨਿਵਾਜਿਆ ਗਿਆ। ਦੋਹਾਂ ਨੂੰ ਐਵਾਰਡ ਵਜੋਂ ਟਰਾਫੀ ਦਿੱਤੀ ਗਈ।

ਮੈਚ 3 ਅਗਸਤ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚਲਿਆ। ਲੰਡਨ 'ਚ ਇਹ ਮੈਚ ਹੋਇਆ ਪਰ ਫਿਰ ਵੀ ਮੈਚ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਪਹੁੰਚੇ। ਖਾਸ ਗੱਲ ਇਹ ਰਹੀ ਕਿ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨ ਅਤੇ ਛੋਟੇ ਬੱਚੇ ਵੀ ਮੈਚ ਦੇਖਣ ਲਈ ਆਏ ਹੋਏ ਸਨ। ਇੱਥੇ ਇਹ ਵੀ ਦੱਸਦਈਏ ਕਿ ਸਿਰਫ਼ ਪੰਜਾਬੀ ਭਾਈਚਾਰੇ ਦੇ ਲੋਕ ਹੀ ਨਹੀਂ ਸਗੋਂ ਹੋਰ ਭਾਈਚਾਰਿਆਂ ਦੇ ਲੋਕ ਵੀ ਮੈਚ ਦੇਖਣ ਲਈ ਪਹੁੰਚੇ। ਸਟੇਡੀਅਮ ਲੋਕਾਂ ਦੇ ਇਕੱਠ ਨਾਲ ਪੂਰਾ ਭਰ ਗਿਆ ਸੀ ਅਤੇ ਲੋਕਾਂ 'ਚ ਮੈਚ ਨੂੰ ਲੈ ਕੇ ਬਹੁਤ ਉਤਸ਼ਾਹ ਸੀ। ਲੋਕਾਂ ਨੇ ਕਿਹਾ ਕਿ ਕਬੱਡੀ ਪੁਰਾਤਨ ਖੇਡ ਹੈ ਅਤੇ ਇਸ ਨੂੰ ਦੇਖਣਾ ਬਹੁਤ ਮਜ਼ੇਦਾਰ ਹੁੰਦਾ ਹੈ। ਲੋਕਾਂ ਵੱਲੋਂ ਮੈਚ ਦੌਰਾਨ ਕਬੱਡੀ ਖਿਡਾਰੀਆਂ ਨੂੰ ਖੂਬ ਪ੍ਰੇਰਿਤ ਵੀ ਕੀਤਾ ਗਿਆ। ਕਾਫੀ ਕਬੱਡੀ ਪ੍ਰੇਮੀ ਮੈਚ ਖਤਮ ਹੋਣ ਤੋਂ ਬਾਅਦ ਸਟੇਡੀਅਮ 'ਚ ਠਹਿਰੇ ਅਤੇ ਕਬੱਡੀ ਖਿਡਾਰੀਆਂ ਨੂੰ ਮਿਲ ਕੇ ਅਤੇ ਉਨ੍ਹਾਂ ਨਾਲ ਫੋਟੋਆਂ ਖਿਚਵਾ ਕੇ ਗਏ। ਮੈਚ 'ਚ ਹਿੱਸਾ ਲੈਣ ਵਾਲੀਆਂ ਬਾਕੀ ਦੀਆਂ ਟੀਮਾਂ ਵੱਲੋਂ ਵੀ ਜੇਤੂ ਕੈਨੇਡਾ ਈਸਟ ਦੀ ਕਬੱਡੀ ਟੀਮ ਨੂੰ ਵਧਾਈਆਂ ਦਿੱਤੀਆਂ ਗਈਆਂ।

Tags:    

Similar News