ਕੈਨੇਡਾ ’ਚ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ 20 ਲੱਖ ਤੋਂ ਟੱਪੀ

ਕੈਨੇਡਾ ਵਿਚ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ 20 ਲੱਖ ਤੋਂ ਟੱਪ ਚੁੱਕੀ ਹੈ ਅਤੇ ਇਹ ਅੰਕੜਾ ਮਾਰਚ 2019 ਦੇ ਮੁਕਾਬਲੇ ਦੁੱਗਣਾ ਬਣਦਾ ਹੈ।

Update: 2024-10-28 12:49 GMT

ਟੋਰਾਂਟੋ : ਕੈਨੇਡਾ ਵਿਚ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ 20 ਲੱਖ ਤੋਂ ਟੱਪ ਚੁੱਕੀ ਹੈ ਅਤੇ ਇਹ ਅੰਕੜਾ ਮਾਰਚ 2019 ਦੇ ਮੁਕਾਬਲੇ ਦੁੱਗਣਾ ਬਣਦਾ ਹੈ। ਫੂਡ ਬੈਂਕਸ ਕੈਨੇਡਾ ਨੇ ਤਾਜ਼ਾ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਬੀਤੇ ਮਾਰਚ ਮਹੀਨੇ ਦੌਰਾਨ 20 ਲੱਖ ਤੋਂ ਵੱਧ ਲੋਕ ਵੱਖ ਵੱਖ ਰਾਜਾਂ ਦੇ ਫੂਡ ਬੈਂਕਸ ਵਿਚ ਪੁੱਜੇ ਅਤੇ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਛੇ ਫੀ ਸਦੀ ਵੱਧ ਬਣਦੀ ਹੈ। ਫੂਡ ਬੈਂਕਸ ਕੈਨੇਡਾ ਦੀ ਮੁੱਖ ਕਾਰਜਕਾਰੀ ਅਫਸਰ ਕ੍ਰਿਸਟੀਨ ਬਿਅਰਡਜ਼ਲੀ ਦਾ ਕਹਿਣਾ ਸੀ ਕਿ ਘੱਟ ਆਮਦਨ ਵਾਲੇ ਲੋਕਾਂ ਨੂੰ ਤੁਰਤ ਮਦਦ ਦੀ ਜ਼ਰੂਰਤ ਹੈ ਅਤੇ ਉਹ ਫੂਡ ਬੈਂਕਸ ਵੱਲ ਜਾਣ ਵਾਸਤੇ ਮਜਬੂਰ ਹਨ।

2019 ਦੇ ਮੁਕਾਬਲੇ ਦੁੱਗਣਾ ਵਾਧਾ

ਫੈਡਰਲ ਅਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮਕਾਨ ਕਿਰਾਏ ਅਤੇ ਹੋਰ ਸਮੱਸਿਆਵਾਂ ਵੱਲ ਗੰਭੀਰਤਾ ਨਾਲ ਧਿਆਨ ਦੇਣ ਤਾਂਕਿ ਘੱਟ ਆਮਦਨ ਵਾਲੇ ਲੋਕ ਆਪਣੇ ਵਾਸਤੇ ਕੁਝ ਹੋਰ ਪੈਸੇ ਬਚਾ ਸਕਣ ਅਤੇ ਫੂਡ ਬੈਂਕਸ ’ਤੇ ਨਿਰਭਰਤਾ ਘਟਾਈ ਜਾ ਸਕੇ। ‘ਹੰਗਰ ਕਾਊਂਟ 2024’ ਦੇ ਅੰਕੜਿਆਂ ਮੁਤਾਬਕ 20 ਲੱਖ 59 ਹਜ਼ਾਰ ਲੋਕਾਂ ਨੇ ਮਾਰਚ ਵਿਚ ਫੂਡ ਬੈਂਕ ਦਾ ਦਰਵਾਜ਼ਾ ਖੜਕਾਇਆ। ਕ੍ਰਿਸਟੀਨ ਨੇ ਦੱਸਿਆ ਕਿ ਫੂਡ ਬੈਂਕ ਆਉਣ ਵਾਲੇ ਇਕ ਤਿਹਾਈ ਤੋਂ ਵੱਧ ਕਲਾਈਂਟ ਬੱਚੇ ਹੁੰਦੇ ਹਨ ਅਤੇ ਇਸ ਅੰਕੜੇ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। 2019 ਵਿਚ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ 10 ਲੱਖ 86 ਹਜ਼ਾਰ ਦਰਜ ਕੀਤੀ ਗਈ। 2020 ਵਿਚ ਕੋਰੋਨਾ ਮਹਾਂਮਾਰੀ ਕਾਰਨ ਅਸਲ ਅੰਕੜਾ ਸਾਹਮਣੇ ਨਹੀਂ ਆਇਆ ਪਰ 2021 ਵਿਚ 12 ਲੱਖ 72 ਹਜ਼ਾਰ ਲੋਕ ਫੂਡ ਬੈਂਕਸ ਵਿਚ ਪੁੱਜੇ ਅਤੇ 17 ਫੀ ਸਦੀ ਵਾਧਾ ਦਰਜ ਕੀਤਾ ਗਿਆ। 2022 ਵਿਚ 14 ਲੱਖ 65 ਹਜ਼ਾਰ ਲੋਕ ਫੂਡ ਬੈਂਕਸ ਵਿਚ ਪੁੱਜੇ ਅਤੇ 15 ਫੀ ਸਦੀ ਵਾਧਾ ਦਰਜ ਕੀਤਾ ਗਿਆ। 2023 ਵਿਚ 19 ਲੱਖ 35 ਹਜ਼ਾਰ ਤੋਂ ਵੱਧ ਲੋਕ ਫੂਡ ਬੈਂਕਸ ਪੁੱਜੇ ਅਤੇ 32 ਫੀ ਸਦੀ ਵਾਧਾ ਦਰਜ ਕੀਤਾ ਗਿਆ।

Tags:    

Similar News