ਕੈਨੇਡਾ-ਅਮਰੀਕਾ ਦਰਮਿਆਨ ਹਵਾਈ ਸਫ਼ਰ ਕਰਨ ਵਾਲਿਆਂ ਦੀ ਗਿਣਤੀ 70 ਫ਼ੀ ਸਦੀ ਘਟੀ
ਟੋਰਾਂਟੋ : ਸੜਕੀ ਆਵਾਜਾਈ ਵਿਚ ਵੱਡੀ ਕਮੀ ਮਗਰੋਂ ਹਵਾਈ ਰਸਤੇ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਵਿਚ ਵੀ ਭਾਰੀ ਗਿਰਾਵਟ ਆਈ ਹੈ। ਐਵੀਏਸ਼ਨ ਅੰਕੜਿਆਂ ਦਾ ਅਧਿਐਨ ਕਰਨ ਵਾਲੀ ਕੰਪਨੀ ਓ.ਏ.ਜੀ. ਏਅਰਲਾਈਨ ਦੀ ਰਿਪੋਰਟ ਮੁਤਾਬਕ ਫਲਾਈਟ ਬੁਕਿੰਗਜ਼ 70 ਫੀ ਸਦੀ ਹੇਠਾਂ ਆਈਆਂ ਹਨ ਅਤੇ ਸਭ ਤੋਂ ਜ਼ਿਆਦਾ ਕਮੀ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਦੌਰਾਨ ਦਰਜ ਕੀਤੀ ਗਈ ਹੈ।
ਅਮਰੀਕਾ ਵਿਚ ਇੰਮੀਗ੍ਰੇਸ਼ਨ ਸਮੱਸਿਆਵਾਂ ਬਣੀਆਂ ਮੁੱਖ ਕਾਰਨ
ਮਾਰਚ 2024 ਤੋਂ ਮਾਰਚ 2025 ਦਰਮਿਆਨ ਫਲਾਈਟ ਬੁਕਿੰਗਜ਼ ਦੇ ਅੰਕੜੇ ਨੂੰ ਘੋਖਿਆ ਗਿਆ ਤਾਂ ਅਪ੍ਰੈਲ ਤੋਂ ਸਤੰਬਰ ਦਰਮਿਆਨ ਟਿਕਟਾਂ ਦੀ ਬੁਕਿੰਗ 71 ਫ਼ੀ ਸਦੀ ਤੋਂ 76 ਫੀ ਸਦੀ ਘੱਟ ਨਜ਼ਰ ਆਈ। ਸਿਰਫ਼ ਬੁਕਿੰਗਜ਼ ਹੀ ਨਹੀਂ ਘਟੀਆਂ ਸਗੋਂ ਏਅਰਲਾਈਨਜ਼ ਨੇ ਆਪਣੇ ਗੇੜੇ ਵੀ ਘਟਾ ਦਿਤੇ ਹਨ। ਮੰਗ ਘਟਣ ਕਾਰਨ ਦੋਹਾਂ ਮੁਲਕਾਂ ਦਰਮਿਆਨ ਹਵਾਈ ਸਫ਼ਰ ਕਰਵਾ ਰਹੀਆਂ ਏਅਰਲਾਈਨਜ਼ ਵੱਲੋਂ 3 ਲੱਖ 20 ਹਜ਼ਾ ਸੀਟਾਂ ਦੀ ਕਟੌਤੀ ਕੀਤੀ ਗਈ ਹੈ। ਟੋਰਾਂਟੋ ਦੇ ਟਰੈਵਲ ਐਕਸਪਰਟ ਬੈਰੀ ਚੌਏ ਦਾ ਕਹਿਣਾ ਸੀ ਕਿ ਹਵਾਈ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਿਚ ਕਮੀ ਹੈਰਾਨੀ ਪੈਦਾ ਨਹੀਂ ਕਰਦੀ। ਆਉਣ ਵਾਲੇ ਸਮੇਂ ਦੌਰਾਨ ਅਮਰੀਕਾ ਦੇ ਕਈ ਸ਼ਹਿਰਾਂ ਨੂੰ ਹੋਰ ਵੀ ਜ਼ਿਆਦਾ ਭੁਗਤਣਾ ਪੈ ਸਕਦਾ ਹੈ।
ਕਾਰੋਬਾਰੀ ਜੰਗ ਦਾ ਅਸਰ ਵੀ ਦੇਖਣ ਨੂੰ ਮਿਲਿਆ
ਅਮਰੀਕਾ ਦੇ ਸਰਹੱਦੀ ਸ਼ਹਿਰਾਂ ਦੇ ਨਾਲ-ਨਾਲ ਕੈਲੇਫੋਰਨੀਆ ਅਤੇ ਫਲੋਰੀਡਾ ਵਰਗੇ ਰਾਜਾਂ ਵੱਲ ਸਫ਼ਰ ਕਰਨ ਵਾਲੇ ਕੈਨੇਡੀਅਨਜ਼ ਲਗਾਤਾਰ ਘਟ ਰਹੇ ਹਨ। ਦੂਜੇ ਪਾਸੇ ਸਾਲ ਵਿਚ ਅਮਰੀਕਾ ਦੇ ਤਿੰਨ-ਚਾਰ ਗੇੜੇ ਲਾਉਣ ਵਾਲੀ ਲੌਰਾ ਮੈਕਨੀਲ ਨੇ ਦੱਸਿਆ ਕਿ ਉਸ ਦੇ ਦੋ ਭਰਾ ਕੈਲੇਫੋਰਨੀਆ ਵਿਚ ਰਹਿੰਦੇ ਹਨ ਅਤੇ ਉਹ ਅਕਸਰ ਹੀ ਉਨ੍ਹਾਂ ਜਾਂਦੀ ਰਹਿੰਦੀ ਹੈ ਪਰ ਮੌਜੂਦਾ ਹਾਲਾਤ ਵਿਚ ਕੈਨੇਡੀਅਨਜ਼ ਵਾਸਤੇ ਅਮਰੀਕਾ ਦਾ ਸਫ਼ਰ ਦੁੱਭਰ ਹੁੰਦਾ ਜਾ ਰਿਹਾ ਹੈ। ਇਸੇ ਦੌਰਾਨ ਏਅਰ ਕੈਨੇਡਾ ਅਤੇ ਏਅਰ ਟ੍ਰਾਂਜ਼ੈਟ ਨੇ ਕਿਹਾ ਕਿ ਹਵਾਈ ਸਫਰ ਦੇ ਰੁਝਾਨ ਉਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਫਿਲਹਾਲ ਕੋਈ ਵੱਡੀ ਤਬਦੀਲੀ ਨਹੀਂ ਕੀਤੀ ਗਈ।