ਐਨਡੀਪੀ ਆਗੂ ਨੇ ਲਲਕਾਰਿਆ ਟਰੰਪ, ਕਿਹਾ- ਵਿਕਾਊ ਨਹੀਂ ਸਾਡਾ ਕੈਨੇਡਾ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸ ਵਧਾਉਣ ਦੀਆਂ ਧਮਕੀਆਂ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸਟੇਟ ਬਣਾਉਣ ਦੀ ਪੇਸ਼ਕਸ਼ ਕਰ ਚੁੱਕੇ ਹਨ ਅਜਿਹੇ ਵਿੱਚ ਇਹ ਮਾਮਲਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ।;
ਓਟਾਵਾ,ਕਵਿਤਾ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸ ਵਧਾਉਣ ਦੀਆਂ ਧਮਕੀਆਂ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸਟੇਟ ਬਣਾਉਣ ਦੀ ਪੇਸ਼ਕਸ਼ ਕਰ ਚੁੱਕੇ ਹਨ ਅਜਿਹੇ ਵਿੱਚ ਇਹ ਮਾਮਲਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਤੋਂ ਬਾਅਦ ਹੁਣ ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਵੀ ਕਰੜੇ ਸ਼ਬਦਾਂ ਚ ਨਿੰਦਾ ਕਰਦਿਆਂ ਪੇਸ਼ਕਸ਼ ਠੁਕਰਾ ਦਿੱਤੀ ਹੈ।
ਡੋਨਾਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਲਈ ਸਿਰਫ਼ ਇੱਕ ਹਫ਼ਤਾ ਬਾਕੀ ਹੈ। ਇਸਤੋਂ ਪਹਿਲਾਂ ਹੀ ਕੈਨੇਡਾ ਨੂੰ 51ਵਾਂ ਸਟੇਟ ਬਣਾਉਣ ਵਾਲੇ ਬਿਆ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਡੋਨਾਲਡ ਟਰੰਪ ਨੂੰ ਜਵਾਬ ਦਿੰਦਿਆ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਆਪਣਾ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਸਾਡਾ ਦੇਸ਼ ਵਿਕਾਊ ਨਹੀਂ ਹੈ। ਐਨਡੀਪੀ ਨੇਤਾ ਜਗਮੀਤ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਵੀਡੀਓ ਪੋਸਟ ਕੀਤਾ
‘ਮੇਰੇ ਕੋਲ ਡੋਨਾਲਡ ਟਰੰਪ ਲਈ ਇੱਕ ਸੰਦੇਸ਼ ਹੈ। ਸਾਡਾ ਦੇਸ਼ ਵਿਕਾਊ ਨਹੀਂ ਹੈ। ਨਾ ਇਹ ਹੁਣ ਹੈ ਤੇ ਨਾ ਇਹ ਕਦੀ ਹੋਵੇਗਾ. ਕੈਨੇਡੀਅਨਾਂ ਨੂੰ ਆਪਣੇ ਦੇਸ਼ 'ਤੇ ਮਾਣ ਹੈ ਅਤੇ ਅਸੀਂ ਇਸ ਦੀ ਰੱਖਿਆ ਰੱਖਿਆ ਲਈ ਆਪਣੀ ਜਾਨ ਦਾਅ 'ਤੇ ਲਾਉਣ ਲਈ ਤਿਆਰ ਹਾਂ।‘
ਟੈਰਿਫ ਲਗਾਉਣ ਦੀ ਟਰੰਪ ਦੀ ਧਮਕੀ 'ਤੇ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਟਰੰਪ ਸਾਡੇ 'ਤੇ ਟੈਰਿਫ ਲਗਾਉਂਦੇ ਹਨ, ਤਾਂ ਸਾਨੂੰ ਵੀ ਉਸੇ ਤਰੀਕੇ ਨਾਲ ਜਵਾਬੀ ਟੈਰਿਫ ਲਗਾਉਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਲੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ। ਕੈਲੀਫੋਰਨੀਆ 'ਚ ਲੱਗੀ ਅੱਗ 'ਤੇ NDP ਨੇਤਾ ਨੇ ਕਿਹਾ ਕਿ ਜਦੋਂ ਅਮਰੀਕਾ 'ਚ ਜੰਗਲਾਂ ਦੀ ਅੱਗ ਘਰਾਂ ਨੂੰ ਤਬਾਹ ਕਰ ਰਹੀ ਹੈ ਤਾਂ ਕੈਨੇਡੀਅਨ ਫਾਇਰਫਾਈਟਰ ਮਦਦ ਲਈ ਪਹੁੰਚ ਗਏ ਹਨ। ਅਸੀਂ ਅਜਿਹੇ ਹੀ ਹਾਂ। ਹਮੇਸ਼ਾ ਆਪਣੇ ਗੁਆਂਢੀਆਂ ਦੀ ਮਦਦ ਕਰਦੇ ਹਾਂ।
ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਟਰੂਡੋ ਨੇ ਪਿਛਲੇ ਸਾਲ ਨਵੰਬਰ 'ਚ ਅਮਰੀਕਾ 'ਚ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਟਰੰਪ ਨੇ ਮਜ਼ਾਕ ਵਿਚ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਉਹ ਕਈ ਵਾਰ ਕੈਨੇਡਾ ਨੂੰ ਅਮਰੀਕਾ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕਰ ਚੁੱਕਾ ਹੈ। ਜਿਕਰਯੋਗ ਹੈ ਕਿ ਟਰੰਪ ਨੇ ਇਸ ਦੇ ਲਈ ਵਿੱਤੀ ਤਾਕਤ ਦੀ ਵਰਤੋਂ ਕਰਨ ਦੀ ਗੱਲ ਕੀਤੀ ਹੈ। ਉਸਨੇ ਕੈਨੇਡਾ 'ਤੇ 25% ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਹੈ। ਟਰੰਪ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਅਮਰੀਕਾ ਨਾਲ ਜੁੜ ਜਾਂਦਾ ਹੈ ਤਾਂ ਕੋਈ ਟੈਰਿਫ ਨਹੀਂ ਹੋਵੇਗਾ, ਟੈਕਸ ਬਹੁਤ ਘੱਟ ਹੋ ਜਾਣਗੇ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਦੀ 25% ਟੈਰਿਫ ਦੀ ਧਮਕੀ 'ਤੇ ਕਿਹਾ ਸੀ ਕਿ ‘ਜੇਕਰ ਟਰੰਪ ਟੈਰਿਫ ਲਗਾਉਂਦੇ ਹਨ, ਤਾਂ ਉਸਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਸ ਟੈਰਿਫ ਦਾ ਸਟੀਲ ਅਤੇ ਐਲੂਮੀਨੀਅਮ ਦੀਆਂ ਕੀਮਤਾਂ 'ਤੇ ਕੀ ਪ੍ਰਭਾਵ ਪਵੇਗਾ ਜੋ ਕੈਨੇਡਾ ਅਮਰੀਕਾ ਨੂੰ ਨਿਰਯਾਤ ਕਰਦਾ ਹੈ।‘