ਉਨਟਾਰੀਓ ਵਿਚ ਬੈਂਕ ਲੁੱਟਣ ਦੀਆਂ 8 ਵਾਰਦਾਤਾਂ ਦੀ ਗੁੱਥੀ ਸੁਲਝੀ

ਉਨਟਾਰੀਓ ਦੇ ਵੱਖ ਵੱਖ ਸ਼ਹਿਰਾਂ ਵਿਚ ਬੈਂਕ ਲੁੱਟਣ ਦੀਆਂ ਕਈ ਵਾਰਦਾਤਾਂ ਦੀ ਪੜਤਾਲ ਕਰ ਰਹੀ ਓ.ਪੀ.ਪੀ. ਵੱਲੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਇਕ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ।

Update: 2024-10-30 09:12 GMT

ਟੋਰਾਂਟੋ : ਉਨਟਾਰੀਓ ਦੇ ਵੱਖ ਵੱਖ ਸ਼ਹਿਰਾਂ ਵਿਚ ਬੈਂਕ ਲੁੱਟਣ ਦੀਆਂ ਕਈ ਵਾਰਦਾਤਾਂ ਦੀ ਪੜਤਾਲ ਕਰ ਰਹੀ ਓ.ਪੀ.ਪੀ. ਵੱਲੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਇਕ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ 8 ਦਸੰਬਰ 2022 ਤੋਂ 16 ਮਾਰਚ 2024 ਦਰਮਿਆਨ ਬੈਂਕ ਲੁੱਟਣ ਦੀਆਂ 8 ਵਾਰਦਾਤਾਂ ਸਾਹਮਣੇ ਆਈਆਂ ਜਿਨ੍ਹਾਂ ਦੌਰਾਨ 20 ਲੱਖ ਡਾਲਰ ਤੋਂ ਵੱਧ ਰਕਮ ਲੁੱਟੀ ਗਈ। ਬੈਰੀ, ਬੈਲਵਿਲ, ਡਰਹਮ, ਨਿਆਗਰਾ ਅਤੇ ਯਾਰਕ ਰੀਜਨ ਵਿਚ ਹੋਈਆਂ ਵਾਰਦਾਤਾਂ ਦੌਰਾਨ ਕਈ ਚੀਜ਼ਾਂ ਬਿਲਕੁਲ ਮਿਲਦੀਆਂ ਜੁਲਦੀਆਂ ਨਜ਼ਰ ਆਈਆਂ। ਸਭ ਤੋਂ ਅਹਿਮ ਗੱਲ ਇਹ ਉਭਰ ਕੇ ਸਾਹਮਣੇ ਆਈ ਕਿ ਤਿੰਨ ਜਾਂ ਤਿੰਨ ਜਣੇ ਭੇਖ ਬਦਲ ਕੇ ਬੈਂਕ ਵਿਚ ਦਾਖਲ ਹੁੰਦੇ ਅਤੇ ਪਸਤੌਲ ਦੀ ਨੋਕ ’ਤੇ ਨਕਦੀ ਲੁੱਟ ਕੇ ਚਲੇ ਜਾਂਦੇ।

ਪੁਲਿਸ ਨੇ ਚਾਰ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ, ਪੰਜਵੇਂ ਦੀ ਭਾਲ ਜਾਰੀ

ਕਿਸੇ ਵੀ ਵਾਰਦਾਤ ਦੌਰਾਨ ਗੋਲੀ ਨਹੀਂ ਚੱਲੀ ਅਤੇ ਕੋਈ ਜ਼ਖਮੀ ਨਹੀਂ ਹੋਇਆ। 21 ਜੂਨ 2024 ਨੂੰ ਉਨਟਾਰੀਓ ਦੇ ਨਿਪੀਸਿੰਗ ਡਿਸਟ੍ਰਿਕਟ ਵਿਚ ਲੁੱਟ ਦੀ ਵਾਰਦਾਤ ਦੌਰਾਨ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਚੌਥੇ ਸਾਥੀ ਨੂੰ ਪੁਲਿਸ ਨੇ 25 ਸਤੰਬਰ ਨੂੰ ਵੌਅਨ ਤੋਂ ਕਾਬੂ ਕੀਤਾ ਜਦਕਿ ਪੰਜਵਾਂ ਹੁਣ ਤੱਕ ਫਰਾਰ ਹੈ। ਪੰਜ ਸ਼ੱਕੀਆਂ ਵਿਰੁੱਧ ਹਿੰਸਕ ਤਰੀਕੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ, ਖਤਰਨਾਕ ਮਕਸਦ ਲਈ ਹਥਿਆਰ ਰੱਖਣ, ਗੰਭੀਰ ਅਪਰਾਧ ਦੀ ਸਾਜ਼ਿਸ਼ ਘੜਨ ਅਤੇ ਹਥਿਆਰ ਦੀ ਨੋਕ ’ਤੇ ਲੁੱਟ ਕਰਨ ਵਰਗੇ ਦੋਸ਼ ਆਇਦ ਕੀਤੇ ਗਏ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਡਿਪਟੀ ਕਮਿਸ਼ਨਰ ਮਾਰਟੀ ਕਿਅਰਨਜ਼ ਨੇ ਕਿਹਾ ਕਿ ਪ੍ਰੌਜੈਕਟ ਓਪਲ ਅਧੀਨ ਕੀਤੀ ਕਾਰਵਾਈ ਦੌਰਾਨ ਵੱਖ ਵੱਖ ਪੁਲਿਸ ਮਹਿਕਮਿਆਂ ਦਾ ਸਹਿਯੋਗ ਲੈਂਦਿਆਂ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਸ਼ੱਕੀਆਂ ਵੱਲੋਂ ਇਕ ਹੋਰ ਬੈਂਕ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹ ਪੁਲਿਸ ਦੀ ਹਿਰਾਸਤ ਵਿਚ ਸਨ। ਪੁਲਿਸ ਮਹਿਕਮਿਆਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਯਕੀਨੀ ਬਣਾਇਆ ਕਿ ਹੋਰਨਾਂ ਲੋਕਾਂ ਨੂੰ ਲੁੱਟ ਦੀਆਂ ਵਾਰਦਾਤਾਂ ਦੌਰਾਨ ਡਰ ਦੇ ਮਾਹੌਲ ਵਿਚੋਂ ਨਾ ਲੰਘਣਾ ਪਵੇ। ਬੈਂਕ ਲੁੱਟਣ ਦੀਆਂ ਵਾਰਦਾਤਾਂ ਦੀ ਪੜਤਾਲ ਹੁਣ ਵੀ ਚੱਲ ਰਹੀ ਹੈ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਧੇਰੇ ਜਾਣਕਾਰੀ ਮੌਜੂਦ ਹੋਵੇ ਤਾਂ ਉਹ ਸਥਾਨਕ ਪੁਲਿਸ ਮਹਿਕਮੇ ਨਾਲ ਸੰਪਰਕ ਕਰੇ।

Tags:    

Similar News