ਬਰੈਂਪਟਨ ਦੇ ਮੇਅਰ ਨੇ ਗੈਰਜ਼ਿੰਮੇਵਾਰ ਮਕਾਨ ਮਾਲਕਾਂ ਨੂੰ ਦਿਤੀ ਚਿਤਾਵਨੀ
ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਸ਼ਹਿਰ ਦੇ ਮਕਾਨ ਮਾਲਕਾਂ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਹੈ ਕਿ ਹਰ ਲੈਂਡਲੌਰਡ ਨੂੰ ਉਨਟਾਰੀਓ ਦੇ ਬਿਲਡਿੰਗ ਕੋਡ ਅਤੇ ਫਾਇਰ ਕੋਡ ਦੀ ਪਾਲਣਾ ਕਰਨੀ ਹੋਵੇਗੀ
ਬਰੈਂਪਟਨ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਸ਼ਹਿਰ ਦੇ ਮਕਾਨ ਮਾਲਕਾਂ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਹੈ ਕਿ ਹਰ ਲੈਂਡਲੌਰਡ ਨੂੰ ਉਨਟਾਰੀਓ ਦੇ ਬਿਲਡਿੰਗ ਕੋਡ ਅਤੇ ਫਾਇਰ ਕੋਡ ਦੀ ਪਾਲਣਾ ਕਰਨੀ ਹੋਵੇਗੀ ਅਤੇ ਸਿਟੀ ਕੌਂਸਲ ਕਿਸੇ ਦੀ ਧੌਂਸ ਬਰਦਾਸ਼ਤ ਨਹੀਂ ਕਰੇਗੀ। ਪੈਟ੍ਰਿਕ ਬ੍ਰਾਊਨ ਦੀ ਇਹ ਟਿੱਪਣੀ ਬਰੈਂਪਟਨ ਦੇ ਮਕਾਨ ਮਾਲਕਾਂ ਵੱਲੋਂ ਰੈਜ਼ੀਡੈਂਸ਼ੀਅਲ ਰੈਂਟਲ ਲਾਇੰਸੈਂਸਿੰਗ ਪ੍ਰੋਗਰਾਮ ਵਿਰੁੱਧ ਦਿਤੇ ਧਰਨੇ ਮਗਰੋਂ ਸਾਹਮਣੇ ਆਈ। ਮੇਅਰ ਨੇ ਕਿਹਾ ਕਿ ਸਾਡੀਆਂ ਕਮਿਊਨਿਟੀਜ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਹਰ ਕਿਰਾਏਦਾਰ ਵਾਸਤੇ ਸੁਰੱਖਿਅਤ ਰਿਹਾਇਸ਼ ਮੁਹੱਈਆ ਕਰਵਾਉਣਾ ਸਾਡਾ ਫਰਜ਼ ਹੈ।
ਉਨਟਾਰੀਓ ਦੇ ਬਿਲਡਿੰਗ ਕੋਡ ਅਤੇ ਫਾਇਰ ਕੋਡ ਦੀ ਪਾਲਣਾ ਲਾਜ਼ਮੀ
ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਵਿਚ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਲਾਗੂ ਹੋਣ ਮਗਰੋਂ 4,700 ਘਰਾਂ ਦੀ ਚੈਕਿੰਗ ਹੋ ਚੁੱਕੀ ਹੈ ਅਤੇ 611 ਮਕਾਨ ਮਾਲਕਾਂ ਨੂੰ 83 ਹਜ਼ਾਰ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਕੀਤੇ ਜਾ ਚੁੱਕੇ ਹਨ। ਸਿਟੀ ਵੱਲੋਂ ਜਾਰੀ ਬਿਆਨ ਮੁਤਾਬਕ 30 ਸਤੰਬਰ ਤੱਕ ਰੈਜ਼ੀਡੈਂਸ਼ੀਅਲ ਲਾਇਸੈਂਸਿੰਗ ਪ੍ਰੋਗਰਾਮ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ 300 ਡਾਲਰ ਦੇ ਬਜਾਏ 150 ਡਾਲਰ ਹੀ ਦੇਣੇ ਪੈਣਗੇ। ਹੁਣ ਤੱਕ ਇਸ ਯੋਜਨਾ ਅਧੀਨ 2,200 ਲਾਇਸੰਸ ਜਾਰੀ ਕੀਤੇ ਜਾ ਚੁੱਕੇ ਹਨ।