ਕੈਨੇਡਾ ਵਿਚ ਮਹਿੰਗਾਈ ਦਰ ਵਧ ਕੇ 2 ਫੀ ਸਦੀ ਹੋਈ

ਕੈਨੇਡਾ ਵਿਚ ਮਹਿੰਗਾਈ ਦਰ ਇਕ ਵਾਰ ਫਿਰ ਵਧਦੀ ਮਹਿਸੂਸ ਹੋ ਰਹੀ ਹੈ ਅਤੇ ਗ੍ਰੌਸਰੀ ਦੀਆਂ ਕੀਮਤਾਂ ਵਿਚ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਹੈ।;

Update: 2024-11-20 11:51 GMT

ਟੋਰਾਂਟੋ : ਕੈਨੇਡਾ ਵਿਚ ਮਹਿੰਗਾਈ ਦਰ ਇਕ ਵਾਰ ਫਿਰ ਵਧਦੀ ਮਹਿਸੂਸ ਹੋ ਰਹੀ ਹੈ ਅਤੇ ਗ੍ਰੌਸਰੀ ਦੀਆਂ ਕੀਮਤਾਂ ਵਿਚ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਕਤੂਬਰ ਦੌਰਾਨ ਮਹਿੰਗਾਈ ਦਰ 2 ਫੀ ਸਦੀ ਦਰਜ ਕੀਤੀ ਗਈ ਜੋ ਸਤੰਬਰ ਵਿਚ 1.6 ਫੀ ਸਦੀ ਤੱਕ ਡਿੱਗ ਗਈ ਸੀ। ਆਰਥਿਕ ਮਾਹਰਾਂ ਮੁਤਾਬਕ ਸਤੰਬਰ ਦੌਰਾਨ ਗੈਸ ਕੀਮਤਾਂ ਵਿਚ ਕਮੀ ਕਰ ਕੇ ਮਹਿੰਗਾਈ ਦਰ ਹੇਠਾਂ ਗਈ। ਭਾਵੇਂ ਅਕਤੂਬਰ ਵਿਚ ਵੀ ਗੈਸ ਕੀਮਤਾਂ ਘਟੀਆਂ ਪਰ ਇਸ ਕਮੀ ਨੂੰ ਜ਼ਿਆਦਾ ਨਹੀਂ ਮੰਨਿਆ ਜਾ ਸਕਦਾ।

ਗ੍ਰੌਸਰੀ ਦੀਆਂ ਕੀਮਤਾਂ ਵਿਚ ਹੋਇਆ ਸਭ ਤੋਂ ਤੇਜ਼ ਵਾਧਾ

ਗੈਸੋਲੀਨ ਦੀਆਂ ਕੀਮਤਾਂ ਨੂੰ ਅੰਕੜਿਆਂ ਵਿਚੋਂ ਹਟਾ ਦਿਤਾ ਜਾਵੇ ਤਾਂ ਅਕਤੂਬਰ ਦੌਰਾਨ ਮਹਿੰਗਾਈ ਦਰ 2.2 ਫੀ ਸਦੀ ਹੋ ਸਕਦੀ ਹੈ। ਦੂਜੇ ਪਾਸੇ ਤਾਜ਼ਾ ਫਲ ਅਤੇ ਸਬਜ਼ੀਆਂ ਦੇ ਭਾਅ ਤੇਜ਼ੀ ਨਾਲ ਵਧੇ ਅਤੇ ਲੋਕਾਂ ਦੀ ਜੇਬ ’ਤੇ ਬੋਝ ਵਧਣ ਦਾ ਸਿਲਸਿਲਾ ਜਾਰੀ ਰਿਹਾ। ਮੌਰਗੇਜ ਵਿਆਜ ਲਾਗਤ ਅਤੇ ਕਿਰਾਏ ਵਧਣ ਦੀ ਰਫ਼ਤਾਰ ਘੱਟ ਹੋਣ ਕਰ ਕੇ ਰਿਹਾਇਸ਼ੀ ਖੇਤਰ ਨਾਲ ਸਬੰਧਤ ਮਹਿੰਗਾਈ ਸਾਲਾਨਾ ਆਧਾਰ ’ਤੇ 4.8 ਫੀ ਸਦੀ ਦਰਜ ਕੀਤੀ ਗਈ। ਇਸੇ ਦੌਰਾਨ ਪ੍ਰਾਪਰਟੀ ਟੈਕਸ ਨੇ ਵੀ ਮਹਿੰਗਾਈ ਵਧਾਉਣ ਵਿਚ ਯੋਗਦਾਨ ਪਾਇਆ। ਕੈਨੇਡਾ ਵਿਚ ਇਸ ਸਾਲ ਪ੍ਰਾਪਰਟੀ ਟੈਕਸ 6 ਫੀ ਸਦੀ ਵਧਿਆ ਜੋ 1992 ਮਗਰੋਂ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ। ਮਹਿੰਗਾਈ ਦਰ ਦੇ ਤਾਜ਼ਾ ਅੰਕੜਿਆਂ ਦੇ ਬਾਵੂਦ ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ ਪਰ ਇਹ ਇਕ ਚੌਥਾਈ ਫੀ ਸਦੀ ਰਹਿਣ ਦੇ ਆਸਾਰ ਹੀ ਨਜ਼ਰ ਆ ਰਹੇ ਹਨ।

Tags:    

Similar News