ਕੈਨੇਡਾ ਵਿਚ ਮਹਿੰਗਾਈ ਦਰ ਘਟ ਕੇ 1.6 ਫੀ ਸਦੀ ’ਤੇ ਆਈ
ਕੈਨੇਡਾ ਵਿਚ ਸਤੰਬਰ ਮਹੀਨੇ ਦੌਰਾਨ ਮਹਿੰਗਾਈ ਦਰ ਘਟ ਕੇ 1.6 ਫੀ ਸਦੀ ’ਤੇ ਆ ਗਈ ਅਤੇ ਇਹ ਅੰਕੜਾ ਬੈਂਕ ਆਫ਼ ਕੈਨੇਡਾ ਵੱਲੋਂ ਤੈਅ 2 ਫੀ ਸਦੀ ਦੇ ਟੀਚੇ ਤੋਂ ਵੀ ਘੱਟ ਬਣਦਾ ਹੈ।;
ਟੋਰਾਂਟੋ : ਕੈਨੇਡਾ ਵਿਚ ਸਤੰਬਰ ਮਹੀਨੇ ਦੌਰਾਨ ਮਹਿੰਗਾਈ ਦਰ ਘਟ ਕੇ 1.6 ਫੀ ਸਦੀ ’ਤੇ ਆ ਗਈ ਅਤੇ ਇਹ ਅੰਕੜਾ ਬੈਂਕ ਆਫ਼ ਕੈਨੇਡਾ ਵੱਲੋਂ ਤੈਅ 2 ਫੀ ਸਦੀ ਦੇ ਟੀਚੇ ਤੋਂ ਵੀ ਘੱਟ ਬਣਦਾ ਹੈ। ਫਰਵਰੀ 2021 ਤੋਂ ਬਾਅਦ ਪਹਿਲੀ ਵਾਰ ਖਪਤਕਾਰ ਸੂਚਕ ਅੰਕ ਵਿਚ ਸਾਲਾਨਾ ਆਧਾਰ ’ਤੇ ਬੇਹੱਦ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਨੂੰ ਬਹੁਤੀ ਠੱਲ੍ਹ ਪੈਂਦੀ ਮਹਿਸੂਸ ਨਹੀਂ ਹੁੰਦੀ। ਤਾਜ਼ੇ ਅਤੇ ਫਰੋਜ਼ਨ ਬੀਫ਼ ਸਣੇ ਆਂਡਿਆਂ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ ਜਦਕਿ ਸਾਲਾਨਾ ਆਧਾਰ ’ਤੇ ਸੀਅਫੂਡ ਅਤੇ ਨਟਸ ਦੀਆਂ ਕੀਮਤਾਂ ਵਿਚ ਮਾਮੂਲੀ ਕਮੀ ਆਈ।
ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਦਾ ਰਾਹ ਪੱਧਰਾ
ਮਕਾਨ ਕਿਰਾਇਆਂ ਵਿਚ ਵਾਧੇ ਦੀ ਰਫ਼ਤਾਰ ਹੇਠਲੇ ਪੱਧਰ ’ਤੇ ਰਹੀ ਜਿਸ ਦੇ ਮੱਦੇਨਜ਼ਰ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ 23 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਅੱਧਾ ਫੀ ਸਦੀ ਕਟੌਤੀ ਕੀਤੀ ਸਕਦੀ ਹੈ।ਆਰਥਿਕ ਮਾਹਰ ਕਾਰਲ ਸ਼ਾਮੋਟਾ ਦਾ ਮੰਨਣਾ ਹੈ ਕਿ ਕੈਨੇਡੀਅਨ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ਵਿਚ ਕਟੌਤੀ ਲਾਜ਼ਮੀ ਹੋ ਚੁੱਕੀ ਹੈ। ਵਿਆਜ ਦਰਾਂ ਘਟਣ ਨਾਲ ਨਾ ਸਿਰਫ਼ ਘਰ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰ ਰਹੇ ਲੋਕਾਂ ਨੂੰ ਰਾਹਤ ਮਿਲੇਗੀ ਸਗੋਂ ਕਾਰੋਬਾਰੀ ਖੇਤਰ ਨੂੰ ਵੀ ਫਾਇਦਾ ਹੋਵੇਗਾ ਅਤੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਹੋਣਗੇ।