ਕੈਨੇਡਾ ਵਿਚ ਤੋਤੇ ਦੀ ਉਡਾਰੀ ਨੇ ਬੁਰਾ ਫਸਾਇਆ ਭਾਰਤੀ

ਕੈਨੇਡਾ ਵਿਚ ਤੋਤੇ ਦੀ ਉਡਾਰੀ ਨੇ ਭਾਰਤੀ ਮੂਲ ਦੇ ਹਰਸ਼ੀਲ ਪਾਰਿਖ ਨੂੰ ਅਜਿਹਾ ਫਸਾਇਆ ਕਿ ਦੋਹਾਂ ਨੂੰ ਬਚਾਉਣ ਵਾਸਤੇ ਫਾਇਰ ਫਾਈਟਰ ਸੱਦਣੇ ਪੈ ਗਏ। ਦਰਅਸਲ ਹਰਸ਼ੀਲ ਪਾਰਿਖ ਆਪਣੀ ਮਹਿਲਾ ਦੋਸਤ ਅਤੇ ਪਾਲਤੂ ਤੋਤੇ ਨਾਲ ਬੀਵਰਮੀਡ ਪਾਰਕ ਵਿਚ ਗਿਆ ਸੀ;

Update: 2024-07-09 11:57 GMT

ਪੀਟਰਬ੍ਰੋਅ : ਕੈਨੇਡਾ ਵਿਚ ਤੋਤੇ ਦੀ ਉਡਾਰੀ ਨੇ ਭਾਰਤੀ ਮੂਲ ਦੇ ਹਰਸ਼ੀਲ ਪਾਰਿਖ ਨੂੰ ਅਜਿਹਾ ਫਸਾਇਆ ਕਿ ਦੋਹਾਂ ਨੂੰ ਬਚਾਉਣ ਵਾਸਤੇ ਫਾਇਰ ਫਾਈਟਰ ਸੱਦਣੇ ਪੈ ਗਏ। ਦਰਅਸਲ ਹਰਸ਼ੀਲ ਪਾਰਿਖ ਆਪਣੀ ਮਹਿਲਾ ਦੋਸਤ ਅਤੇ ਪਾਲਤੂ ਤੋਤੇ ਨਾਲ ਬੀਵਰਮੀਡ ਪਾਰਕ ਵਿਚ ਗਿਆ ਸੀ ਜਿਥੇ ਬੱਚਿਆਂ ਦੀ ਖੇਡ ਤੋਂ ਡਰ ਕੇ ਤੋਤਾ ਉਡਿਆ ਅਤੇ ਉਚੇ ਦਰੱਖਤ ’ਤੇ ਜਾ ਕੇ ਬਹਿ ਗਿਆ ਅਤੇ ਉਸ ਨੂੰ ਹੇਠਾਂ ਲਿਆਉਣ ਦੇ ਚੱਕਰ ਵਿਚ ਹਰਸ਼ੀਲ ਪਾਰਿਖ ਵੀ ਫਸ ਗਿਆ।‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਹਰਸ਼ੀਲ ਪਾਰਿਖ ਨੇ ਦੱਸਿਆ ਕਿ ਉਸ ਦਾ ਰੰਗ-ਬਰੰਗਾ ਤੋਤਾ ਜੋਜੋ ਕਦੇ ਵੀ ਤੰਗ ਪ੍ਰੇਸ਼ਾਨ ਨਹੀਂ ਕਰਦਾ ਪਰ ਬੀਤੇ ਦਿਨੀਂ ਪਾਰਕ ਵਿਚ ਸੰਭਾਵਤ ਤੌਰ ’ਤੇ ਬੱਚਿਆਂ ਦੀ ਗੇਂਦ ਤੋਂ ਡਰ ਕੇ ਉਹ ਉਡਿਆ ਅਤੇ 40 ਫੁੱਟ ਉਚੇ ਦਰੱਖਤ ਦੀ ਟਾਹਣੀ ’ਤੇ ਬੈਠ ਗਿਆ। ਹਰਸ਼ੀਲ ਪਾਰਿਖ ਨੇ ਤੋਤੇ ਨੂੰ ਹੇਠਾ ਬੁਲਾਉਣ ਦੇ ਯਤਨ ਕੀਤੇ ਪਰ ਸਫਲ ਨਾ ਹੋ ਗਿਆ। ਇਸ ਮਗਰੋਂ ਹਰਸ਼ੀਲ ਨੇ 911 ’ਤੇ ਕਾਲ ਕਰਦਿਆਂ ਪੀਟਰਬ੍ਰੋਅ ਫਾਇਰ ਸਰਵਿਸ ਨੂੰ ਸੱਦਿਆ ਪਰ ਮੁਢਲੇ ਤੌਰ ’ਤੇ ਉਧਰੋਂ ਜਵਾਬ ਮਿਲਿਆ ਕਿ ਉਡੀਕ ਕਰ ਲਵੋ, ਹੋ ਸਕਦਾ ਹੈ ਤੋਤਾ ਆਪਣੇ ਆਪ ਹੇਠਾਂ ਆ ਜਾਵੇ। ਤੋਤਾ ਹੇਠਾਂ ਆਉਣ ਦਾ ਨਾਂ ਨਹੀਂ ਲੈ ਰਿਹਾ ਸੀ ਅਤੇ ਪੰਜ ਘੰਟੇ ਦੀ ਉਡੀਕ ਮਗਰੋਂ ਹਰਸ਼ੀਲ ਪਾਰਿਖ ਨੇ ਦਰੱਖਤ ’ਤੇ ਚੜ੍ਹਨ ਦਾ ਫੈਸਲਾ ਕਰ ਲਿਆ ਜੋ ਖਤਰਨਾਕ ਸਾਬਤ ਹੋਇਆ।

ਫਾਇਰ ਫਾਈਟਰਜ਼ ਨੂੰ ਸੱਦ ਕੇ ਦਰੱਖਤ ਤੋਂ ਹੇਠਾਂ ਉਤਾਰਿਆ

ਹਰਸ਼ੀਲ ਪਾਰਿਖ ਉਚੇ ਦਰੱਖਤ ’ਤੇ ਚੜ੍ਹ ਤਾਂ ਗਿਆ ਪਰ ਆਪਣੇ ਤੋਤੇ ਸਮੇਤ ਹੇਠਾਂ ਉਤਰਨਾ ਔਖਾ ਹੋ ਰਿਹਾ ਸੀ। ਹਰਸ਼ੀਲ ਨੇ ਦੱਸਿਆ ਕਿ ਉਹ ਆਪਣੇ ਤੋਤੇ ਪ੍ਰਤੀ ਬੇਹੱਦ ਫਿਕਰਮੰਦ ਸੀ ਕਿਉਂਕਿ ਜੰਗਲੀ ਜਾਨਵਰ ਉਸ ਦਾ ਸ਼ਿਕਾਰ ਕਰ ਸਕਦੇ ਸਨ। ਹਰਸ਼ੀਲ ਦੇ ਦਰੱਖਤ ’ਤੇ ਚੜ੍ਹਨ ਦੌਰਾਨ ਉਸ ਦੀ ਮਹਿਲਾ ਦੋਸਤ ਵੱਲੋਂ ਇਕ ਵਾਰ ਫਿਰ ਫਾਇਰ ਸਰਵਿਸ ਵਾਲਿਆਂ ਨੂੰ ਕਾਲ ਕਰ ਕੇ ਹਾਲਾਤ ਤੋਂ ਜਾਣੂ ਕਰਵਾਇਆ ਗਿਆ ਪਰ ਅੰਤ ਵਿਚ ਮਾਮਲਾ ਉਲਝ ਚੁੱਕਾ ਸੀ ਅਤੇ ਆਖਰਕਾਰ ਐਮਰਜੰਸੀ ਦਾ ਐਲਾਨ ਕਰਨਾ ਪਿਆ। ਹਰਸ਼ੀਲ ਨੇ ਦੱਸਿਆ ਕਿ ਹੇਠਾਂ ਖੜ੍ਹੀ ਉਸ ਦੀ ਮਹਿਲਾ ਦੋਸਤ ਅਤੇ ਹੋਰ ਪਰਵਾਰਕ ਮੈਂਬਰ ਬੇਹੱਦ ਚਿੰਤਤ ਸਨ ਪਰ ਤੋਤੇ ਜੋਜੋ ਨੂੰ ਵੀ ਲਾਵਾਰਿਸ ਨਹੀਂ ਸੀ ਛੱਡਿਆ ਜਾ ਸਕਦਾ। ਤਕਰੀਬਨ 15 ਮਿੰਟ ਬਾਅਦ ਫਾਇਰ ਫਾਈਟਰ ਪੁੱਜ ਗਏ ਅਤੇ ਹਰਸ਼ੀਲ ਨੂੰ ਉਸ ਦੇ ਤੋਤੇ ਸਣੇ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ। ਇਸ ਘਟਨਾ ਮਗਰੋਂ ਹਰਸ਼ੀਲ ਦਾ ਕਹਿਣਾ ਹੈ ਕਿ ਉਹ ਆਪਣੇ ਜੋਜੋ ਨੂੰ ਪਾਰਕ ਵਿਚ ਲਿਜਾਣ ਵੇਲੇ ਵਧੇਰੇ ਸੁਚੇਤ ਰਹੇਗਾ।

Tags:    

Similar News