ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਵਿਚ ਦਖਲ ਨਹੀਂ ਦੇਵੇਗੀ ਫੈਡਰਲ ਸਰਕਾਰ

ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਦੇ ਪਹਿਲੇ ਦਿਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਅਤੇ ਕਿਰਤ ਮੰਤਰੀ ਸਟੀਵਨ ਮੈਕਿਨਨ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਆਪਣੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜ਼ਬਰਦਸਤੀ ਹੜਤਾਲ ਖਤਮ ਕਰਵਾਉਣ ਦਾ ਇਰਾਦਾ ਨਹੀਂ ਰਖਦੀ।;

Update: 2024-11-16 11:03 GMT

ਮੌਂਟਰੀਅਲ : ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਦੇ ਪਹਿਲੇ ਦਿਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਅਤੇ ਕਿਰਤ ਮੰਤਰੀ ਸਟੀਵਨ ਮੈਕਿਨਨ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਆਪਣੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜ਼ਬਰਦਸਤੀ ਹੜਤਾਲ ਖਤਮ ਕਰਵਾਉਣ ਦਾ ਇਰਾਦਾ ਨਹੀਂ ਰਖਦੀ। ਕਿਰਤ ਮੰਤਰੀ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਕਿਸੇ ਸਮਝੌਤੇ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਮੌਂਟਰੀਅਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੱਲਬਾਤ ਰਾਹੀਂ ਮਸਲਾ ਹੱਲ ਹੋਣਾ ਚਾਹੀਦਾ ਹੈ ਅਤੇ ਕਿਰਤ ਮੰਤਰਾਲਾ ਆਪਣੇ ਵਸੀਲਿਆਂ ਰਾਹੀਂ ਦੋਹਾਂ ਧਿਰਾਂ ਨੂੰ ਮੁੜ ਆਹਮੋ-ਸਾਹਮਣੇ ਬਿਠਾਉਣਾ ਚਾਹੁੰਦਾ ਹੈ। ਇਸੇ ਦੌਰਾਨ ਕੈਨੇਡਾ ਪੋਸਟ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਲੋਕਾਂ ਤੱਕ ਡਾਕ ਪਹੁੰਚਣੀ ਮੁਸ਼ਕਲ ਹੈ ਅਤੇ ਉਨ੍ਹਾਂ ਨੂੰ ਹੜਤਾਲ ਖ਼ਤਮ ਹੋਣ ਦੀ ਉਡੀਕ ਕਰਨੀ ਹੋਵੇਗੀ।

ਪਹਿਲੇ ਦਿਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਕੰਮਕਾਜ

ਉਧਰ ਔਟਵਾ ਦੇ ਇਕ ਡਾਕਖਾਨੇ ਦੇ ਬਾਹਰ ਲੱਗੇ ਨੋਟਿਸ ’ਤੇ ਲਿਖਿਆ ਹੈ ਕਿ ਹੜਤਾਲ ਦੇ ਬਾਵਜੂਦ ਕੈਨੇਡਾ ਪੋਸਟ ਦੇ ਕਾਮਿਆਂ ਵੱਲੋਂ 20 ਨਵੰਬਰ ਨੂੰ ਸਮਾਜਿਕ ਲਾਭ ਵਾਲੇ ਚੈਕ ਵੰਡਣ ਦਾ ਕੰਮ ਜ਼ਰੂਰ ਕੀਤਾ ਜਾਵੇਗਾ ਜਿਨ੍ਹਾਂ ਵਿਚ ਕੈਨੇਡਾ ਪੈਨਸ਼ਨ ਪਲੈਨ, ਓਲਡ ਏਜ ਸਕਿਉਰਿਟੀ, ਵੈਟਰਨ ਅਫੇਅਰਜ਼ ਪੈਨਸ਼ਨ ਪਲੈਨ ਅਤੇ ਕੈਨੇਡਾ ਚਾਈਲਡ ਟੈਕਸ ਬੈਨੇਫਿਟ ਦੇ ਚੈਕ ਸ਼ਾਮਲ ਹਨ। ਫਿਲਹਾਲ ਇਸ ਨੋਟਿਸ ਦੀ ਤਸਦੀਕ ਨਹੀਂ ਕੀਤੀ ਜਾ ਸਕੀ। ਰਿਟੇਲ ਵਿਸ਼ਲੇਸ਼ਕ ਬਰੂਸ ਵਿੰਡਰ ਦਾ ਕਹਿਣਾ ਸੀ ਕਿ ਕੋਈ ਪੈਕੇਜ ਜਾਂ ਜ਼ਰੂਰੀ ਚਿੱਠੀ ਪੱਤਰ ਭੇਜਣ ਲਈ ਪ੍ਰਾਈਵੇਟ ਸੇਵਾਵਾਂ ਲੋਕਾਂ ਨੂੰ ਮਹਿੰਗੀਆਂ ਪੈਣਗੀਆਂ। ਇਸੇ ਦੌਰਾਨ ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਨੇ ਕਿਹਾ ਕਿ ਹੜਤਾਲ ’ਤੇ ਜਾਣ ਦਾ ਫੈਸਲਾ ਉਨ੍ਹਾਂ ਕੋਲ ਆਖਰੀ ਹੀਲਾ ਰਹਿ ਗਿਆ ਸੀ। ਇਥੇ ਦਸਣਾ ਬਣਦਾ ਹੈ ਕਿ 2018 ਮਗਰੋਂ 3 ਅਰਬ ਡਾਲਰ ਦੇ ਘਾਟੇ ਵਿਚ ਚੱਲ ਰਹੀ ਕੈਨੇਡਾ ਪੋਸਟ ਦਾ ਕੰਮਕਾਜ ਠੱਪ ਹੋਣ ਨਾਲ ਲੱਖਾਂ ਲੋਕ ਪ੍ਰਭਾਵਤ ਹੋ ਰਹੇ ਹਨ। ਕੈਨੇਡਾ ਪੋਸਟ ਵੱਲੋਂ ਚਾਰ ਸਾਲ ਦੇ ਸਮੇਂ ਦੌਰਾਨ ਤਨਖਾਹਾਂ ਵਿਚ 11.5 ਫੀ ਸਦੀ ਵਾਧੇ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਮੁਲਾਜ਼ਮਾਂ ਵੱਲੋਂ ਕਈ ਹੋਰ ਮੰਗਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਬੀ.ਸੀ. ਅਤੇ ਮੌਂਟਰੀਅਲ ਦੇ ਬੰਦਰਗਾਹ ਕਾਮਿਆਂ ਦੀ ਹੜਤਾਲ ਜ਼ਬਰਦਸਤੀ ਖ਼ਤਮ ਕਰਵਾਉਣ ਬਾਰੇ ਫੈਡਰਲ ਸਰਕਾਰ ਦੇ ਫੈਸਲੇ ਦੀ ਤਿੱਖੀ ਨੁਕਤਾਚੀਨੀ ਕਰ ਚੁੱਕੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਡਟਵੀਂ ਹਮਾਇਤ ਕੀਤੀ ਗਈ ਹੈ।

Tags:    

Similar News