ਕੈਨੇਡਾ ਦੇ ਗੁਰਦਵਾਰਾ ਸਾਹਿਬ ’ਚ ਨਤਮਸਤਕ ਹੋਏ ‘ਬੀਬੀ ਰਜਨੀ’ ਦੇ ਕਲਾਕਾਰ
ਬੀਬੀ ਰਜਨੀ ਦੀ ਜ਼ਿੰਦਗੀ ’ਤੇ ਆਧਾਰਤ ਪੰਜਾਬੀ ਫਿਲਮ 30 ਅਗਸਤ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋ ਰਹੀ ਹੈ ਜਿਸ ਦੀ ਸਟਾਰਕਾਸਟ ਬੀਤੇ ਦਿਨ ਮਿਸੀਸਾਗਾ ਦੇ ਡਿਕਸੀ ਗੁੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਈ।;
ਟੋਰਾਂਟੋ : ਜੌ ਰਾਜੁ ਦੇਹਿ ਤ ਕਵਨ ਬਡਾਈ, ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ, ਬੀਬੀ ਰਜਨੀ ਦੀ ਜ਼ਿੰਦਗੀ ’ਤੇ ਆਧਾਰਤ ਪੰਜਾਬੀ ਫਿਲਮ 30 ਅਗਸਤ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋ ਰਹੀ ਹੈ ਜਿਸ ਦੀ ਸਟਾਰਕਾਸਟ ਬੀਤੇ ਦਿਨ ਮਿਸੀਸਾਗਾ ਦੇ ਡਿਕਸੀ ਗੁੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਈ। ਫਿਲਮ ਦੀ ਨਾਇਕਾ ਰੂਪੀ ਗਿੱਲ ਅਤੇ ਦੂਨੀ ਚੰਦ ਦਾ ਕਿਰਦਾਰ ਨਿਭਾਅ ਰਹੇ ਯੋਗਰਾਜ ਸਿੰਘ ‘ਹਮਦਰਦ ਟੀ.ਵੀ.’ ਦੇ ਦਫ਼ਤਰ ਵੀ ਪੁੱਜੇ ਅਤੇ ਸ਼ੂਟਿੰਗ ਦੇ ਕਈ ਯਾਦਗਾਰੀ ਪਲ ਸਾਂਝੇ ਕੀਤੇ।
ਯੋਗਰਾਜ ਸਿੰਘ ਅਤੇ ਰੂਪੀ ਗਿੱਲ ‘ਹਮਦਰਦ ਟੀ.ਵੀ.’ ਦੇ ਦਫ਼ਤਰ ਵੀ ਪੁੱਜੇ
ਅਮਰ ਹੁੰਦਲ ਵੱਲੋਂ ਨਿਰਦੇਸ਼ ਫਿਲਮ ਵਿਚ ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਬੀ.ਐਨ. ਸ਼ਰਮਾ, ਜਰਨੈਲ ਸਿੰਘ, ਸੀਮਾ ਕੌਸ਼ਲ, ਸੁਨੀਤਾ ਧਿਰ, ਗੁਰਪ੍ਰੀਤ ਕੌਰ ਭੰਗੂ, ਨੀਤਾ ਮਹਿੰਦਰਾ, ਪ੍ਰਦੀਪ ਚੀਮਾ, ਰਾਣਾ ਜੰਗ ਬਹਾਦਰ, ਬਲਜਿੰਦਰ ਕੌਰ, ਰੰਗ ਦੇਵ ਅਤੇ ਵਿਕਰਮਜੀਤ ਖਹਿਰਾ ਪ੍ਰਮੁੱਖ ਕਿਰਦਾਰਾਂ ਵਿਚ ਨਜ਼ਰ ਆਉਣਗੇ। ਫਿਲਮ ਦੇ ਨਿਰਮਾਤਾ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਹਨ ਅਤੇ ਕਹਾਣੀ ਬਲਦੇਵ ਗਿੱਲ ਅਤੇ ਅਮਰ ਹੁੰਦਲ ਨੇ ਲਿਖੀ ਹੈ। ਸੰਗੀਤ ਐਵੀ ਸਰਾ ਨੇ ਤਿਆਰ ਕੀਤਾ ਹੈ ਜਦਕਿ ਗੀਤਾਂ ਦੇ ਬੋਲ ਹਰਮਨਜੀਤ ਸਿੰਘ ਅਤੇ ਰਿੱਕੀ ਮਾਨ ਵੱਲੋਂ ਲਿਖੇ ਗਏ ਹਨ।
ਪੰਜਾਬੀ ਵਿਚ ਅੱਜ ਤੱਕ ਨਹੀਂ ਬਣੀ ‘ਬੀਬੀ ਰਜਨੀ’ ਵਰਗੀ ਫ਼ਿਲਮ : ਯੋਗਰਾਜ ਸਿੰਘ
ਡਾਇਲੌਗ ਲਿਖਣ ਦੀ ਜ਼ਿੰਮੇਵਾਰੀ ਬਲਦੇਵ ਗਿੱਲ ਨੇ ਨਿਭਾਈ ਅਤੇ ਐਡੀਟਰ ਗੁਰਜੀਤ ਹੁੰਦਲ ਹਨ ਜਦਕਿ ਡਾਇਰੈਕਟਰ ਆਫ਼ ਫੋਟੋਗ੍ਰਾਫੀ ਬਲਜੀਤ ਸਿੰਘ ਦਿਓ ਹਨ। ਇਥੇ ਦਸਣਾ ਬਣਦਾ ਹੈ ਕਿ ਅਮਰ ਹੁੰਦਲ ਇਸ ਤੋਂ ਪਹਿਲਾਂ ਵਾਰਨਿੰਗ-1 ਅਤੇ ਵਾਰਨਿੰਗ-2 ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਦੂਜੇ ਪਾਸੇ ਯੋਗਰਾਜ ਸਿੰਘ ਨੇ ਹਮਦਰਦ ਟੀ.ਵੀ. ਨਾਲ ਖਾਸ ਮੁਲਾਕਾਤ ਦੌਰਾਨ ਦੱਸਿਆ ਕਿ ਪੰਜਾਬੀ ਫਿਲਮਾਂ ਦੇ ਇਤਿਹਾਸ ਵਿਚ ਅੱਜ ਤੱਕ ਅਜਿਹੀ ਲਾਮਿਸਾਲ ਫਿਲਮ ਨਹੀਂ ਬਣੀ ਅਤੇ ਨਾ ਹੀ ਨੇੜ ਭਵਿੱਖ ਵਿਚ ਬਣੇਗੀ।
‘ਬੀਬੀ ਰਜਨੀ’ ਫਿਲਮ ਨੇ ਮੇਰੀ ਜ਼ਿੰਦਗੀ ਬਦਲ ਦਿਤੀ : ਰੂਪੀ ਗਿੱਲ
ਯੋਗਰਾਜ ਸਿੰਘ ਨੇ ਦੂਨੀ ਚੰਦ ਦੇ ਨਾਸਤਿਕ ਜਾਂ ਆਸਤਿਕ ਹੋਣ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿਤੀ। ਰੂਪੀ ਗਿੱਲ ਨੇ ਸ਼ੂਟਿੰਗ ਦੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਜਦੋਂ ਜੂਨ ਦੀ ਗਰਮੀ ਵਿਚ ਤਪਦੀ ਰੇਤ ’ਤੇ ਤੁਰਦਿਆਂ ਬਹੁਤ ਮੁਸ਼ਕਲ ਹੋ ਰਹੀ ਸੀ ਪਰ ਇਕ ਕਲਾਕਾਰ ਦੇ ਅੰਦਰੂਨੀ ਜਜ਼ਬੇ ਨੇ ਸੀਨ ਮੁਕੰਮਲ ਕਰਨ ਵਿਚ ਮਦਦ ਕੀਤੀ। ਦੱਸ ਦੇਈਏ ਕਿ ਰੂਪ ਗਿੱਲ ਵੱਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦਿਆਂ ਦਰਬਾਰ ਸਾਹਿਬ ਵਿਚ ਦੁਖ ਭੰਜਨੀ ਬੇਰੀ ਹੇਠ ਇਸ਼ਨਾਨ ਕਰ ਕੇ ਪੂਰੀ ਤਰ੍ਹਾਂ ਸਿਹਤਯਾਬ ਹੋਏ ਇਕ ਬੱਚੇ ਦਾ ਜ਼ਿਕਰ ਵੀ ਕੀਤਾ ਗਿਆ।