ਕੈਨੇਡਾ-ਯੂ.ਕੇ. ਦੇ ਸਟੱਡੀ ਵੀਜ਼ਾ ਦੀ ਖਿੱਚ ਖਤਮ

ਕੈਨੇਡਾ, ਅਮਰੀਕਾ ਅਤੇ ਯੂ.ਕੇ. ਦੇ ਸਟੱਡੀ ਵੀਜ਼ਾ ਦੀ ਖਿੱਚ ਭਾਰਤੀ ਵਿਦਿਆਰਥੀ ਵਿਚ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਸਿਰਫ ਇਕ ਸਾਲ ਦੌਰਾਨ ਇਨ੍ਹਾਂ ਤਿੰਨੋ ਮੁਲਕਾਂ ਵੱਲ ਜਾਣ ਵਾਲਿਆਂ ਦਾ ਅੰਕੜਾ 1 ਲੱਖ 65 ਹਜ਼ਾਰ ਤੱਕ ਘਟ ਗਿਆ ਹੈ।;

Update: 2025-03-12 12:35 GMT

ਟੋਰਾਂਟੋ : ਕੈਨੇਡਾ, ਅਮਰੀਕਾ ਅਤੇ ਯੂ.ਕੇ. ਦੇ ਸਟੱਡੀ ਵੀਜ਼ਾ ਦੀ ਖਿੱਚ ਭਾਰਤੀ ਵਿਦਿਆਰਥੀ ਵਿਚ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਸਿਰਫ ਇਕ ਸਾਲ ਦੌਰਾਨ ਇਨ੍ਹਾਂ ਤਿੰਨੋ ਮੁਲਕਾਂ ਵੱਲ ਜਾਣ ਵਾਲਿਆਂ ਦਾ ਅੰਕੜਾ 1 ਲੱਖ 65 ਹਜ਼ਾਰ ਤੱਕ ਘਟ ਗਿਆ ਹੈ। ਸਭ ਤੋਂ ਵੱਧ ਨੁਕਸਾਨ ਕੈਨੇਡਾ ਦਾ ਹੋਇਆ ਜਿਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤਕਰੀਬਨ ਅੱਧੀ ਰਹਿ ਗਈ ਹੈ। ਬਿਊਰੋ ਆਫ਼ ਇੰਮੀਗ੍ਰੇਸ਼ਨ ਦੇ ਅੰਕੜਿਆਂ ਮੁਤਾਬਕ 2023 ਦੌਰਾਨ 2 ਲੱਖ 33 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਪੁੱਜੇ ਪਰ 2024 ਦੌਰਾਨ ਇਹ ਅੰਕੜਾ ਸਿਰਫ 1 ਲੱਖ 37 ਹਜ਼ਾਰ ਰਹਿ ਗਿਆ ਅਤੇ ਮੌਜੂਦ ਵਰ੍ਹੇ ਦੌਰਾਨ ਗਿਣਤੀ ਹੋਰ ਹੇਠਾਂ ਜਾ ਸਕਦੀ ਹੈ।

ਅਮਰੀਕਾ ਜਾਣ ਤੋਂ ਵੀ ਪਾਸਾ ਵੱਟਣ ਲੱਗੇ ਭਾਰਤੀ ਨੌਜਵਾਨ

ਕੁਲ ਮਿਲਾ ਕੇ ਦੇਖਿਆ ਜਾਵੇ ਤਾਂ 2023 ਦੌਰਾਨ 8 ਲੱਖ 93 ਹਜ਼ਾਰ ਭਾਰਤੀ ਵਿਦਿਆਰਥੀ ਵਿਦੇਸ਼ਾਂ ਵੱਲ ਗਏ ਜਦਕਿ 2024 ਦੌਰਾਨ ਇਹ ਗਿਣਤੀ ਘਟ ਕੇ 7 ਲੱਖ 59 ਹਜ਼ਾਰ ਰਹਿ ਗਈ। ਸਖਤ ਵੀਜ਼ਾ ਨਿਯਮ ਅਤੇ ਪੜ੍ਹਾਈ ਮਗਰੋਂ ਪੱਕੇ ਹੋਣ ਦੀਆਂ ਸੰਭਾਵਨਾਵਾਂ ਵਿਚ ਆਈ ਕਮੀ ਨੇ ਭਾਰਤੀ ਵਿਦਿਆਰਥੀਆਂ ਦਾ ਮਨ ਕੈਨੇਡਾ, ਅਮਰੀਕਾ ਅਤੇ ਯੂ.ਕੇ. ਵੱਲੋਂ ਮੋੜ ਦਿਤਾ। ਸਿਰਫ ਐਨਾ ਹੀ ਨਹੀਂ ਕੈਨੇਡਾ ਨਾਲ ਕੂਟਨੀਤਕ ਰਿਸ਼ਤਿਆਂ ਵਿਚ ਪੈਦਾ ਹੋਈ ਕੁੜੱਤਣ ਵੀ ਭਾਰਤੀ ਵਿਦਿਆਰਥੀਆਂ ਦੀ ਕਮੀ ਦਾ ਵੱਡਾ ਕਾਰਨ ਮੰਨੀ ਜਾ ਰਹੀ ਹੈ। ਕੈਨੇਡਾ ਸਰਕਾਰ ਜਿਥੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰ ਚੁੱਕੀ ਹੈ, ਉਥੇ ਹੀ ਭਾਰਤ ਸਣੇ 14 ਮੁਲਕਾਂ ਵਾਸਤੇ ਚਲਾਈ ਜਾ ਰਹੀ ਸਟੂਡੈਂਟ ਡਾਇਰੈਕਟ ਸਟ੍ਰੀਮ ਵੀ ਬੰਦ ਕੀਤਾ ਜਾ ਚੁੱਕੀ ਹੈ। ਯੂ.ਕੇ. ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2024 ਤੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੇ ਜੀਵਨ ਸਾਥੀ ਸੱਦਣ ਦੀ ਸਹੂਲਤ ਤੋਂ ਵਾਂਝਾ ਕਰ ਦਿਤਾ ਗਿਆ ਜਿਸ ਮਗਰੋਂ ਯੂ.ਕੇ. ਦਾ ਸਟੱਡੀ ਵੀਜ਼ਾ ਹਾਸਲ ਵਾਲੇ ਭਾਰਤੀਆਂ ਦੀ ਗਿਣਤੀ 27 ਫੀ ਸਦੀ ਘਟ ਗਈ। ਦੂਜੇ ਪਾਸੇ ਰੂਸ, ਜਰਮਨੀ ਅਤੇ ਉਜ਼ਬੇਕਿਸਤਾਨ ਵਰਗੇ ਮੁਲਕਾਂ ਵੱਲ ਜਾ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਹੈਰਾਨਕੁੰਨ ਵਾਧਾ ਵੀ ਹੋਇਆ ਹੈ।

ਜਰਮਨੀ ਅਤੇ ਰੂਸ ਜਾਣ ਵਾਲਿਆਂ ਦੀ ਗਿਣਤੀ ਵਿਚ ਵਾਧਾ

ਰਵਾਇਤੀ ਮੁਲਕਾਂ ਵੱਲ ਰੁਝਾਨ ਘਟਣ ਮਗਰੋਂ ਭਾਰਤੀ ਵਿਦਿਆਰਥੀਆਂ ਨੇ ਨਵੀ ਮੰਜ਼ਿਲ ਲੱਭ ਲਈ ਅਤੇ 2024 ਦੌਰਾਨ ਤਕਰੀਬਨ 35 ਹਜ਼ਾਰ ਭਾਰਤੀ ਸਟੱਡੀ ਵੀਜ਼ਾ ’ਤੇ ਜਰਮਨੀ ਪੁੱਜੇ। ਰੂਸ ਜਾਣ ਵਾਲਿਆਂ ਦੀ ਗਿਣਤੀ ਵਿਚ ਸਭ ਤੋਂ ਤੇਜ਼ 34 ਫ਼ੀ ਸਦੀ ਵਾਧਾ ਹੋਇਆ ਅਤੇ ਇਸ ਦਾ ਮੁੱਖ ਕਾਰਨ ਯੂਕਰੇਨ ਵਿਚਲੇ ਹਾਲਾਤ ਨੂੰ ਵੀ ਮੰਨਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ 2019 ਤੋਂ ਬਾਅਦ ਪਹਿਲੀ ਵਾਰ ਸਟੱਡੀ ਵੀਜ਼ਾ ’ਤੇ ਵਿਦੇਸ਼ ਜਾ ਰਹੇ ਭਾਰਤੀ ਨੌਜਵਾਨਾਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਗਈ ਹੈ। ਅਮਰੀਕਾ ਵਿਚ ਟਰੰਪ ਸੱਤਾ ਸੰਭਾਲ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਇਸ ਪਾਸੇ ਵੀ ਸੁਧਾਰ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ ਜਦਕਿ ਕੈਨੇਡਾ ਅਤੇ ਯੂ.ਕੇ. ਤੋਂ ਪਹਿਲਾਂ ਹੀ ਭਾਰਤੀ ਵਿਦਿਆਰਥੀਆਂ ਦਾ ਮੋਹ ਭੰਗ ਹੋ ਚੁੱਕਾ ਹੈ।

Tags:    

Similar News