ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ

ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ ਜਿਨ੍ਹਾਂ ਨੇ ਐਮ.ਪੀਜ਼ ਅਤੇ ਪੁਲਿਸ ਅਫ਼ਸਰਾਂ ਦੀ ਮੌਜੂਦਗੀ ਵਿਚ ਦੋਸ਼ ਲਾਇਆ ਕਿ ਐਕਟੌਰਸ਼ਨ ਦੇ ਹਥਕੰਡੇ ਵਰਤਦਿਆਂ ਪੂਰੀ ਕੌਮ ਨੂੰ ਬਦਨਾਮ ਕੀਤਾ

Update: 2025-12-08 13:47 GMT

ਬਰੈਂਪਟਨ : ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ ਜਿਨ੍ਹਾਂ ਨੇ ਐਮ.ਪੀਜ਼ ਅਤੇ ਪੁਲਿਸ ਅਫ਼ਸਰਾਂ ਦੀ ਮੌਜੂਦਗੀ ਵਿਚ ਦੋਸ਼ ਲਾਇਆ ਕਿ ਐਕਟੌਰਸ਼ਨ ਦੇ ਹਥਕੰਡੇ ਵਰਤਦਿਆਂ ਪੂਰੀ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੱਖਰੇ ਤੌਰ ’ਤੇ ਮਿਲ ਰਹੀਆਂ ਹਨ। ਉਨਟਾਰੀਓ ਗੁਰਦਵਾਰਾਜ਼ ਕਮੇਟੀ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਅਤੇ ਸਿੱਖ ਫੈਡਰੇਸ਼ਨ ਵੱਲੋਂ ਬਰੈਂਪਟਨ ਵਿਖੇ ਕਰਵਾਏ ਗਏ ਟਾਊਨ ਹਾਲ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪੰਜਾਬੀ, ਖਾਸ ਤੌਰ ’ਤੇ ਸਿੱਖ ਭਾਈਚਾਰੇ ਉਤੇ ਪੂਰੇ ਮੁਲਕ ਵਿਚ ਸੰਕਟ ਮੰਡਰਾਅ ਰਿਹਾ ਹੈ। ਇਕ ਪਾਸੇ ਕਾਰੋਬਾਰੀਆਂ ਤੋਂ ਲੱਖਾਂ ਡਾਲਰ ਮੰਗੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਸਿੱਖ ਕਾਰਕੁੰਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਐਕਸਟੌਰਸ਼ਨ ਦੇ ਹਥਕੰਡਿਆਂ ਨਾਲ ਮਿਲ ਰਹੀਆਂ ਜਾਨੋ ਮਾਰਨ ਦੀਆਂ ਧਮਕੀਆਂ

‘ਭਾਰਤੀ ਸਟੇਟ ਦੀਆਂ ਕੈਨੇਡਾ ਵਿਚ ਫ਼ਿਰੌਤੀਆਂ, ਧਮਕੀਆਂ ਅਤੇ ਕਾਤਲ ਗਰੋਹਾਂ ਦਾ ਸਾਹਮਣਾ’ ਸਿਰਲੇਖ ਹੇਠ ਕਰਵਾਏ ਗਏ ਟਾਊਨ ਹਾਲ ਦੌਰਾਨ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਇਕ ਵਿਦੇਸ਼ੀ ਸਰਕਾਰ ਕਿਸੇ ਕਮਿਊਨਿਟੀ ਨੂੰ ਐਨੇ ਵੱਡੇ ਪੱਧਰ ’ਤੇ ਨਿਸ਼ਾਨਾ ਕਿਵੇਂ ਬਣਾ ਸਕਦੀ ਹੈ? ਉਧਰ ਪੀਲ ਰੀਜਨਲ ਪੁਲਿਸ ਦੀ ਮੁਖੀ ਨਿਸ਼ਾਨ ਦੁਰਈਅੱਪਾ ਦਾ ਕਹਿਣਾ ਸੀ ਕਿ 2023 ਵਿਚ ਜਬਰੀ ਵਸੂਲੀ ਦੇ 319 ਮਾਮਲੇ ਸਾਹਮਣੇ ਆਏ ਅਤੇ 2024 ਦੌਰਾਨ ਅੰਕੜਾ ਵਧ ਕੇ 490 ਹੋ ਗਿਆ। ਮੌਜੂਦਾ ਵਰ੍ਹੇ ਦੌਰਾਨ 436 ਮਾਮਲੇ ਪੁਲਿਸ ਕੋਲ ਆ ਚੁੱਕੇ ਹਨ ਅਤੇ ਰੁਝਾਨ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ। ਉਨਟਾਰੀਓ ਵਿਧਾਨ ਸਭਾ ਵਿਚ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਸਰਕਾਰ ਦੇ ਹਰ ਪੱਧਰ ’ਤੇ ਹੰਭਲਾ ਮਾਰਨਾ ਲਾਜ਼ਮੀ ਹੈ ਕਿਉਂਕਿ ਸਾਡੇ ਲੋਕ ਇਉਂ ਮਹਿਸੂਸ ਕਰ ਰਹੇ ਹਨ ਜਿਵੇਂ ਉਨ੍ਹਾਂ ਨੂੰ ਵਿਸਾਰ ਦਿਤਾ ਗਿਆ ਹੋਵੇ। ਟਾਊਨ ਹਾਲ ਦੌਰਾਨ ਹਰਜੀਤ ਸਿੰਘ ਢੱਡਾ ਦੇ ਦਿਨ ਦਿਹਾੜੇ ਕਤਲ ਦਾ ਮਸਲਾ ਵੀ ਉਭਰਿਆ ਜਿਨ੍ਹਾਂ ਦੀ ਬੇਟੀ ਗੁਰਲੀਨ ਢੱਡਾ ਨੇ ਕਿਹਾ ਕਿ ਗ੍ਰਿਫ਼ਤਾਰੀਆਂ ਦੇ ਬਾਵਜੂਦ ਇਸ ਮਾਮਲੇ ਵਿਚ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ।

ਮੰਤਰੀਆਂ ਅਤੇ ਐਮ.ਪੀਜ਼ ਨੂੰ ਸਿੱਧੇ ਹੋ ਗਏ ਸਿੱਖ ਨੁਮਾਇੰਦੇ

ਅਜਿਹੇ ਟਾਊਨ ਹਾਲਜ਼ ਰਾਹੀਂ ਕੈਨੇਡਾ ਦੇ ਕਾਨੂੰਨਘਾੜੇ ਅਤੇ ਲਾਅ ਐਨਫ਼ੋਰਸਮੈਂਟ ਅਫ਼ਸਰ ਸਿੱਖਾਂ ਨੂੰ ਦਰਪੇਸ਼ ਗੁੰਝਲਦਾਰ ਸਮੱਸਿਆਵਾਂ ਨੇੜਿਉਂ ਹੋ ਕੇ ਸਮਝ ਸਕਦੇ ਹਨ। ਟਾਊਨ ਹਾਲ ਵਿਚ ਸ਼ਾਮਲ ਬੁਲਾਰਿਆਂ ਨੇ ਕਿਹਾ ਕਿ ਜਵਾਬਦੇਹੀ ਦੀ ਘਾਟ ਦਾ ਮੁੱਦਾ ਚੁੱਕਿਆ ਅਤੇ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਭਾਰਤ ਨਾਲ ਸਬੰਧ ਸੁਖਾਵੇਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਦੱਸ ਦੇਈਏ ਕਿ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਪੈਦਾ ਹੋਈ ਅਤੇ ਇਸ ਤੋਂ ਬਾਅਦ ਹੀ ਆਰ.ਸੀ.ਐਮ.ਪੀ. ਵੱਲੋਂ ਭਾਰਤ ਸਰਕਾਰ ਦੇ ਏਜੰਟਾਂ ਦੀ ਕੈਨੇਡਾ ਵਿਚ ਸਰਗਰਮੀ ਦਾ ਜ਼ਿਕਰ ਕੀਤਾ ਗਿਆ। ਕੈਨੇਡਾ ਸਰਕਾਰ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨ ਚੁੱਕੀ ਹੈ ਅਤੇ ਐਕਸਟੌਰਸ਼ਨ ਮਾਮਲਿਆਂ ਤਹਿਤ ਗ੍ਰਿਫ਼ਤਾਰ 100 ਤੋਂ ਵੱਧ ਸ਼ੱਕੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਟਾਊਨ ਹਾਲ ਵਿਚ ਬਰੈਂਪਟਨ ਤੋਂ ਐਮ.ਪੀ. ਅਤੇ ਮੰਤਰੀ ਰੂਬੀ ਸਹੋਤਾ, ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ, ਐਗÇਲੰਟਨ-ਲਾਰੈਂਸ ਤੋਂ ਐਮ.ਪੀ. ਅਤੇ ਅਪਰਾਧ ਨਾਲ ਨਜਿੱਠਣ ਦੇ ਮਾਮਲਿਆਂ ਬਾਰੇ ਪਾਰਲੀਮਾਨੀ ਸਕੱਤਰ ਵਿੰਸ ਗਾਸਪਾਰੋ, ਉਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਉਨਟਾਰੀਓ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਖਾਸ ਤੌਰ ’ਤੇ ਹਾਜ਼ਰ ਰਹੇ।

Tags:    

Similar News