ਕੈਨੇਡਾ ’ਚ ਟੈਕਸੀ ਫਰੌਡ, ਪੰਜਾਬੀ ਸਣੇ 4 ਜਣਿਆਂ ਦੀ ਭਾਲ ਵਿਚ ਪੁਲਿਸ
ਟੈਕਸੀ ਫਰੌਡ ਦੇ 18 ਮਾਮਲਿਆਂ ਦੀ ਪੜਤਾਲ ਕਰ ਰਹੀ ਕੈਲਗਰੀ ਪੁਲਿਸ ਉਨਟਾਰੀਓ ਨਾਲ ਸਬੰਧਤ 4 ਸ਼ੱਕੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਦੀ ਸ਼ਨਾਖਤ ਅਰਵਿੰਦਰ ਸਿੰਘ ਅਤੇ ਮੈਥਿਊ ਵਜੋਂ ਕੀਤੀ ਗਈ ਹੈ।
ਕੈਲਗਰੀ : ਟੈਕਸੀ ਫਰੌਡ ਦੇ 18 ਮਾਮਲਿਆਂ ਦੀ ਪੜਤਾਲ ਕਰ ਰਹੀ ਕੈਲਗਰੀ ਪੁਲਿਸ ਉਨਟਾਰੀਓ ਨਾਲ ਸਬੰਧਤ 4 ਸ਼ੱਕੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਦੀ ਸ਼ਨਾਖਤ ਅਰਵਿੰਦਰ ਸਿੰਘ, ਇਬਰਾਹਿਮ ਖਾਲਦ, ਮਾਰਟਿਨ ਅਤੇ ਮੈਥਿਊ ਵਜੋਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਇਕ ਗਿਰੋਹ ਦੇ ਰੂਪ ਵਿਚ ਕੰਮ ਕਰ ਰਹੇ ਹਨ ਅਤੇ ਬਿਲਕੁਲ ਇਸੇ ਕਿਸਮ ਦੇ ਮਾਮਲੇ ਐਡਮਿੰਟਨ, ਟੋਰਾਂਟੋ ਅਤੇ ਮੈਟਰੋ ਵੈਨਕੂਵਰ ਵਿਖੇ ਵੀ ਸਾਹਮਣੇ ਆ ਚੁੱਕੇ ਹਨ।
ਅਰਵਿੰਦਰ ਸਿੰਘ, ਇਬਰਾਹਿਮ, ਮਾਰਟਿਨ ਅਤੇ ਮੈਥਿਊ ਵਜੋਂ ਸ਼ਨਾਖਤ
ਪੁਲਿਸ ਮੁਤਾਬਕ ਠੱਗਾਂ ਦਾ ਇਹ ਟੋਲਾ ਅਸਲ ਟੈਕਸੀ ਡਰਾਈਵਰ ਨਹੀਂ ਅਤੇ ਇਸ ਵੇਲੇ ਇਹ ਸਾਰੇ ਐਲਬਰਟਾ ਛੱਡ ਕੇ ਜਾ ਚੁੱਕੇ ਹਨ। ਇਨ੍ਹਾਂ ਦੇ ਉਨਟਾਰੀਓ ਵਿਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਠੱਗੀ ਦੇ ਤਰੀਕੇ ਦਾ ਜ਼ਿਕਰ ਕਰਦਿਆਂ ਪੁਲਿਸ ਨੇ ਦੱਸਿਆ ਕਿ ਦੋ ਤਰੀਕਿਆਂ ਨਾਲ ਲੋਕਾਂ ਨੂੰ ਜਾਲ ਵਿਚ ਫਸਾਇਆ ਜਾਂਦਾ ਹੈ। ਪਹਿਲੇ ਤਰੀਕੇ ਦੌਰਾਨ ਗਿਰੋਹ ਦਾ ਇਕ ਮੈਂਬਰ ਅਣਜਾਣ ਸ਼ਖਸ ਕੋਲ ਜਾਂਦਾ ਹੈ ਅਤੇ ਟੈਕਸੀ ਦਾ ਕਿਰਾਇਆ ਕਾਰਡ ਦੇ ਰੂਪ ਵਿਚ ਅਦਾ ਕਰਨ ਲਈ ਮਦਦ ਮੰਗਦਾ ਹੈ। ਅਣਜਾਣ ਸ਼ਖਸ ਨੂੰ ਜਚਾ ਦਿਤਾ ਜਾਂਦਾ ਹੈ ਕਿ ਟੈਕਸੀ ਡਰਾਈਵਰ ਨਕਦ ਕਿਰਾਇਆ ਲੈਣ ਨੂੰ ਤਿਆਰ ਨਹੀਂ ਅਤੇ ਕਾਰਡ ਰਾਹੀਂ 7 ਡਾਲਰ ਦੀ ਅਦਾਇਗੀ ਕਰਨ ਦੇ ਇਵਜ਼ ਵਿਚ ਉਹ 10 ਡਾਲਰ ਨਕਦ ਦੇਣ ਨੂੰ ਤਿਆਰ ਹੈ। ਦੂਜੇ ਤਰੀਕੇ ਦੌਰਾਨ ਠੱਗਾਂ ਵੱਲੋਂ ਟੈਕਸੀ ਡਰਾਈਵਰ ਬਣ ਕੇ ਸਿੱਧੇ ਤੌਰ ’ਤੇ ਲੋਕਾਂ ਦੇ ਕ੍ਰੈਡਿਟ ਜਾਂ ਡੈਬਿਟ ਦੀ ਜਾਣਕਾਰੀ ਚੋਰੀ ਕੀਤੀ ਜਾਂਦੀ ਹੈ। ਪੁਲਿਸ ਮੁਤਾਬਕ 24 ਸਾਲ ਦੇ ਅਰਵਿੰਦਰ ਸਿੰਘ ਵਿਰੁੱਧ ਕ੍ਰੈਡਿਟ ਕਾਰਡ ਚੋਰੀ ਕਰਨ ਦੇ 17 ਅਤੇ 5 ਹਜ਼ਾਰ ਡਾਲਰ ਤੋਂ ਘੱਟ ਰਕਮ ਦੇ ਫਰੌਡ ਨਾਲ ਸਬੰਧਤ ਸੱਤ ਦੋਸ਼ ਆਇਦ ਕੀਤੇ ਗਏ ਹਨ ਜਦਕਿ ਇਬਰਾਹਿਮ ਖਾਲਦ ਵਿਰੁੱਧ ਕ੍ਰੈਡਿਟ ਕਾਰਡ ਚੋਰੀ ਕਰਨ ਦੇ ਪੰਜ ਅਤੇ 5 ਹਜ਼ਾਰ ਡਾਲਰ ਤੋਂ ਘੱਟ ਰਕਮ ਦੀ ਧੋਖਾਧੜੀ ਦੇ ਤਿੰਨ ਦੋਸ਼ ਲੱਗੇ ਹਨ।
ਐਡਮਿੰਟਨ, ਟੋਰਾਂਟੋ ਅਤੇ ਵੈਨਕੂਵਰ ਵਿਖੇ ਵੀ ਸਾਹਮਣੇ ਆਏ ਫਰੌਡ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਟੋਰਾਂਟੋ ਵਿਖੇ ਟੈਕਸੀ ਕਿਰਾਏ ਦੇ ਨਾਂ ’ਤੇ ਸੈਂਕੜੇ ਲੋਕਾਂ ਤੋਂ 5 ਲੱਖ ਡਾਲਰ ਦੀ ਰਕਮ ਠੱਗਣ ਦੇ ਮਾਮਲੇ ਵਿਚ ਪੰਜ ਭਾਰਤੀਆਂ ਸਣੇ 11 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵੱਡੀ ਗਿਣਤੀ ਵਿਚ ਸ਼ਿਕਾਇਤਾਂ ਸਾਹਮਣੇ ਆਉਣ ਮਗਰੋਂ ਜੁਲਾਈ 2024 ਵਿਚ ਪ੍ਰੌਜੈਕਟ ਫੇਅਰ ਅਧੀਨ ਪੜਤਾਲ ਆਰੰਭੀ ਗਈ ਅਤੇ 300 ਤੋਂ ਵੱਧ ਪੀੜਤ ਹੋਣ ਬਾਰੇ ਪਤਾ ਲੱਗਾ। ਪੁਲਿਸ ਦਾ ਮੰਨਣਾ ਹੈ ਕਿ ਠੱਗੀ ਦਾ ਸ਼ਿਕਾਰ ਬਣੇ ਪੀੜਤਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ। ਪੁਲਿਸ ਵੱਲੋਂ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਮਾਰੇ ਛਾਪਿਆਂ ਦੌਰਾਨ ਕਰੈਡਿਟ ਐਂਡ ਡੈਬਿਟ ਟਰਮੀਨਲਜ਼, ਮਹਿੰਗੇ ਕੱਪੜੇ, ਗਹਿਣੇ, ਕੰਪਿਊਟਰ, ਮੋਬਾਈਲ ਫੋਨ ਅਤੇ ਕਈ ਕਿਸਮ ਦੇ ਕਰੈਡਿਟ ਤੇ ਡੈਬਿਟ ਕਾਰਡ ਜ਼ਬਤ ਕੀਤੇ ਗਏ। ਕੈਲਗਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਟੈਕਸੀ ਫਰੌਡ ਦੇ ਇਨ੍ਹਾਂ ਮਾਮਲਿਆਂ ਜਾਂ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਹੋਣ ’ਤੇ 403 266 1234 ’ਤੇ ਸੰਪਰਕ ਕੀਤਾ ਜਾਵੇ।