ਕੈਨੇਡਾ ਦੇ 3 ਸ਼ਹਿਰਾਂ ਵਿਚ ਸਜਾਏ ਅਲੌਕਿਕ ਨਗਰ ਕੀਰਤਨ
ਖਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿਚ ਐਤਵਾਰ ਨੂੰ ਐਡਮਿੰਟਨ, ਮੌਂਟਰੀਅਲ ਅਤੇ ਸਸਕਾਟੂਨ ਵਿਖੇ ਅਲੌਕਿਕ ਨਗਰ ਕੀਰਤਨ ਸਜਾਏ ਗਏ।
ਐਡਮਿੰਟਨ : ਖਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿਚ ਐਤਵਾਰ ਨੂੰ ਐਡਮਿੰਟਨ, ਮੌਂਟਰੀਅਲ ਅਤੇ ਸਸਕਾਟੂਨ ਵਿਖੇ ਅਲੌਕਿਕ ਨਗਰ ਕੀਰਤਨ ਸਜਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਐਡਮਿੰਟਨ ਨਗਰ ਕੀਰਤਨ ਦੇ ਪ੍ਰਬੰਧਕਾਂ ਵਿਚੋਂ ਇਕ ਗੁਰਚਰਨ ਸਿੰਘ ਸੰਘਾ ਨੇ ਦੱਸਿਆ ਕਿ 1999 ਵਿਚ ਐਡਮਿੰਟਨ ਵਿਖੇ ਪਹਿਲੀ ਵਾਰ ਨਗਰ ਕੀਰਤਨ ਸਜਾਏ ਜਾਣ ਮੌਕੇ ਸਿਰਫ਼ ਸਾਢੇ ਚਾਰ ਹਜ਼ਾਰ ਸੰਗਤ ਸ਼ਾਮਲ ਹੋਈ ਪਰ ਹੁਣ ਇਹ ਗਿਣਤੀ ਵਧ ਕੇ 70 ਹਜ਼ਾਰ ਤੱਕ ਪੁੱਜ ਚੁੱਕੀ ਹੈ।
ਖਾਲਸਾਈ ਰੰਗ ਵਿਚ ਰੰਗੇ ਐਡਮਿੰਟਨ, ਸਸਕਾਟੂਨ ਅਤੇ ਮੌਂਟਰੀਅਲ
ਉਧਰ ਐਡਮਿੰਟਨ ਗੇਟਵੇਅ ਪਾਰਲੀਮਾਨੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਟਿਮ ਉਪਲ ਨੇ ਕਿਹਾ ਕਿ ਨਗਰ ਕੀਰਤਨ ਵਿਚ ਸਿਰਫ਼ ਸਿੱਖ ਭਾਈਚਾਰੇ ਨਾਲ ਸਬੰਧਤ ਹੀ ਨਹੀਂ ਸਗੋਂ ਹੋਰਨਾਂ ਕਈ ਧਰਮਾਂ ਨਾਲ ਸਬੰਧਤ ਲੋਕ ਵੀ ਸ਼ਾਮਲ ਹੋਏ ਅਤੇ ਇਹ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ। ਨਗਰ ਕੀਰਤਨ ਦੌਰਾਨ ਵਲੰਟੀਅਰ ਦੀ ਸੇਵਾ ਨਿਭਾਅ ਰਹੀ ਸੁਖਮਨੀ ਢਿੱਲੋਂ ਨੇ ਕਿਹਾ ਕਿ ਖਾਲਸਾ ਸਾਜਨਾ ਦਿਹਾੜੇ ਦੀ ਅਹਿਮੀਅਤ ਬਾਰੇ ਸ਼ਹਿਰ ਦੇ ਲੋਕਾਂ ਨੂੰ ਜਾਣੂ ਕਰਵਾਉਣ ਵਿਚ ਅਜਿਹੇ ਧਾਰਮਿਕ ਸਮਾਗਮ ਵੱਡੀ ਭੂਮਿਕਾ ਅਦਾ ਕਰਦੇ ਹਨ। ਦੱਸ ਦੇਈਏ ਕਿ ਐਲਬਰਟਾ ਵਿਚ ਖਾਲਸਾ ਸਾਜਨਾ ਦਿਹਾੜੇ ਦੇ ਸਮਾਗਮ ਅਪ੍ਰੈਲ ਦੀ ਬਜਾਏ ਮਈ ਵਿਚ ਹੀ ਕਰਵਾਏ ਜਾਂਦੇ ਹਨ ਕਿਉਂਕਿ ਸੂਬੇ ਵਿਚ ਅਪ੍ਰੈਲ ਦੌਰਾਨ ਮੌਸਮ ਬੇਹੱਦ ਸਰਦ ਹੁੰਦਾ ਹੈ। ਇਸੇ ਦੌਰਾਨ ਸਸਕਾਟੂਨ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ 2017 ਤੋਂ ਨਗਰ ਕੀਰਤਨ ਸਜਾਏ ਜਾ ਰਹੇ ਹਨ ਜਿਨ੍ਹਾਂ ਰਾਹੀਂ ਆਪਣੇ ਧਰਮ ਅਤੇ ਵਿਰਸੇ ਦੇ ਵਡਮੁੱਲੇ ਸਿਧਾਂਤ ਸਮਾਜ ਦੇ ਹੋਰਨਾਂ ਤਬਕਿਆਂ ਨਾਲ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ।
ਸਮਾਜ ਦੇ ਹਰ ਤਬਕੇ ਨਾਲ ਸਬੰਧਤ ਲੋਕਾਂ ਨੇ ਕੀਤੀ ਸ਼ਮੂਲੀਅਤ
ਨਗਰ ਕੀਰਤਨ ਵਿਚ ਸਿਰਫ਼ ਸ਼ਹਿਰ ਵਿਚ ਵਸਦਾ ਭਾਈਚਾਰਾ ਹੀ ਸ਼ਾਮਲ ਨਹੀਂ ਹੁੰਦਾ ਸਗੋਂ ਸਸਕੈਚਵਨ ਦੇ ਹੋਰਨਾਂ ਇਲਾਕਿਆਂ ਵਿਚ ਵਸਦੇ ਲੋਕ ਵੀ ਵਧ-ਚੜ੍ਹ ਕੇ ਸ਼ਮੂਲੀਅਤ ਕਰਦੇ ਹਨ। ਨਗਰ ਕੀਰਤਨ ਦੇ ਪ੍ਰਬੰਧਕ ਜਗਮੀਤ ਸਿੰਘ ਬਾਜਵਾ ਨੇ ਦੱਸਿਆ ਕਿ ਸਸਕਾਟੂਨ ਦੇ ਲਾਇਨਜ਼ ਸੈਂਚਰੀ ਪਾਰਕ ਵਿਚ ਹਰ ਪਾਸੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆ ਰਿਹਾ ਸੀ। ਉਧਰ ਮੌਂਟਰੀਅਲ ਦੇ ਲਾਸਾਲ ਗੁਰਦਵਾਰਾ ਸਾਹਿਬ ਵਿਖੇ ਸਜਾਏ ਨਗਰ ਕੀਰਤਨ ਦੌਰਾਨ ਤੇਜ਼ ਬਾਰਸ਼ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤ ਸ਼ਾਮਲ ਹੋਈ ਅਤੇ ਸਿੱਖ ਬੀਬੀਆਂ ਨੇ ਗੱਤਕੇ ਦੇ ਜੌਹਰ ਦਿਖਾਉਂਦਿਆਂ ਮਾਰਸ਼ਲ ਆਰਟਸ ਵਿਚ ਮੁਹਾਰਤ ਦਾ ਸਬੂਤ ਦਿਤਾ।