ਕੈਨੇਡਾ ਦੀ ਮਸਜਿਦ ਵਿਚ ਛੁਰੇਬਾਜ਼ੀ, 3 ਜ਼ਖਮੀ

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਨੇੜੇ ਸ਼ੈਟੂਗੇ ਕਸਬੇ ਦੀ ਇਕ ਮਸਜਿਦ ਵਿਚ ਛੁਰੇਬਾਜ਼ੀ ਦੌਰਾਨ ਤਿੰਨ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਜਦਕਿ 24 ਸਾਲ ਦੇ ਸ਼ੱਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ

Update: 2024-09-21 11:31 GMT

ਮੌਂਟਰੀਅਲ : ਕੈਨੇਡਾ ਦੇ ਮੌਂਟਰੀਅਲ ਸ਼ਹਿਰ ਨੇੜੇ ਸ਼ੈਟੂਗੇ ਕਸਬੇ ਦੀ ਇਕ ਮਸਜਿਦ ਵਿਚ ਛੁਰੇਬਾਜ਼ੀ ਦੌਰਾਨ ਤਿੰਨ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਜਦਕਿ 24 ਸਾਲ ਦੇ ਸ਼ੱਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਛੁਰਾ ਲੈ ਕੇ ਮਸਜਿਦ ਵਿਚ ਦਾਖਲ ਹੋਏ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਮਸਜਿਦ ਦੇ ਪ੍ਰਬੰਧਕ ਰਸ਼ੀਦ ਅਜ਼ਮਾਨ ਨੇ ਦੱਸਿਆ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਇਕ ਅਣਪਛਾਤਾ ਸ਼ਖਸ ਮਸਜਿਦ ਵਿਚ ਦਾਖਲ ਹੋਇਆ ਜੋ ਅਜੀਬੋ-ਗਰੀਬ ਹਰਕਤਾਂ ਕਰ ਰਿਹਾ ਸੀ। ਕਦੇ ਉਹ ਕੁਰਸੀਆਂ ’ਤੇ ਬੈਠ ਜਾਂਦਾ ਅਤੇ ਕਦੇ ਭੂੰਜੇ ਬੈਠਣ ਦਾ ਯਤਨ ਕਰਦਾ। ਹਾਲਾਤ ਨੂੰ ਵੇਖਦਿਆਂ ਭਾਈਚਾਰੇ ਦੇ ਮੈਂਬਰਾਂ ਨੇ ਨਮਾਜ਼ ਟਾਲਣ ਦਾ ਫੈਸਲਾ ਲਿਆ ਅਤੇ ਕੁਝ ਲੋਕ ਉਸ ਅਣਪਛਾਤੇ ਸ਼ਖਸ ਵੱਲ ਗਏ। ਸ਼ੱਕੀ ਨੂੰ ਗੱਲਬਾਤ ਲਈ ਮਸਜਿਦ ਦੀ ਬੇਸਮੈਂਟ ਵਿਚ ਲਿਆਉਣ ਦਾ ਯਤਨ ਕੀਤਾ ਗਿਆ ਤਾਂ ਕਿ ਜ਼ਮੀਨੀ ਹਾਲਾਤ ਬਾਰੇ ਪਤਾ ਲੱਗ ਸਕੇ ਪਰ ਉਹ ਪੌੜੀਆਂ ਉਤਰਨ ਨੂੰ ਤਿਆਰ ਨਹੀਂ ਸੀ। ਸ਼ੱਕੀ ਤੋਂ ਪੁੱਛ ਪੜਤਾਲ ਚੱਲ ਹੀ ਰਹੀ ਸੀ ਕਿ ਉਸ ਦੀ ਜੇਬ ਵਿਚ ਛੁਰਾ ਹੋਣ ਦਾ ਅਹਿਸਾਸ ਹੋਇਆ।

24 ਸਾਲ ਦੇ ਸ਼ੱਕੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਭਾਈਚਾਰੇ ਦੇ ਮੈਂਬਰਾਂ ਨੇ ਛੁਰਾ ਖੋਹਣ ਦਾ ਯਤਨ ਕੀਤਾ ਤਾਂ ਇਕ ਇਕ ਕਰ ਕੇ ਤਿੰਨ ਜਣੇ ਜ਼ਖਮੀ ਹੋ ਗਏ। ਇਕ ਮੈਂਬਰ ਨੇ ਛੁਰਾ ਧਾਰ ਵਾਲੇ ਪਾਸਿਉਂ ਫੜ ਲਿਆ ਅਤੇ ਉਸ ਦੇ ਹੱਥ ਵਿਚੋਂ ਖੂਨ ਵਗਣ ਲੱਗਾ। ਇਸੇ ਦੌਰਾਨ ਪੁਲਿਸ ਨੂੰ ਇਤਲਾਹ ਦੇ ਦਿਤੀ ਗਈ ਅਤੇ ਕੁਝ ਹੀ ਮਿੰਟਾਂ ਵਿਚ ਪੁਲਿਸ ਅਫਸਰਾਂ ਨੇ ਪੁੱਜ ਕੇ ਸ਼ੱਕੀ ਨੂੰ ਕਾਬੂ ਕਰ ਲਿਆ। ਕਾਂਸਟੇਬਲ ਨਾਡੀਆ ਗਰੌਂਡਿਨ ਨੇ ਦੱਸਿਆ ਕਿ ਤਿੰਨ ਜਣੇ ਮਾਮੂਲੀ ਤੌਰ ’ਤੇ ਜ਼ਖਮੀ ਹੋਏ ਜਿਨ੍ਹਾਂ ਵਿਚੋਂ ਇਕ ਨੂੰ ਹਸਪਤਾਲ ਲਿਜਾਣਾ ਪਿਆ। ਸਾਰੇ ਜ਼ਖਮੀਆਂ ਦੀ ਉਮਰ 50-55 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਅਤੇ ਉਹ ਨਮਾਜ਼ ਅਦਾ ਕਰਨ ਮਸਜਿਦ ਵਿਚ ਆਏ ਸਨ। ਵਾਰਦਾਤ ਦੇ ਮਕਸਦ ਬਾਰੇ ਫਿਲਹਾਲ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿਤੀ ਗਈ।

ਮੌਂਟਰੀਅਲ ਨੇੜੇ ਸ਼ੈਟੂਗੇ ਕਸਬੇ ਦੀ ਮਸਜਿਦ ਵਿਚ ਹੋਈ ਵਾਰਦਾਤ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਬਾਦਤ ਵਾਲੀ ਥਾਂ ’ਤੇ ਕਿਸੇ ਨੂੰ ਵੀ ਡਰ ਮਹਿਸੂਸ ਨਹੀਂ ਹੋਣਾ ਚਾਹੀਦਾ। ਮਸਜਿਦ ਵਿਚ ਵਾਪਰੀ ਘਟਨਾ ਨੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿਤਾ ਹੈ ਅਤੇ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਨੇ ਕਿਹਾ ਕਿ ਕੈਨੇਡਾ ਵਿਚ ਹਰ ਧਾਰਮਿਕ ਸਥਾਨ ’ਤੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉੂਹ ਅਤੇ ਉਨ੍ਹਾਂਦੀ ਪਤਨੀ ਅਨਾਇਡਾ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰ ਰਹੇ ਹਨ। ਉਧਰ ਪੁਲਿਸ ਨੇ ਕਿਹਾ ਕਿ ਸ਼ੱਕੀ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਸ਼ਨਿੱਚਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ।

Tags:    

Similar News