ਕੈਨੇਡਾ ਵਿਚ ਮੁਸਲਮਾਨ ਔਰਤ ਦੇ ਮੂੰਹ ’ਤੇ ਥੁੱਕਿਆ

ਯੂ.ਕੇ. ਵਿਚ ਚੱਲ ਰਹੇ ਦੰਗਿਆਂ ਦਰਮਿਆਨ ਕੈਨੇਡਾ ਦੇ ਬੀ.ਸੀ. ਵਿਚ ਇਕ ਮੁਸਲਮਾਨ ਔਰਤ ਦੇ ਮੂੰਹ ’ਤੇ ਥੁੱਕਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।;

Update: 2024-08-09 11:41 GMT

ਨਿਊ ਵੈਸਟਮਿੰਸਟਰ : ਯੂ.ਕੇ. ਵਿਚ ਚੱਲ ਰਹੇ ਦੰਗਿਆਂ ਦਰਮਿਆਨ ਕੈਨੇਡਾ ਦੇ ਬੀ.ਸੀ. ਵਿਚ ਇਕ ਮੁਸਲਮਾਨ ਔਰਤ ਦੇ ਮੂੰਹ ’ਤੇ ਥੁੱਕਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਨਿਊ ਵੈਸਟਮਿੰਸਟਰਦੇ ਇਕ ਰੈਸਟੋਰੈਂਟ ਵਿਚ ਵਾਪਰੀ ਘਟਨਾ ਨੂੰ ਨਫ਼ਰਤੀ ਅਪਰਾਧ ਮੰਨਿਆ ਜਾ ਰਿਹਾ ਹੈ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਾਮਲਾ ਬੀਤੇ ਐਤਵਾਰ ਨੂੰ ਸਵੇਰੇ ਤਕਰੀਬਨ 10 ਵਜੇ ਇਕ ਰੈਸਟੋਰੈਂਟ ਵਿਚ ਸਾਹਮਣੇ ਆਇਆ ਜਦੋਂ ਪੁਲਿਸ ਅਫਸਰ 5ਵੇਂ ਐਵੇਨਿਊ ਨੇੜੇ ਛੇਵੀਂ ਸਟ੍ਰੀਟ ਵਿਚ ਪੁੱਜੇ। ਮੌਕੇ ’ਤੇ ਪੁੱਜੇ ਅਫਸਰਾ ਨੂੰ ਦੱਸਿਆ ਗਿਆ ਕਿ ਇਕ ਔਰਤ ਨੇ ਰੈਸਟੋਰੈਂਟ ਦੀ ਮੁਲਾਜ਼ਮ ਉਤੇ ਕਥਿਤ ਤੌਰ ’ਤੇ ਥੁੱਕਿਆ। ਮੁਢਲੀ ਪੜਤਾਲ ਮਗਰੋਂ ਮਾਮਲਾ ਨਫ਼ਰਤੀ ਅਪਰਾਧ ਵਾਲਾ ਮਹਿਸੂਸ ਹੋਇਆ ਕਿਉਂਕਿ ਰੈਸਟੋਰੈਂਟ ਦੀ ਮਹਿਲਾ ਮੁਲਾਜ਼ਮ ਨੇ ਹਿਜਾਬ ਪਹਿਨਿਆ ਹੋਇਆ ਸੀ।

ਬੀ.ਸੀ. ਦੇ ਵੈਸਟਮਿੰਸਟਰ ਵਿਖੇ ਵਾਪਰੀ ਘਟਨਾ

ਉਧਰ ਮੁਸਲਮਾਨ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਘਟਨਾ ਬਾਰੇ ਪਤਾ ਲੱਗਣ ਮਗਰੋਂ ਮਨ ਬੇਹੱਦ ਉਦਾਸ ਹੈ। ਕੈਨੇਡੀਅਨ ਇਸਲਾਮਿਕ ਸੋਸਾਇਟੀ ਦੇ ਡਾਇਰੈਕਟਰ ਸੋਹਰਾਬ ਅਲੀ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਇਸਲਾਮੋਫੋਬੀਆ ਵਧਦਾ ਜਾ ਰਿਹਾ ਹੈ ਅਤੇ ਨਿਊ ਵੈਸਟਮਿੰਸਟਰ ਦੇ ਰੈਸਟੋਰੈਂਟ ਵਿਚ ਵਾਪਰੀ ਘਟਨਾ ਜਿਊਂਦਾ ਜਾਗਦਾ ਸਬੂਤ ਹੈ। ਨਫ਼ਰਤੀ ਹਮਲੇ ਨੂੰ ਕਥਿਤ ਤੌਰ ’ਤੇ ਅੰਜਾਮ ਦੇਣ ਵਾਲੀ ਔਰਤ ਦੀ ਉਮਰ ਤਕਰੀਬਨ 55 ਸਾਲ ਦੱਸੀ ਜਾ ਰਹੀ ਹੈ ਜਿਸ ਨੇ ਘਟਨਾ ਵਾਲੇ ਦਿਨ ਬਲੈਕ ਐਂਡ ਵਾਈਟ ਟੌਪ ਪਾਇਆ ਸੀ। ਨਿਊ ਵੈਸਟਮਿੰਸਟਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 604 525 5411 ’ਤੇ ਸੰਪਰਕ ਕਰੇ।

Tags:    

Similar News