ਉਨਟਾਰੀਓ ਦੇ ਵੌਅਨ ’ਚ ਇਤਿਹਾਸ ਦਾ ਹਿੱਸਾ ਬਣੇ ਸਪੀਡ ਕੈਮਰੇ
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੀ ਘੁਰਕੀ ਦਾ ਅਸਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਵੌਅਨ ਸ਼ਹਿਰ ਦੇ ਮੇਅਰ ਨੇ ਸਪੀਡ ਕੈਮਰੇ ਲਾਉਣ ਦੀ ਯੋਜਨਾ ਠੱਪ ਕਰ ਦਿਤੀ ਹੈ
ਵੌਅਨ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੀ ਘੁਰਕੀ ਦਾ ਅਸਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਵੌਅਨ ਸ਼ਹਿਰ ਦੇ ਮੇਅਰ ਨੇ ਸਪੀਡ ਕੈਮਰੇ ਲਾਉਣ ਦੀ ਯੋਜਨਾ ਠੱਪ ਕਰ ਦਿਤੀ ਹੈ। ਆਟੋਮੇਟਡ ਸਪੀਡ ਐਨਫੋਰਸਮੈਂਟ ਪ੍ਰੋਗਰਾਮ ਮੁਕੰਮਲ ਤੌਰ ’ਤੇ ਖ਼ਤਮ ਕਰਨ ਬਾਰੇ ਮੇਅਰ ਸਟੀਵਨ ਡੈਲ ਡੁਕਾ ਵੱਲੋਂ ਲਿਆਂਦੇ ਮਤੇ ਨੂੰ ਕੌਂਸਲਰਾਂ ਤੋਂ ਭਰਵੀਂ ਹਮਾਇਤ ਮਿਲੀ ਅਤੇ ਹੁਣ ਸ਼ਹਿਰ ਵਿਚ ਮਨਚਲੇ ਡਰਾਈਵਰ ਅੰਨ੍ਹੇਵਾਹ ਗੱਡੀਆਂ ਚਲਾ ਸਕਣਗੇ। ਮਤੇ ਵਿਚ ਯਾਰਕ ਰੀਜਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵੌਅਨ ਵਿਚੋਂ ਲੰਘਦੀਆਂ ਰੀਜਨਲ ਸੜਕਾਂ ਤੋਂ ਸਪੀਡ ਕੈਮਰੇ ਹਟਾ ਦਿਤੇ ਜਾਣ।
ਸਿਟੀ ਕੌਂਸਲ ਨੇ ਯੋਜਨਾ ਪੂਰੀ ਤਰ੍ਹਾਂ ਠੱਪ ਕੀਤੀ
ਮੇਅਰ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਮੁੱਖ ਤਰਜੀਹ ਹੈ ਪਰ ਇਸ ਦੇ ਨਾਲ ਹੀ ਲੋਕਾਂ ਉਤੇ ਬੇਵਜ੍ਹਾ ਪੈਣ ਵਾਲਾ ਆਰਥਿਕ ਬੋਝ ਖ਼ਤਮ ਕਰਨਾ ਵੀ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸਪੀਡ ਕੈਮਰਿਆਂ ਨਾਲ ਸਬੰਧਤ ਯੋਜਨਾ ਦੀ ਡੂੰਘਾਈ ਨਾਲ ਸਮੀਖਿਆ ਕਰਨ ਮਗਰੋਂ ਇਹੋ ਸਿੱਟਾ ਨਿਕਲਿਆ ਕਿ ਲੋਕ ਭਾਰੀ ਜੁਰਮਾਨੇ ਅਦਾ ਕਰਨ ਲਈ ਮਜਬੂਰ ਹਨ। ਲਾਪ੍ਰਵਾਹੀ ਨਾਲ ਗੱਡੀ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ ਅਤੇ ਹਰ ਸੰਭਵ ਤਰੀਕੇ ਦੀ ਵਰਤੋਂ ਕਰਦਿਆਂ ਰਫ਼ਤਾਰ ਕੰਟਰੋਲ ਕਰਨ ਦੇ ਯਤਨ ਕੀਤੇ ਜਾਣਗੇ।
ਤੇਜ਼ ਰਫ਼ਤਾਰ ਗੱਡੀਆਂ ਤੋਂ ਸੁਰੱਖਿਆ ਲਈ ਨਵੇਂ ਰਾਹ ਤਲਾਸ਼ ਕਰਨਗੇ ਮੇਅਰ
ਇਥੇ ਦਸਣਾ ਬਣਦਾ ਹੈ ਕਿ ਵੌਅਨ ਸ਼ਹਿਰ ਦੀਆਂ ਸੜਕਾਂ ’ਤੇ ਸਪੀਡ ਕੈਮਰੇ ਲਾਉਣ ਦੀ ਯੋਜਨਾ ਇਸੇ ਸਾਲ ਅਪ੍ਰੈਲ ਵਿਚ ਆਰੰਭ ਹੋਈ ਅਤੇ 4 ਜੂਨ ਨੂੰ ਰੋਕ ਲਾ ਦਿਤੀ ਗਈ। ਡਰਾਈਵਰਾਂ ਨੂੰ ਚੇਤੇ ਕਰਵਾਇਆ ਗਿਆ ਹੈ ਕਿ 4 ਜੂਨ ਦੀ ਸ਼ਾਮ 5 ਵਜੇ ਤੋਂ ਪਹਿਲਾਂ ਸਪੀਡ ਕੈਮਰਿਆਂ ਰਾਹੀਂ ਕੀਤੇ ਜੁਰਮਾਨੇ ਭਰਨੇ ਹੋਣਗੇ ਜਾਂ ਕਾਨੂੰਨ ਮੁਤਾਬਕ ਇਨ੍ਹਾਂ ਵਿਰੁੱਧ ਅਪੀਲ ਦਾਖਲ ਕਰਨੀ ਹੋਵੇਗੀ। ਡਰਾਈਵਰਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਯਾਰਕ ਰੀਜਨ ਵੱਲੋਂ ਸੰਚਾਲਤ ਕੈਮਰੇ ਪਹਿਲਾਂ ਵਾਂਗ ਮੌਜੂਦ ਹਨ ਅਤੇ ਇਨ੍ਹਾਂ ਰਾਹੀਂ ਜੁਰਮਾਨੇ ਜਾਰੀ ਕਰਨ ਦਾ ਸਿਲਸਿਲਾ ਚਲਦਾ ਰਹੇਗਾ।