ਵੈਨਕੂਵਰ ਵਿਖੇ ਛੁਰੇਬਾਜ਼ੀ ਦੇ ਦੋਸ਼ੀ ਨੂੰ ਜੇਲ ਨਾ ਭੇਜੇ ਜਾਣ ਤੋਂ ਸਾਊਥ ਏਸ਼ੀਅਨ ਨਾਰਾਜ਼

ਵੈਨਕੂਵਰ ਦੇ ਓਲੰਪਿਕ ਵਿਲੇਜ ਵਿਖੇ ਲੁੱਟ ਦੀ ਵਾਰਦਾਤ ਦੌਰਾਨ ਜ਼ਖਮੀ ਹੋਏ ਸਾਊਥ ਏਸ਼ੀਅਨ ਨੌਜਵਾਨ ਨੇ ਹਮਲਾਵਰ ਨੂੰ ਸੁਣਾਈ ਗਈ ਸਜ਼ਾ ’ਤੇ ਨਾਖੁਸ਼ੀ ਜ਼ਾਹਰ ਕੀਤੀ ਹੈ।;

Update: 2024-07-27 11:29 GMT

ਵੈਨਕੂਵਰ : ਵੈਨਕੂਵਰ ਦੇ ਓਲੰਪਿਕ ਵਿਲੇਜ ਵਿਖੇ ਲੁੱਟ ਦੀ ਵਾਰਦਾਤ ਦੌਰਾਨ ਜ਼ਖਮੀ ਹੋਏ ਸਾਊਥ ਏਸ਼ੀਅਨ ਨੌਜਵਾਨ ਨੇ ਹਮਲਾਵਰ ਨੂੰ ਸੁਣਾਈ ਗਈ ਸਜ਼ਾ ’ਤੇ ਨਾਖੁਸ਼ੀ ਜ਼ਾਹਰ ਕੀਤੀ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਮਿਰਾਜ ਅਹਿਮਦ ਨੇ ਕਿਹਾ ਕਿ ਦੋਸ਼ੀ ਨੂੰ ਛੇ ਮਹੀਨੇ ਤੋਂ ਇਕ ਸਾਲ ਤੱਕ ਕੈਦ ਵਿਚ ਰੱਖਿਆ ਜਾਣਾ ਚਾਹੀਦਾ ਸੀ। ਇਥੇ ਦਸਣਾ ਬਣਦਾ ਹੈ ਕਿ 2023 ਵਿਚ ਬੌਕਸਿੰਗ ਡੇਅ ਮੌਕੇ 22 ਸਾਲ ਦੇ ਸ਼ੈਲਡਨ ਇਲਬੇਗੀ ਅਸਲੀ ਨੇ ਲੁੱਟ ਦੀ ਵਾਰਦਾਤ ਦੌਰਾਨ ਮਿਰਾਜ ਅਹਿਮਦ ਨੂੰ ਜ਼ਖਮੀ ਕਰ ਦਿਤਾ ਅਤੇ ਸਜ਼ਾ ਦੇ ਇਵਜ਼ ਵਿਚ ਉਸ ਨੂੰ ਸਿਰਫ ਘਰ ਵਿਚ ਨਜ਼ਰਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ। ਨਜ਼ਰਬੰਦੀ ਖਤਮ ਹੋਣ ’ਤੇ ਉਸ ਨੂੰ ਇਕ ਸਾਲ ਤੱਕ ਨਿਗਰਾਨੀ ਹੇਠ ਰੱਖਿਆ ਜਾਵੇਗਾ।

ਹਮਲੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਸੀ ਮਿਰਾਜ ਅਹਿਮਦ

ਬੀਤੇ ਅਪ੍ਰੈਲ ਮਹੀਨੇ ਦੌਰਾਨ ਸ਼ੈਲਡਨ ਨੇ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਕਬੂਲ ਕਰ ਲਏ ਸਨ। ਅਦਾਲਤੀ ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਸ ਨੇ ਕਿਸੇ ਸ਼ਖਸ ’ਤੇ ਪੈਪਰ ਸਪ੍ਰੇਅ ਦੀ ਵਰਤੋਂ ਵੀ ਕੀਤੀ। ਦਰਅਸਲ ਮਿਰਾਜ ਅਹਿਮਦ ਫੂਡ ਡਿਲਿਵਰੀ ਦਾ ਕੰਮ ਕਰਦਾ ਸੀ ਅਤੇ ਛੁਰਾ ਵੱਜਣ ਕਾਰਨ ਉਸ ਦਾ ਹੱਥ ਲਹੂ ਲੁਹਾਣ ਹੋ ਗਿਆ ਜੋ ਅੱਜ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਮਿਰਾਜ ਨੇ ਕਿਹਾ ਕਿ ਛੁਰੇ ਨਾਲ ਹਮਲਾ ਕਰਨ ’ਤੇ ਵੀ ਦੋਸ਼ੀ ਨੂੰ ਜੇਲ ਨਹੀਂ ਭੇਜਿਆ ਗਿਆ ਜਦਕਿ ਉਸ ਨੂੰ ਇਕ ਸਾਲ ਤੱਕ ਕੈਦ ਹੋਣੀ ਚਾਹੀਦੀ ਸੀ। ਦੂਜੇ ਪਾਸੇ ਸ਼ੈਲਡਨ ਦੇ ਪਰਵਾਰ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਵਾਰਦਾਤ ਤੋਂ ਪਹਿਲਾਂ ਉਹ ਮਾਨਸਿਕ ਸਿਹਤ ਵਿਚ ਵਿਗਾੜ ਅਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਸ਼ੈਲਡਨ ਨੂੰ 18 ਸ਼ਰਤਾਂ ’ਤੇ ਰਿਹਾਅ ਕੀਤਾ ਗਿਆ ਹੈ ਜਿਨ੍ਹਾਂ ਵਿਚ ਅੱਠ ਮਹੀਨੇ ਵਾਸਤੇ 24 ਘੰਟੇ ਘਰ ਦੇ ਅੰਦਰ ਰਹਿਣਾ ਹੋਵੇਗਾ ਅਤੇ ਇਸ ਮਗਰੋਂ ਸੱਤ ਮਹੀਨੇ ਰਾਤ ਵੇਲੇ ਘਰੋਂ ਬਾਹਰ ਨਿਕਲਣ ’ਤੇ ਪਾਬੰਦੀ ਹੋਵੇਗੀ। ਕਿਸੇ ਕਿਸਮ ਦਾ ਹਥਿਆਰ ਜਾਂ ਛੁਰਾ ਰੱਖਣ ’ਤੇ ਵੀ ਰੋਕ ਲਾਈ ਗਈ ਹੈ। ਉਧਰ ਮਿਰਾਜ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਪ੍ਰਤੀ ਚਿੰਤਤ ਨਹੀਂ ਸਗੋਂ ਹੋਰਨਾਂ ਦੀ ਸੁਰੱਖਿਆ ਬਾਰੇ ਫਿਕਰਮੰਦ ਹੈ। ਸ਼ੈਲਡਨ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਮਿਰਾਜ ਦਾ ਹੱਥ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ ਪਰ ਉਸ ਨੇ ਫੂਡ ਡਿਲਿਵਰੀ ਦਾ ਕੰਮ ਮੁੜ ਸ਼ੁਰੂ ਕਰ ਦਿਤਾ ਹੈ ਅਤੇ ਜਲਦ ਹੀ ਉਸ ਦਾ ਪਰਵਾਰ ਵੀ ਕੈਨੇਡਾ ਪੁੱਜ ਰਿਹਾ ਹੈ।

Tags:    

Similar News