ਕੈਨੇਡਾ ਵਿਚ ਚੁਫੇਰਿਉਂ ਘਿਰਿਆ ਸਿੱਖ ਆਗੂ

ਕੈਨੇਡਾ ਵਿਚ ਸਿਆਸੀ ਉਥਲ-ਪੁਥਲ ਦਰਮਿਆਨ ਹਰ ਛੋਟਾ-ਵੱਡਾ ਆਗੂ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾ ਰਿਹਾ ਹੈ।

Update: 2024-09-10 13:15 GMT

ਟੋਰਾਂਟੋ : ਕੈਨੇਡਾ ਵਿਚ ਸਿਆਸੀ ਉਥਲ-ਪੁਥਲ ਦਰਮਿਆਨ ਹਰ ਛੋਟਾ-ਵੱਡਾ ਆਗੂ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜੀ ਹਾਂ, ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਲਾਲਚੀ ਕਰਾਰ ਦਿਤਾ ਹੈ ਜੋ ਸੰਭਾਵਤ ਤੌਰ ’ਤੇ ਪੈਨਸ਼ਨ ਦੇ ਲਾਲਚ ਵਿਚ ਟਰੂਡੋ ਸਰਕਾਰ ਦਾ ਸਾਥ ਦੇ ਰਹੇ ਹਨ। ਡਗ ਫੋਰਡ ਨੇ ਜਗਮੀਤ ਸਿੰਘ ’ਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਦੋਸ਼ ਵੀ ਲਾਇਆ। ਜਗਮੀਤ ਸਿੰਘ ਭਾਵੇਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈ ਚੁੱਕੇ ਹਨ ਪਰ ਟੋਰੀ ਆਗੂਆਂ ਦਾ ਮੰਨਣਾ ਹੈ ਕਿ ਹੁਣ ਉਹ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਵਿਚ ਵੀ ਅੱਗੇ ਹੋ ਕੇ ਭੂਮਿਕਾ ਅਦਾ ਕਰਨ। ਪ੍ਰਿੰਸ ਐਡਵਰਡ ਕਾਊਂਟੀ ਵਿਖੇ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਵਾਸਤੇ ਆਰਥਿਕ ਸਹਾਇਤਾ ਦਾ ਐਲਾਨ ਕਰਨ ਮੌਕੇ ਡਗ ਫੋਰਡ ਨੇ ਕਿਹਾ ਕਿ ਜਗਮੀਤ ਸਿੰਘ ਨੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ ਜਦਕਿ ਅਸਲੀਅਤ ਇਹ ਹੈ ਕਿ ਲਾਲਚੀ ਸਿਆਸਤਦਾਨਾਂ ਵਾਸਤੇ ਪੈਨਸ਼ਨ ਹਾਸਲ ਕਰਨਾ ਸਭ ਤੋਂ ਅਹਿਮ ਹੁੰਦਾ ਹੈ। ਉਨਟਾਰੀਓ ਦੇ ਪ੍ਰੀਮੀਅਰ ਨੇ ਚੁਣੌਤੀ ਦਿਤੀ ਕਿ ਜੇ ਜਗਮੀਤ ਸਿੰਘ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਂਦੇ ਹਨ ਤਾਂ ਉਹ ਸਭ ਦੇ ਸਾਹਮਣੇ ਖੜ੍ਹੇ ਹੋ ਕੇ ਲਾਲਚੀ ਸਿਆਸਤਦਾਨਾਂ ਤੋਂ ਮੁਆਫੀ ਮੰਗਣਗੇ।

ਕੋਈ ਲਾਲਚੀ ਦੱਸ ਰਿਹਾ ਤਾਂ ਕੋਈ ਧੋਖੇਬਾਜ਼

ਡਗ ਫੋਰਡ ਨੇ ਅੱਗੇ ਕਿਹਾ ਕਿ ਜਗਮੀਤ ਸਿੰਘ ਅਕਤੂਬਰ 2025 ਤੋਂ ਪਹਿਲਾਂ ਕਿਤੇ ਨਹੀਂ ਜਾਣਗੇ। ਡਗ ਫੋਰਡ ਨੇ ਸ਼ਰਤ ਲਾਉਂਦਿਆਂ ਕਿਹਾ ਕਿ ਜਗਮੀਤ ਸਿੰਘ, ਟਰੂਡੋ ਸਰਕਾਰ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਨਗੇ ਅਤੇ ਪਿਛਲੇ ਕਈ ਸਾਲ ਤੋਂ ਚੱਲ ਰਿਹਾ ਤਮਾਸ਼ਾ ਅੱਗੇ ਵੀ ਜਾਰੀ ਰਹੇਗਾ। ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਇਸ਼ਤਿਹਾਰਾਂ ਵਿਚ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਉਨ੍ਹਾਂ ਨੂੰ ਵਿਕਿਆ ਹੋਇਆ ਸਿੰਘ ਵੀ ਆਖ ਚੁੱਕੇ ਹਨ। ਪੌਇਲੀਐਵ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਆਪਣੀ ਪੈਨਸ਼ਨ ਲੈ ਜਾਣਗੇ ਪਰ ਕੀਮਤ ਲੋਕਾਂ ਨੂੰ ਚੁਕਾਉਣੀ ਪਵੇਗੀ। ਟੋਰੀ ਆਗੂ ਦੀ ਚੁਣੌਤੀ ਕਬੂਲ ਕਰਦਿਆਂ ਜਗਮੀਤ ਸਿੰਘ ਘੱਟ ਗਿਣਤੀ ਲਿਬਰਲ ਸਰਕਾਰ ਨਾਲੋਂ ਤੋੜ ਵਿਛੋੜਾ ਕਰ ਚੁੱਕੇ ਹਨ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਊਸ ਆਫ ਕਾਮਨਜ਼ ਵਿਚ ਬੇਵਿਸਾਹੀ ਮਤਾ ਲਿਆਂਦੇ ਜਾਣ ’ਤੇ ਐਨ.ਡੀ.ਪੀ. ਉਸ ਦੇ ਹੱਕ ਵਿਚ ਭੁਗਤੇਗੀ ਜਾਂ ਵਿਰੋਧ ਵਿਚ। ਦੂਜੇ ਪਾਸੇ ਡਗ ਫੋਰਡ ਵੱਲੋਂ ਫੈਡਰਲ ਚੋਣਾਂ ਦਾ ਜ਼ਿਕਰ ਤਾਂ ਕੀਤਾ ਜਾ ਰਿਹਾ ਹੈ ਪਰ ਸੂਬੇ ਵਿਚ ਸੰਭਾਵਤ ਵਿਧਾਨ ਸਭਾ ਚੋਣਾਂ ਬਾਰੇ ਵਿਸਤਾਰਤ ਜਾਣਕਾਰੀ ਸਾਂਝੀ ਕਰਨ ਤੋਂ ਟਾਲਾ ਵੱਟ ਗਏ। ਪੱਤਰਕਾਰ ਵੱਲੋਂ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੌਜੂਦਾ ਵਰ੍ਹੇ ਦੌਰਾਨ ਚੋਣਾਂ ਨਹੀਂ ਹੋਣਗੀਆਂ ਅਤੇ ਉਨਟਾਰੀਓ ਵਾਸੀਆਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਸਰਕਾਰ ਕੰਮ ਕਰਦੀ ਰਹੇਗੀ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਉਨਟਾਰੀਓ ਵਿਚ ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਆਸਾਰ ਟਲ ਚੁੱਕੇ ਹਨ। ਛੇ ਮਹੀਨੇ ਪਹਿਲਾਂ ਜਿਹੜਾ ਖਤਰਾ ਪੀ.ਸੀ. ਪਾਰਟੀ ਨੂੰ ਮਹਿਸੂਸ ਹੋ ਰਿਹਾ ਸੀ, ਉਹ ਹੁਣ ਟਲਦਾ ਮਹਿਸੂਸ ਹੋ ਰਿਹਾ ਹੈ। ਫੈਡਰਲ ਸਿਆਸਤ ਵਿਚ ਗੈਰਯਕੀਨੀ ਵਾਲਾ ਮਾਹੌਲ ਬਣ ਚੁੱਕਾ ਹੈ ਅਤੇ ਡਗ ਫੋਰਡ ਤੇ ਪਿਅਰੇ ਪੌਇਲੀਐਵ ਆਪੋ ਆਪਣੇ ਖੇਤਰਾਂ ਵਿਚ ਰੁੱਝੇ ਰਹਿਣਗੇ ਜਿਸ ਦੇ ਮੱਦੇਨਜ਼ਰ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਨੌਬਤ ਨਹੀਂ ਆਵੇਗੀ। 

Tags:    

Similar News