ਕੈਨੇਡਾ ਸਿਆਸਤ ਵਿਚ ਨਵਾਂ ਤੂਫਾਨ ਉਠਣ ਦੇ ਸੰਕੇਤ
ਕੁਝ ਦਿਨਾਂ ਦੇ ਟਿਕਾਅ ਮਗਰੋਂ ਕੈਨੇਡੀਅਨ ਸਿਆਸਤ ਵਿਚ ਤੂਫਾਨ ਉਠਦਾ ਮਹਿਸੂਸ ਹੋਇਆ ਜਦੋਂ ਜਸਟਿਨ ਟਰੂਡੋ ਵੱਲੋਂ 9 ਮੰਤਰੀਆਂ ਦੀ ਛੁੱਟੀ ਕੀਤੇ ਜਾਣ ਦੀਆਂ ਕਨਸੋਆਂ ਆਉਣ ਲੱਗੀਆਂ ਪਰ ਦੂਜੇ ਪਾਸੇ ਟਰੂਡੋ ਵਿਰੁੱਧ ਬਗਾਵਤ ਤੇਜ਼ ਹੋਣ;
ਔਟਵਾ : ਕੁਝ ਦਿਨਾਂ ਦੇ ਟਿਕਾਅ ਮਗਰੋਂ ਕੈਨੇਡੀਅਨ ਸਿਆਸਤ ਵਿਚ ਤੂਫਾਨ ਉਠਦਾ ਮਹਿਸੂਸ ਹੋਇਆ ਜਦੋਂ ਜਸਟਿਨ ਟਰੂਡੋ ਵੱਲੋਂ 9 ਮੰਤਰੀਆਂ ਦੀ ਛੁੱਟੀ ਕੀਤੇ ਜਾਣ ਦੀਆਂ ਕਨਸੋਆਂ ਆਉਣ ਲੱਗੀਆਂ ਪਰ ਦੂਜੇ ਪਾਸੇ ਟਰੂਡੋ ਵਿਰੁੱਧ ਬਗਾਵਤ ਤੇਜ਼ ਹੋਣ ਅਤੇ ਬਾਗੀਆਂ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਛੱਡਣ ਲਈ ਮਜਬੂਰ ਕਰਨ ਦੇ ਕਿਆਸੇ ਵੀ ਲਾਏ ਜਾ ਰਹੇ ਹਨ। ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟ ’ਤੇ ਹੋਈ ਹਾਰ ਮਗਰੋਂ ਲਿਬਰਲ ਲੀਡਰਸ਼ਿਪ ਵਿਚ ਤਬਦੀਲੀ ਦਾ ਮਸਲਾ ਰਫ਼ਾ-ਦਫ਼ਾ ਹੋ ਗਿਆ ਪਰ ਇਸ ਵਾਰ ਠੋਸ ਸਿੱਟਾ ਨਿਕਲਣ ਦੇ ਆਸਾਰ ਨਜ਼ਰ ਆ ਰਹੇ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਗਲੀਆਂ ਚੋਣਾਂ ਵਿਚ ਲਿਬਰਲ ਪਾਰਟੀ ਦੀ ਅਗਵਾਈ ਕੌਣ ਕਰੇਗਾ।
9 ਮੰਤਰੀਆਂ ਦੀ ਛੁੱਟੀ ਕਰ ਸਕਦੇ ਨੇ ਜਸਟਿਨ ਟਰੂਡੋ
ਲਿਬਰਲ ਪਾਰਟੀ ਨੂੰ ਇਨ੍ਹਾਂ ਗੱਲਾਂ ਤੋਂ ਬਾਹਰ ਆਉਂਦਿਆਂ ਆਪਣੀ ਕਾਰਗੁਜ਼ਾਰੀ ਸੁਧਾਰਨ ’ਤੇ ਜ਼ੋਰ ਹੋਣਾ ਚਾਹੀਦਾ ਹੈ। ਇਕ ਤਾਜ਼ਾ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਰੂਡੋ ਮੰਤਰੀ ਮੰਡਲ ਵਿਚ ਨਵੇਂ ਚਿਹਰੇ ਸ਼ਾਮਲ ਕਰ ਕੇ ਲਿਬਰਲ ਪਾਰਟੀ ਦੀ ਮਕਬੂਲੀਅਤ ਨੂੰ ਲੱਗ ਰਿਹਾ ਖੋਰਾ ਕਿਸੇ ਹੱਦ ਤੱਕ ਰੋਕਿਆ ਜਾ ਸਕਦਾ ਹੈ ਅਤੇ ਸੰਭਾਵਤ ਤੌਰ ’ਤੇ ਇਸ ਕਰ ਕੇ 9 ਮੰਤਰੀਆਂ ਦੀ ਛੁੱਟੀ ਹੋਣ ਦੇ ਚਰਚੇ ਚੱਲ ਰਹੇ ਹਨ। ਟੋਰਾਂਟੋ-ਸੇਂਟ ਪੌਲ ਸੀਟ ’ਤੇ ਲਿਬਰਲ ਪਾਰਟੀ ਦੀ ਹਾਰ ਮਗਰੋਂ ਵਾਪਰੇ ਘਟਨਾਕ੍ਰਮ ’ਤੇ ਝਾਤ ਮਾਰੀ ਜਾਵੇ ਤਾਂ ਇਕ ਵੇਲੇ ਟਰੂਡੋ ਦੀ ਕੁਰਸੀ ਖਤਰੇ ਵਿਚ ਨਜ਼ਰ ਆਈ ਜਦਕਿ ਕੁਝ ਦਿਨ ਬਾਅਦ ਕ੍ਰਿਸਟੀਆ ਫਰੀਲੈਂਡ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿਚਾਲੇ ਖਹਿਬਾਜ਼ੀ ਦਾ ਮਾਮਲਾ ਸੁਰਖੀਆਂ ਵਿਚ ਆ ਗਿਆ।
ਪ੍ਰਧਾਨ ਮੰਤਰੀ ਵਿਰੁੱਧ ਬਾਗਤ ਤੇਜ਼ ਹੋਣ ਦਾ ਵੀ ਖਦਸ਼ਾ
ਬਤੌਰ ਵਿੱਤ ਮੰਤਰੀ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਸਰਕਾਰ ਵਿਚ ਸ਼ਾਮਲ ਹੋਣ ਬਾਰੇ ਘੁਸਰ ਮੁਸਰ ਹੋਣ ਲੱਗੀ। ਇਥੋਂ ਤੱਕ ਰਿਪੋਰਟਾਂ ਆਉਣ ਲੱਗੀਆਂ ਕਿ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਲਿਬਰਲ ਪਾਰਟੀ ਦੇ ਕਈ ਐਮ.ਪੀਜ਼ ਦੀਆਂ ਅੱਖਾਂ ਵਿਚ ਰੜਕਣ ਲੱਗੀ ਹੈ ਅਤੇ ਉਹ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਹਾਊਸ ਆਫ ਕਾਮਨਜ਼ ਦੇ ਇਜਲਾਸ ਤੋਂ ਪਹਿਲਾਂ ਟਰੂਡੋ ਕੈਬਨਿਟ ਵਿਚ ਵੱਡੀ ਰੱਦੋ-ਬਦਲ ਚਾਹੁੰਦੇ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸਾਹਮਣੇ ਆਈ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਲਿਬਰਲ ਸਰਕਾਰ ਦੇ ਸੀਨੀਅਰ ਸਲਾਹਕਾਰ ਬਤੌਰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ। ਇਸ ਦੇ ਉਲਟ ਲਿਬਰਲ ਪਾਰਟੀ ਦੇ ਕੁਝ ਸਾਬਕਾ ਅਤੇ ਮੌਜੂਦਾ ਐਮ.ਪੀਜ਼ ਨੇ ਟਰੂਡੋ ਦਾ ਅਸਤੀਫਾ ਵੀ ਮੰਗਿਆ ਪਰ ਜ਼ਿਆਦਾਤਰ ਮੰਤਰੀ ਅਤੇ ਐਮ.ਪੀ. ਉਨ੍ਹਾਂ ਦੇ ਹੱਕ ਵਿਚ ਰਹੇ। ਦੂਜੇ ਪਾਸੇ 16 ਸਤੰਬਰ ਨੂੰ ਕਿਊਬੈਕ ਦੇ ਲਾਸਾਲ ਇਲਾਕੇ ਦੀ ਪਾਰਲੀਮਾਨੀ ਸੀਟ ’ਤੇ ਜ਼ਿਮਨੀ ਚੋਣ ਵੀ ਹੋਣੀ ਹੈ ਅਤੇ ਜੇ ਇਥੇ ਵੀ ਲਿਬਰਲ ਪਾਰਟੀ ਦੀ ਹਾਰ ਹੋਈ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਯਕੀਨੀ ਤੌਰ ’ਤੇ ਖਤਰੇ ਵਿਚ ਪੈ ਜਾਵੇਗੀ।