ਈਟੋਬੀਕੋ ਦੇ ਹਾਈ ਸਕੂਲ ਵਿਚ ਚੱਲੀਆਂ ਗੋਲੀਆਂ
ਈਟੋਬੀਕੋ ਦੇ ਇਕ ਹਾਈ ਸਕੂਲ ਵਿਚ ਮੰਗਲਵਾਰ ਬਾਅਦ ਦੁਪਹਿਰ ਗੋਲੀਆਂ ਚੱਲਣ ਮਗਰੋਂ ਹਫੜਾ-ਦਫੜੀ ਮਚ ਗਈ।;
ਟੋਰਾਂਟੋ : ਈਟੋਬੀਕੋ ਦੇ ਇਕ ਹਾਈ ਸਕੂਲ ਵਿਚ ਮੰਗਲਵਾਰ ਬਾਅਦ ਦੁਪਹਿਰ ਗੋਲੀਆਂ ਚੱਲਣ ਮਗਰੋਂ ਹਫੜਾ-ਦਫੜੀ ਮਚ ਗਈ। ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਟੋਰਾਂਟੋ ਪੁਲਿਸ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਕਾਰਜਕਾਰੀ ਇੰਸਪੈਕਟਰ ਸਲੀਮ ਹੁਸੈਨ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ 291 ਮਿਲ ਰੋਡ ’ਤੇ ਸਥਿਤ ਸਿਲਵਰਥੌਰਨ ਕਾਲਜੀਏਟ ਇੰਸਟੀਚਿਊਟ ਵਿਚ ਵਾਪਰੀ ਅਤੇ ਬਾਅਦ ਦੁਪਹਿਰ ਤਕਰੀਬਨ 4 ਵਜੇ ਪੁਲਿਸ ਨੂੰ ਸੱਦਿਆ ਗਿਆ।
2 ਸ਼ੱਕੀਆਂ ਦੀ ਭਾਲ ਕਰ ਰਹੀ ਪੁਲਿਸ
ਉਸ ਵੇਲੇ ਤੱਕ ਕਲਾਸਾਂ ਖ਼ਤਮ ਹੋ ਚੁੱਕੀਆਂ ਸਨ। ਦੋ ਨਕਾਬਪੋਸ਼ ਸ਼ੱਕੀ ਇਲਾਕੇ ਵਿਚੋਂ ਫਰਾਰ ਹੋ ਗਏ ਅਤੇ ਗੋਲੀਬਾਰੀ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਵਾਰਦਾਤ ਵੇਲੇ ਸਕੂਲ ਅੰਦਰ ਤਕਰੀਬਨ 120 ਜਣੇ ਮੌਜੂਦ ਸਨ ਜਿਨ੍ਹਾਂ ਵਿਚੋਂ 60 ਬਾਸਕਟਬਾਲ ਦੀ ਖੇਡ ਨਾਲ ਸਬੰਧਤ ਸਨ ਜਦਕਿ 60 ਓਪਨ ਹਾਊਸ ਦੀ ਤਿਆਰੀ ਵਿਚ ਰੁੱਝੇ ਹੋਏ ਸਨ। ਲੌਕਡਾਊਨ ਖੋਲ੍ਹਣ ਮਗਰੋਂ ਬਾਹਰ ਜਾ ਰਹੇ ਹਰ ਵਿਦਿਆਰਥੀ ਅਤੇ ਸਟਾਫ਼ ਮੈਂਬਰ ਦੀ ਸੁਰੱਖਿਆ ਯਕੀਨੀ ਬਣਾਈ ਗਈ।
ਪੁਲਿਸ ਨੇ ਚੁਫੇਰਿਉਂ ਘੇਰਿਆ ਸਿਲਵਰਥੌਰਨ ਕਾਲਜੀਏਟ ਇੰਸਟੀਚਿਊਟ
ਸਲੀਮ ਹੁਸੈਨ ਮੁਤਾਬਕ ਬੁੱਧਵਾਰ ਨੂੰ ਸਕੂਲ ਵਿਚ ਟੋਰਾਂਟੋ ਪੁਲਿਸ ਦੀ ਕੇਰਿੰਗ ਐਂਡ ਸੇਫ ਸਕੂਲ ਕਮੇਟੀ ਵੀ ਪੁੱਜੇਗੀ ਅਤੇ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦੇ ਗੰਨਜ਼ ਐਂਡ ਗੈਂਗਜ਼ ਟੀਮ ਵੱਲੋਂ ਪੜਤਾਲ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ ਅਤੇ ਮਾਮਲੇ ਨੂੰ ਬੇਹੱਦ ਗੰਭੀਰ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਦੇ ਡੈਸ਼ਕੈਮ ਵਿਚ ਕੋਈ ਵੀਡੀਓ ਰਿਕਾਰਡ ਹੋਈ ਹੋਵੇ ਤਾਂ 416 808 200 ’ਤੇ ਕਾਲ ਕਰਦਿਆਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ।