ਟੋਰਾਂਟੋ ਵਿਖੇ 8 ਥਾਵਾਂ ’ਤੇ ਚੱਲੀਆਂ ਗੋਲੀਆਂ
ਟੋਰਾਂਟੋ ਸ਼ਹਿਰ ਵਿਚ ਅੱਠ ਥਾਵਾਂ ’ਤੇ ਗੋਲੀਬਾਰੀ ਹੋਣ ਦੀ ਰਿਪੋਰਟ ਹੈ ਅਤੇ ਪੁਲਿਸ ਦੀ ਟੋਅ ਟਰੱਕ ਟਾਸਕ ਫੋਰਸ ਮਾਮਲੇ ਦੀ ਪੜਤਾਲ ਕਰ ਰਹੀ ਹੈ।;
ਟੋਰਾਂਟੋ : ਟੋਰਾਂਟੋ ਸ਼ਹਿਰ ਵਿਚ ਅੱਠ ਥਾਵਾਂ ’ਤੇ ਗੋਲੀਬਾਰੀ ਹੋਣ ਦੀ ਰਿਪੋਰਟ ਹੈ ਅਤੇ ਪੁਲਿਸ ਦੀ ਟੋਅ ਟਰੱਕ ਟਾਸਕ ਫੋਰਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਐਤਵਾਰ ਨੂੰ ਜਾਰੀ ਬਿਆਨ ਮੁਤਾਬਕ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ ਸ਼ਨਿੱਚਰਵਾਰ ਵੱਡੇ ਤੜਕੇ ਤਕਰੀਬਨ 2 ਵਜੇ ਵਾਪਰੀ ਜਦਕਿ ਆਖਰੀ ਐਤਵਾਰ ਸ਼ਾਮ 7.45 ਵਜੇ ਸਾਹਮਣੇ ਆਈ। ਪੁਲਿਸ ਵੱਲੋਂ ਗੋਲੀਬਾਰੀ ਦੀਆਂ ਵਾਰਦਾਤਾਂ ਦੀ ਅਸਲ ਲੋਕੇਸ਼ਨ ਜਾਰੀ ਨਹੀਂ ਕੀਤੀ ਗਈ ਅਤੇ ਸਿਰਫ ਐਨਾ ਦੱਸਿਆ ਕਿ ਸਾਰੀਆਂ ਘਟਨਾਵਾਂ ਟੋਰਾਂਟੋ ਪੁਲਿਸ ਦੀ 41 ਅਤੇ 42 ਡਵੀਜ਼ਨ ਦੇ ਘੇਰੇ ਵਿਚ ਵਾਪਰੀਆਂ।
ਟੋਅ ਟਰੱਕ ਇੰਡਸਟਰੀ ਨਾਲ ਸਬੰਧਤ ਮਾਮਲਾ ਹੋਣ ਦੀ ਸੰਭਾਵਨਾ
ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਵਿਕਟੋਰੀਆ ਪਾਰਕ ਐਵੇਨਿਊ ਦੇ ਪੱਛਮ ਵੱਲ, ਸਟੀਲਜ਼ ਐਵੇਨਿਊ ਈਸਟ, ਰੂਜ਼ ਨੈਸ਼ਨਲ ਅਰਬਨ ਪਾਰਕ ਨੇੜੇ, ਹਾਈਵੇਅ 401 ਦੇ ਉਤਰ ਵੱਲ, ਬ੍ਰਿਮਲੀ ਰੋਡ ਦੇ ਪੱਛਮ ਵੱਲ ਅਤੇ ਲੇਕ ਉਨਟਾਰੀਓ ਦੇ ਉਤਰ ਵੱਲ ਗੋਲੀਆਂ ਚੱਲੀਆਂ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸਾਰੀਆਂ ਵਾਰਦਾਤਾਂ ਦੌਰਾਨ ਨਵੀਂ ਨਕੋਰ ਪਰ ਚੋਰੀ ਕੀਤੀ ਗੂੜ੍ਹੇ ਰੰਗ ਦੀ ਹੌਂਡਾ ਸੀ.ਆਰ.ਵੀ. ਦੀ ਵਰਤੋਂ ਕੀਤੀ ਗਈ। ਗੱਡੀ ਦੀ ਪਿਛਲੀ ਸੀਟ ’ਤੇ ਬੈਠੇ ਸ਼ੱਕੀ ਵੱਲੋਂ ਜ਼ਿਆਦਾਤਰ ਮੌਕਿਆਂ ’ਤੇ ਗੋਲੀਆਂ ਚਲਾਈਆਂ ਗਈਆਂ। ਅੱਠ ਵਾਰਦਾਤਾਂ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਕਈ ਗੱਡੀਆਂ, ਘਰ ਅਤੇ ਕਾਰੋਬਾਰੀ ਅਦਾਰੇ ਨਿਸ਼ਾਨਾ ਬਣੇ।
ਉਨਟਾਰੀਓ ਵਿਚ ਅੱਜ ਤੋਂ ਲਾਗੂ ਹੋ ਰਹੇ ਟੋਅ ਟਰੱਕਾਂ ਬਾਰੇ ਨਵੇਂ ਨਿਯਮ
ਪੁਲਿਸ ਵੱਲੋਂ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀ ਇਹ ਵਾਰਦਾਤਾਂ ਟੋਅ ਟਰੱਕ ਇੰਡਸਟਰੀ ਨਾਲ ਸਬੰਧਤ ਸਨ। ਫਿਰ ਵੀ ਟੋਅ ਟਰੱਕ ਦੇ ਕਾਰੋਬਾਰ ਵਿਚ ਲੱਗੇ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ ਅਤੇ ਕੋਈ ਵੀ ਸ਼ੱਕੀ ਸਰਗਰਮੀ ਨਜ਼ਰ ਆਉਣ ’ਤੇ 911 ’ਤੇ ਕਾਲ ਕਰਨ ਦੀ ਹਦਾਇਤ ਦਿਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਟੋਰਾਂਟੋ ਪੁਲਿਸ ਵੱਲੋਂ ਟੋਅ ਟਰੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਉਨਟਾਰੀਓ ਵਿਚ ਟੋਅ ਟਰੱਕ ਇੰਡਸਟਰੀ ਨਾਲ ਸਬੰਧਤ ਨਵੇਂ ਨਿਯਮ ਅੱਜ ਤੋਂ ਲਾਗੂ ਹੋ ਰਹੇ ਹਨ ਜਿਨ੍ਹਾਂ ਤਹਿਤ ਸਾਰੇ ਡਰਾਈਵਰਾਂ ਅਤੇ ਗੱਡੀਆਂ ਖੜ੍ਹਾਉਣ ਵਾਲਿਆਂ ਨੂੰ ਸੂਬਾ ਸਰਕਾਰ ਤੋਂ ਤਸਦੀਕ ਕਰਵਾਉਣੀ ਹੋਵੇਗੀ।