Canada ’ਚ ਵੱਖ ਵੱਖ ਥਾਵਾਂ ’ਤੇ Shooting, 3 ਹਲਾਕ

ਕੈਨੇਡਾ ਵਿਚ ਗੋਲੀਬਾਰੀ ਦੀਆਂ ਵੱਖ-ਵੱਖ ਵਾਰਦਾਤਾਂ ਦੌਰਾਨ ਘੱਟੋ ਘੱਟ 3 ਜਣਿਆਂ ਦੀ ਮੌਤ ਹੋ ਗਈ ਅਤੇ 1 ਹੋਰ ਜ਼ਖਮੀ ਦੱਸਿਆ ਜਾ ਰਿਹਾ ਹੈ

Update: 2026-01-05 14:06 GMT

ਟੋਰਾਂਟੋ : ਕੈਨੇਡਾ ਵਿਚ ਗੋਲੀਬਾਰੀ ਦੀਆਂ ਵੱਖ-ਵੱਖ ਵਾਰਦਾਤਾਂ ਦੌਰਾਨ ਘੱਟੋ ਘੱਟ 3 ਜਣਿਆਂ ਦੀ ਮੌਤ ਹੋ ਗਈ ਅਤੇ 1 ਹੋਰ ਜ਼ਖਮੀ ਦੱਸਿਆ ਜਾ ਰਿਹਾ ਹੈ। ਤਾਜ਼ਾ ਵਾਰਦਾਤ ਨੌਰਥ ਯਾਰਕ ਵਿਖੇ ਐਤਵਾਰ ਸ਼ਾਮ ਤਕਰੀਬਨ 7 ਵਜੇ ਸਾਹਮਣੇ ਆਈ ਜਦੋਂ ਯਾਰਕਡੇਲ ਦੇ ਗੋ ਬੱਸ ਟਰਮੀਨਲ ’ਤੇ ਖੜ੍ਹੀ ਬੱਸ ਵਿਚ ਗੋਲੀਆਂ ਚੱਲ ਗਈਆਂ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਕੁਝ ਪਲਾਂ ਮਗਰੋਂ ਮ੍ਰਿਤਕ ਕਰਾਰ ਦੇ ਦਿਤਾ ਗਿਆ। ਪੈਰਾਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸੇ ਜ਼ਖਮੀ ਨੂੰ ਹਸਪਤਾਲ ਦਾਖ਼ਲ ਨਹੀਂ ਕਰਵਾਇਆ ਗਿਆ। ਹੌਮੀਸਾਈਡ ਯੂਨਿਟ ਦੇ ਡਿਟੈਕਟਿਵ ਸਾਰਜੈਂਟ ਜੇਸਨ ਡੇਵਿਸ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਸ਼ੱਕੀ ਨੂੰ ਜਲਦ ਹੀ ਇਕ ਸਬਵੇਅ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਵਾਰਦਾਤ ਦੌਰਾਨ ਵਰਤਿਆ ਹਥਿਆਰ ਵੀ ਜ਼ਬਤ ਹੋ ਗਿਆ।

ਨੌਰਥ ਯਾਰਕ ਵਿਖੇ ਬੱਸ ਵਿਚ ਚੱਲੀਆਂ ਗੋਲੀਆਂ

ਫ਼ਿਲਹਾਲ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਵਾਰਦਾਤ ਦੇ ਮੱਦੇਨਜ਼ਰ ਵਿਲਸਨ ਸਟੇਸ਼ਨ ਤੋਂ ਲਾਰੈਂਸ ਵੈਸਟ ਸਟੇਸ਼ਨਾਂ ਦਰਮਿਆਨ ਆਵਾਜਾਈ ਤਿੰਨ ਘੰਟੇ ਠੱਪ ਰਹੀ। ਦੂਜੇ ਪਾਸੇ ਉਨਟਾਰੀਓ ਦੇ ਕੌਰਨਵਾਲ ਇਲਾਕੇ ਵਿਚ ਗੋਲੀਬਾਰੀ ਦੌਰਾਨ ਦੋ ਜਣੇ ਦਮ ਤੋੜ ਗਏ ਅਤੇ ਇਕ ਹੋਰ ਗੰਭੀਰ ਜ਼ਖਮੀ ਹੋਣ ਦੀ ਰਿਪੋਰਟ ਹੈ। ਕੌਰਨਵਾਲ ਪੁਲਿਸ ਨੇ ਦੱਸਿਆ ਕਿ ਲੀਚ ਡਰਾਈਵ ’ਤੇ ਵਾਪਰੀ ਵਾਰਦਾਤ ਵਿਚ ਸ਼ਾਮਲ ਤਿੰਨ ਜਣੇ ਇਕ-ਦੂਜੇ ਨੂੰ ਜਾਣਦੇ ਸਨ। ਪੈਰਾਮੈਡਿਕਸ ਵੱਲੋਂ 2 ਜਣਿਆਂ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਤੀਜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਫ਼ਿਲਹਾਲ ਜਿਊਂਦੇ ਬਚੇ ਸ਼ਖਸ ਵਿਰੁੱਘ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਅਤੇ ਐਤਵਾਰ ਬਾਅਦ ਦੁਪਹਿਰ ਤੱਕ ਕੌਰਨਵਾਲ ਪੁਲਿਸ ਦੇ ਅਫ਼ਸਰ ਮੌਕਾ ਏ ਵਾਰਦਾਤ ’ਤੇ ਪੜਤਾਲ ਕਰ ਰਹੇ ਸਨ।

Tags:    

Similar News