Canada ਵਿਚ ਦਿਨ-ਦਿਹਾੜੇ ਲੁੱਟਿਆ Indian ਪਰਵਾਰ

ਕੈਨੇਡਾ ਵਿਚ ਭਾਰਤੀ ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਡੀਲਰਸ਼ਿਪ ਤੋਂ ਖਰੀਦਿਆ ਨਵਾਂ ਪਿਕਅੱਪ ਟਰੱਕ ਚੋਰੀਸ਼ੁਦਾ ਨਿਕਲਿਆ

Update: 2026-03-13 12:32 GMT

ਐਡਮਿੰਟਨ : ਕੈਨੇਡਾ ਵਿਚ ਭਾਰਤੀ ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਡੀਲਰਸ਼ਿਪ ਤੋਂ ਖਰੀਦਿਆ ਨਵਾਂ ਪਿਕਅੱਪ ਟਰੱਕ ਚੋਰੀਸ਼ੁਦਾ ਨਿਕਲਿਆ। ਜੀ ਹਾਂ, ਭਾਰਤੀ ਪਰਵਾਰ ਇਸ ਘਟਨਾ ਨੂੰ ਦਿਨ-ਦਿਹਾੜੇ ਲੁੱਟ ਦੱਸ ਰਿਹਾ ਹੈ ਕਿਉਂਕਿ ਚੋਰੀਸ਼ੁਦਾ ਟਰੱਕ ਆਰ.ਸੀ.ਐਮ.ਪੀ. ਵਾਲੇ ਲੈ ਗਏ ਅਤੇ 40 ਹਜ਼ਾਰ ਡਾਲਰ ਡੀਲਰਸ਼ਿਪ ਵਾਲਿਆਂ ਨੇ ਜੇਬ ਵਿਚ ਪਾ ਲਏ ਪਰ ਆਸ਼ੂਤੋਸ਼ ਪਾਠਕ ਅਤੇ ਉਸ ਦੇ ਭਰਾ ਕੋਲ ਹੁਣ ਨਾ ਟਰੱਕ ਹੈ ਅਤੇ ਨਾ ਹੀ ਰਕਮ। ਆਸ਼ੂਤੋਸ਼ ਪਾਠਕ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਪਰਵਾਰਕ ਜ਼ਰੂਰਤਾਂ ਦੇ ਮੱਦੇਨਜ਼ਰ ਵੱਡੀ ਗੱਡੀ ਖਰੀਦਣ ਦਾ ਫੈਸਲਾ ਲਿਆ ਅਤੇ ਐਲਬਰਟਾ ਸੂਬੇ ਦੇ ਪਨੋਕਾ ਸੂਬੇ ਦੀ ਸਮਿਟ ਰੈਮ ਡੀਲਰਸ਼ਿਪ ਵਿਚ ਪਿਕਅੱਪ ਟਰੱਕ ਪਸੰਦ ਆ ਗਿਆ। ਅਕਤੂਬਰ 2025 ਵਿਚ ਟਰੱਕ ਖਰੀਦਿਆ ਅਤੇ ਨਵੰਬਰ ਵਿਚ ਆਰ.ਸੀ.ਐਮ.ਪੀ. ਵਾਲਿਆਂ ਨੇ ਜ਼ਬਤ ਕਰ ਲਿਆ। ਭਾਰਤੀ ਪਰਵਾਰ ਸਿਰਫ਼ ਡੇਢ ਮਹੀਨਾ ਹੀ ਨਵੀਂ ਗੱਡੀ ਦੇ ਹੂਟੇ ਲੈ ਸਕਿਆ।

ਡੀਲਰਸ਼ਿਪ ਤੋਂ ਖਰੀਦਿਆ ਪਿਕਅੱਪ ਟਰੱਕ ਨਿਕਲਿਆ ਚੋਰੀਸ਼ੁਦਾ

ਆਸ਼ੂਤੋਸ਼ ਪਾਠਕ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾ ਦੀ ਮਦਦ ਨਾਲ ਕਿਸੇ ਤਰੀਕੇ 40 ਹਜ਼ਾਰ ਡਾਲਰ ਦਾ ਪ੍ਰਬੰਧ ਕੀਤਾ ਅਤੇ ਕਾਇਜ਼ਨ ਆਟੋ ਗਰੁੱਪ ਦੀ ਡੀਲਰਸ਼ਿਪ ਨਾਲ ਸੌਦਾ ਪੱਕਾ ਹੋ ਗਿਆ। ਉਧਰ ਡੀਲਰਸ਼ਿਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਕਅੱਪ ਟਰੱਕ ਚੋਰੀਸ਼ੁਦਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ। ਐਲਬਰਟਾ ਮੋਟਰ ਵ੍ਹੀਕਲ ਇੰਡਸਟਰੀ ਕੌਂਸਲ ਵੱਲੋਂ ਕੀਤੀ ਪੜਤਾਲ ਦੌਰਾਨ ਸਾਬਤ ਹੋ ਗਿਆ ਕਿ ਡੀਲਰਸ਼ਿਪ ਨੂੰ ਪਿਕਅੱਪ ਚੋਰੀਸ਼ੁਦਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਡੀਲਰਸ਼ਿਪ ਵਾਲੇ ਰਕਮ ਵਾਪਸ ਕਰਨ ਨੂੰ ਤਿਆਰ ਨਹੀਂ ਅਤੇ ਆਸ਼ੂਤੋਸ਼ ਨੂੰ ਬੀਮਾ ਕੰਪਨੀ ਕੋਲ ਜਾਣ ਵਾਸਤੇ ਆਖਿਆ ਗਿਆ ਪਰ ਬੀਮਾ ਕੰਪਨੀ ਨੇ ਸਾਫ਼ ਕਹਿ ਦਿਤਾ ਕਿ ਟਰੱਕ ਪਾਠਕ ਦੇ ਘਰੋਂ ਚੋਰੀ ਨਹੀਂ ਹੋਇਆ। ਘੁੰਮਣ ਘੇਰੀ ਵਿਚ ਫਸੇ ਆਸ਼ੂਤੋਸ਼ ਪਾਠਕ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਕਾਰਵਾਈ ਕਰ ਸਕਦੇ ਹਨ ਪਰ ਇਹ ਮਹਿੰਗੀ ਬਹੁਤ ਹੈ। ਉਧਰ ਐਲਬਰਟਾ ਦੀ ਲਾਅ ਐਨਫ਼ੋਰਸਮੈਂਟ ਰਿਸਪੌਂਸ ਟੀਮ ਦੀ ਆਟੋ ਥੈਫ਼ਟ ਇਕਾਈ ਨੇ ਮੰਨਿਆ ਕਿ ਸਿਰਫ਼ ਪੁਰਾਣੀਆਂ ਗੱਡੀਆਂ ਨਹੀਂ ਸਗੋਂ ਨਵੀਆਂ ਗੱਡੀਆਂ ਦੇ ਵ੍ਹੀਕਲ ਆਇਡੈਂਟੀਫ਼ੀਕੇਸ਼ਨ ਨੰਬਰਾਂ ਨਾਲ ਛੇੜ-ਛਾੜ ਕੀਤਾ ਜਾ ਸਕਦੀ ਹੈ।

ਟਰੱਕ ਪੁਲਿਸ ਲੈ ਗਈ ਅਤੇ ਰਕਮ ਡੀਲਰਸ਼ਿਪ ਵਾਲੇ

ਸਾਰਜੈਂਟ ਬਰੈਂਡਨ ਕਰੌਜ਼ੀਅਰ ਨੇ ਦੱਸਿਆ ਕਿ ਡੀਲਰਸ਼ਿਪ ਵਾਸਤੇ ਅਜਿਹੀਆਂ ਚੀਜ਼ਾਂ ਦੀ ਪਛਾਣ ਕਰਨੀ ਸੌਖੀ ਨਹੀਂ ਕਿਉਂਕਿ ਗੱਡੀਆਂ ਚੋਰੀ ਕਰ ਕੇ ਵੇਚਣ ਵਾਲੇ ਵੀ ਘੱਟ ਸ਼ਾਤਰ ਨਹੀਂ ਹੁੰਦੇ। ਪਰ ਭੁਗਤਣਾ ਉਨ੍ਹਾਂ ਪਰਵਾਰਾਂ ਨੂੰ ਪੈਂਦਾ ਹੈ ਜੋ ਚੋਰੀਸ਼ੁਦਾ ਗੱਡੀ ਖਰੀਦ ਕੇ ਫਸ ਜਾਂਦੇ ਹਨ। ਗਾਹਕ ਸਿਰਫ਼ ਇਸੇ ਕਰ ਕੇ ਡੀਲਰਸ਼ਿਪ ਕੋਲ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਕੋਈ ਧੋਖਾ ਨਹੀਂ ਹੋਵੇਗਾ। ਇਸੇ ਦੌਰਾਨ ਐਲਬਰਟਾ ਵਿਚ ਸੇਵਾਵਾਂ ਬਾਰੇ ਮੰਤਰੀ ਡੇਲ ਨੈਲੀ ਨੇ ਹਾਲਾਤ ਨੂੰ ਨਾਕਾਬਿਲ ਏ ਬਰਦਾਸ਼ਤ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਜਦੋਂ ਲੋਕ ਕਿਸੇ ਲਾਇਸੰਸਸ਼ੁਦਾ ਡੀਲਰਸ਼ਿਪ ਤੋਂ ਗੱਡੀ ਖਰੀਦਣ ਤਾਂ ਇਹ ਕਾਨੂੰਨੀ ਤੌਰ ’ਤੇ ਉਨ੍ਹਾਂ ਦੀ ਮਾਲਕੀ ਹੇਠ ਹੋਣੀ ਚਾਹੀਦੀ ਹੈ। ਡੀਲਰਸ਼ਿਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਪਹਿਲੂ ਦੀ ਡੂੰਘਾਈ ਨਾਲ ਘੋਖ ਕਰਨ। ਦੱਸ ਦੇਈਏ ਕਿ ਆਸ਼ੂਤੋਸ਼ ਪਾਠਕ ਦੇ ਪਿਕਅੱਪ ਟਰੱਕ ਮਾਮਲੇ ਵਿਚ ਆਰ.ਸੀ.ਐਮ.ਪੀ.ਵੱਲੋਂ 49 ਸਾਲਾ ਤਾਨਯਾ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ ਅਤੇ ਅਦਾਲਤ ਵਿਚ ਉਸ ਦੀ ਅਗਲੀ ਪੇਸ਼ੀ ਅਗਸਤ 2026 ਵਿਚ ਹੋਵੇਗੀ। ਖਰੀਦਾਰਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਉਹ ਕਾਰਫੈਕਸ ਅਤੇ ਕਾਰ ਪਰੂਫ਼ ਦਾ ਖਾਸ ਖਿਆਲ ਰੱਖਣ। ਇਨ੍ਹਾਂ ਤਰੀਕਿਆਂ ਨਾਲ ਸ਼ੱਕੀਆਂ ਗੱਡੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ।

Tags:    

Similar News